ਵਿਆਹ ਸਮਾਗਮ ''ਚ ਸ਼ਾਮਲ ਹੋਣ ਗਏ ਪਰਿਵਾਰ ਦੇ ਘਰ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ

01/24/2020 5:39:05 PM

ਜਲਾਲਾਬਾਦ (ਟਿੰਕੂ ਨਿਖੰਜ, ਜਤਿੰਦਰ ) - ਜਲਾਲਾਬਾਦ ਦੀ ਬਸਤੀ ਭਗਵਾਨਪੁਰਾ ਦਾ ਇਕ ਪਰਿਵਾਰ ਜਦੋਂ ਵਿਆਹ ਸਮਾਗਮ 'ਚ ਸ਼ਾਮਲ ਹੋਣ ਮਗਰੋਂ ਘਰ ਪੁੱਜਾ ਤਾਂ ਘਰ ਦੇ ਹਲਾਤ ਦੇਖ ਉਨ੍ਹਾਂ ਦੇ ਪੈਰਾਂ ਹੇਠੋ ਜ਼ਮੀਨ ਖਿਸਕ ਗਈ। ਪਰਿਵਾਰ ਨੇ ਜਦੋਂ ਘਰ ਦੇ ਕਮਰੇ ਅੰਦਰ ਪਈ ਅਲਮਾਰੀ ਨੂੰ ਦੇਖਿਆ ਤਾਂ ਉਸ 'ਚੋਂ ਸੋਨੇ ਦੇ ਗਹਿਣੀਆਂ ਸਣੇ 25 ਹਜ਼ਾਰ ਰੁਪਏ ਦੀ ਨਗਦੀ ਗਾਇਬ ਸੀ, ਜਿਸ ਦੀ ਸੂਚਨਾ ਉਨ੍ਹਾਂ ਸਬੰਧਤ ਥਾਣਾ ਸਿਟੀ ਜਲਾਲਾਬਾਦ ਦੀ ਪੁਲਸ ਨੂੰ ਦਿੱਤੀ। 

ਘਰ ਦੇ ਮਾਲਕ ਰਾਜ ਕੁਮਾਰ ਪੁੱਤਰ ਮਦਨ ਲਾਲ ਨੇ ਦੱਸਿਆ ਕਿ ਉਹ ਆਪਣੀ ਪਤਨੀ ਤੇ ਬੱਚਿਆਂ ਨਾਲ ਭਤੀਜੇ ਦੇ ਵਿਆਹ 'ਚ ਸ਼ਾਮਲ ਹੋਣ ਲਈ ਬੀਤੀ 17 ਜਨਵਰੀ ਨੂੰ ਬਠਿੰਡਾ ਵਿਖੇ ਗਿਆ ਸੀ। ਜਦੋਂ ਉਹ 22 ਜਨਵਰੀ ਨੂੰ ਘਰ ਵਾਪਸ ਆਏ ਤਾਂ ਘਰ ਦੇ ਮੇਨ ਗੇਟ ਨੂੰ ਲੱਗਿਆ ਤਾਲਾ ਖੋਲ੍ਹਿਆ ਤਾਂ ਦੇਖਿਆ ਕਿ ਕਮਰੇ ਦੇ ਅੰਦਰ ਪਏ ਬਾਕਸ ਬੈਂਡ ਦਾ ਸਾਰਾ ਸਮਾਨ ਖਿਲਰਿਆ ਹੋਇਆ ਸੀ। ਅਲਮਾਰੀ ਦੇ ਲਾਕਰ ਟੁੱਟੇ ਪਏ ਸਨ ਅਤੇ ਅਲਮਾਰੀ 'ਚ ਪਈਆਂ 2 ਲੇਡੀ ਮੁੰਦਰੀਆਂ, 1 ਜੈਂਟਸ ਮੁੰਦਰੀ, 1 ਲੇਡੀ ਸੋਨੇ ਦੀ ਚੇਨ, 1 ਮੰਗਲ ਸੂਤਰ, 2 ਜੋੜੇ ਕੰਨਾਂ ਦੇ ਝੂਮਕੇ, 3 ਜੋੜੇ ਪੰਜੇਬਾਂ ਚਾਂਦੀ ਦੀਆਂ ਤੇ ਬੱਚਿਆਂ ਦੇ ਚਾਂਦੀ ਕੰਗਨਾਂ ਤੋਂ ਇਲਾਵਾ 25 ਹਜ਼ਾਰ ਰੁਪਏ ਦੀ ਨਗਦੀ ਗਾਇਬ ਸੀ। ਉਸ ਨੇ ਇਹ ਨਗਦੀ ਲੌਨ ਕਰਵਾ ਕੇ ਕਿਸੇ ਨਿੱਜੀ ਕੰਮ ਲਈ ਕਢਵਾਈ ਸੀ। ਪੀੜਤ ਪਰਿਵਾਰ ਨੇ ਪੰਜਾਬ ਪੁਲਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਸਪੈਸ਼ਲ ਟੀਮ ਭੇਜ ਕੇ ਜਾਂਚ ਕਰਵਾਈ ਜਾਵੇ। ਜਲਦੀ ਤੋਂ ਜਲਦੀ ਚੋਰਾਂ ਦੀ ਭਾਲ ਕਰਕੇ ਉਨ੍ਹਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।  

rajwinder kaur

This news is Content Editor rajwinder kaur