ਲੱਖਾਂ ਰੁਪਏ ਦੇ ਚੂਰਾ ਪੋਸਤ ਅਤੇ ਹੈਰੋਇਨ ਸਮੇਤ 4 ਸਮੱਗਲਰ ਕਾਬੂ

09/24/2021 5:45:53 PM

ਮੋਗਾ (ਆਜ਼ਾਦ): ਜ਼ਿਲ੍ਹਾ ਪੁਲਸ ਮੁੱਖੀ ਮੋਗਾ ਧਰੂਮਨ. ਐੱਚ. ਨਿੰਬਾਲੇ ਨੇ ਦੱਸਿਆ ਕਿ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਨੂੰ ਉਸ ਸਮੇਂ ਸਫਲਤਾ ਮਿਲੀ, ਜਦ ਕਰੀਬ 14 ਲੱਖ ਰੁਪਏ ਮੁੱਲ ਦੇ ਚੂਰਾ ਪੋਸਤ ਅਤੇ ਹੈਰੋਇਨ ਸਮੇਤ ਚਾਰ ਸਮੱਗਲਰਾਂ ਨੂੰ ਦਬੋਚ ਲਿਆ ਗਿਆ।

ਉਨ੍ਹਾਂ ਦੱਸਿਆ ਕਿ ਐੱਸ.ਪੀ.ਆਈ. ਜਗਤਪ੍ਰੀਤ ਸਿੰਘ ਦੀ ਅਗਵਾਈ ਵਿਚ ਸੀ. ਆਈ. ਏ. ਸਟਾਫ ਮੋਗਾ ਵੱਲੋਂ ਨਸ਼ਾ ਸਮੱਗਲਰਾਂ ਨੂੰ ਕਾਬੂ ਕਰਨ ਲਈ ਇਲਾਕੇ ਵਿਚ ਗਸ਼ਤ ਕੀਤੀ ਜਾ ਰਹੀ ਸੀ, ਜਦ ਪੁਲਸ ਪਾਰਟੀ ਬੱਸ ਸਟੈਂਡ ਸਮਾਲਸਰ ਕੋਲ ਪੁੱਜੀ ਤਾਂ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਰੂਪ ਸਿੰਘ ਅਤੇ ਜਸਵਿੰਦਰ ਸਿੰਘ ਦੋਨੋਂ ਨਿਵਾਸੀ ਪਿੰਡ ਰੋਡੇ ਆਪਣੇ ਘੋੜਾ-ਟਰਾਲੇ ’ਤੇ ਝਾਰਖੰਡ ਤੋਂ ਭਾਰੀ ਮਾਤਰਾ ਵਿਚ ਲੱਖਾਂ ਰੁਪਏ ਮੁੱਲ ਦਾ ਚੂਰਾ ਪੋਸਤ ਲੈ ਕੇ ਆ ਰਹੇ ਹਨ, ਜਿਸ ’ਤੇ ਪੁਲਸ ਪਾਰਟੀ ਨੇ ਜਦ ਉਕਤ ਘੋੜਾ-ਟਰਾਲੇ ਨੂੰ ਰੋਕਿਆ, ਜਿਸ ਨੂੰ ਰੂਪ ਸਿੰਘ ਚਲਾ ਰਿਹਾ ਸੀ ਅਤੇ ਉਸ ਨਾਲ ਜਸਵਿੰਦਰ ਸਿੰਘ ਬੈਠਾ ਸੀ, ਜਿਸ ਦੀ ਤਲਾਸ਼ੀ ਡੀ. ਐੱਸ. ਪੀ. ਬਾਘਾ ਪੁਰਾਣਾ ਦੀ ਮੌਜੂਦਗੀ ਵਿਚ ਲਈ ਗਈ ਤਾਂ ਟਰੱਕ ਵਿਚੋਂ 14 ਬੋਰੀਆਂ ਚੂਰਾ ਪੋਸਤ (2 ਕੁਇੰਟਲ 70 ਕਿੱਲੋ) ਬਰਾਮਦ ਕੀਤਾ ਗਿਆ, ਜਿਸ ’ਤੇ ਪੁਲਸ ਪਾਰਟੀ ਨੇ ਤੁਰੰਤ ਦੋਨੋਂ ਸਮੱਗਲਰਾਂ ਨੂੰ ਕਾਬੂ ਕਰਕੇ ਚੂਰਾ ਪੋਸਤ ਅਤੇ ਟਰੱਕ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ।ਕਥਿਤ ਸਮੱਗਲਰਾਂ ਖ਼ਿਲਾਫ਼ ਥਾਣਾ ਬਾਘਾਪੁਰਾਣਾ ਵਿਚ ਮਾਮਲਾ ਦਰਜ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ ਜਸਵਿੰਦਰ ਸਿੰਘ ਖ਼ਿਲਾਫ਼ ਪਹਿਲਾਂ ਵੀ ਥਾਣਾ ਸਦਰ ਕੋਟਕਪੂਰਾ ਵਿਚ 750 ਗ੍ਰਾਮ ਹੈਰੋਇਨ ਬਰਾਮਦ ਹੋਣ ’ਤੇ ਮਾਮਲਾ ਦਰਜ ਹੋਇਆ ਸੀ। ਉਨ੍ਹਾਂ ਕਿਹਾ ਕਿ ਦੋਨੋਂ ਸਮੱਗਲਰਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਕਤ ਚੂਰਾ ਪੋਸਤ ਉਹ ਕਿਥੇ ਸਪਲਾਈ ਕਰਨ ਲਈ ਜਾ ਰਹੇ ਸਨ, ਜਿਨ੍ਹਾਂ ਨੂੰ ਪੁੱਛ-ਗਿੱਛ ਦੇ ਬਾਅਦ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਇਸੇ ਤਰ੍ਹਾਂ ਥਾਣਾ ਮਹਿਣਾ ਦੇ ਇੰਚਾਰਜ ਇੰਸਪੈਕਟਰ ਬਲਰਾਜ ਮੋਹਨ ਨੇ ਗੁਪਤ ਸੂਚਨਾਂ ਦੇ ਆਧਾਰ ’ਤੇ ਜਦ ਮੋਟਰਸਾਈਕਲ ਸਵਾਰ ਸੁਖਪਾਲ ਸਿੰਘ ਉਰਫ ਪਾਲ ਨਿਵਾਸੀ ਪਿੰਡ ਨੱਥੂਵਾਲਾ ਜਦੀਦ ਨੂੰ ਰੋਕਿਆ ਅਤੇ ਤਲਾਸ਼ੀ ਲੈਣ ’ਤੇ 5 ਕਿੱਲੋ ਡੋਡੇ ਪੋਸਤ ਬਰਾਮਦ ਕੀਤਾ ਗਿਆ।ਇਸੇ ਤਰ੍ਹਾਂ ਥਾਣਾ ਕੋਟ ਈਸੇ ਖਾਂ ਦੇ ਸਹਾਇਕ ਥਾਣੇਦਾਰ ਮਨਜੀਤ ਸਿੰਘ ਨੇ ਗਸ਼ਤ ਦੌਰਾਨ ਅਮਨਪ੍ਰੀਤ ਸਿੰਘ ਨਿਵਾਸੀ ਪਿੰਡ ਜਨੇਰ ਨੂੰ ਕਾਬੂ ਕਰ ਕੇ 7 ਗ੍ਰਾਮ ਹੈਰੋਇਨ ਬਰਾਮਦ ਕੀਤੀ। ਦੋਸ਼ੀਆਂ ਖਿਲਾਫ ਮਾਮਲੇ ਦਰਜ ਕੀਤੇ ਗਏ।


Shyna

Content Editor

Related News