ਹੈਰੋਇਨ ਸਪਲਾਈ ਕਰਨ ਵਾਲਾ ਅਫਰੀਕਨ ਗ੍ਰਿਫਤਾਰ

03/26/2019 7:32:31 PM

ਫਤਿਹਗੜ੍ਹ ਸਾਹਿਬ,(ਜਗਦੇਵ) : ਨਸ਼ਿਆਂ ਵਿਰੁੱਧ ਛੇੜੀ ਮੁਹਿੰਮ ਤਹਿਤ ਫਤਿਹਗੜ੍ਹ ਸਾਹਿਬ ਪੁਲਸ ਨੇ ਇਕ ਅਫਰੀਕਨ ਵਿਅਕਤੀ ਨੂੰ ਗ੍ਰਿਫਤਾਰ ਕਰ ਕੇ 300 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਸ ਸਬੰਧੀ ਅੱਜ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਜ਼ਿਲਾ ਪੁਲਸ ਮੁਖੀ ਅਮਨੀਤ ਕੌਂਡਲ ਆਈ. ਪੀ. ਐੱਸ. ਨੇ ਦੱਸਿਆ ਕਿ ਥਾਣਾ ਫਤਿਹਗੜ੍ਹ ਸਾਹਿਬ ਦੀ ਪੁਲਸ ਵਲੋਂ ਬੀਤੇ ਦਿਨੀਂ ਇਕ ਕਾਰ 'ਚ ਸਵਾਰ ਦੋ ਵਿਅਕਤੀਆਂ ਕੁਲਦੀਪ ਸਿੰਘ ਅਤੇ ਰਜਤ ਕੁਮਾਰ ਨੂੰ ਕਥਿਤ ਤੌਰ 'ਤੇ 98 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਸੀ ਜਿਨ੍ਹਾਂ ਤੋਂ ਪੁੱਛਗਿਛ ਦੌਰਾਨ ਪਤਾ ਲੱਗਾ ਕਿ ਇਹ ਹੈਰੋਇਨ ਉਹ ਜੌਹਨ ਨਾਂ ਦੇ ਵਿਦੇਸ਼ੀ ਵਿਅਕਤੀ ਤੋਂ 1 ਲੱਖ 50 ਹਜ਼ਾਰ ਰੁਪਏ ਦੀ ਖ੍ਰੀਦ ਕੇ ਲਿਆਏ ਸਨ ਜੋ ਕਿ ਦਵਾਰਕਾ ਮੈਟਰੋ ਸਟੇਸ਼ਨ ਦਿੱਲੀ ਨਜ਼ਦੀਕ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਇਸ 'ਤੇ ਥਾਣਾ ਫਤਿਹਗੜ੍ਹ ਸਾਹਿਬ ਦੇ ਐੱਸ. ਐੱਚ. ਓ. ਵਿਨੋਦ ਕੁਮਾਰ ਨੇ ਪੁਲਸ ਪਾਰਟੀ ਸਮੇਤ 24-25 ਮਾਰਚ ਦੀ ਦਰਮਿਆਨੀ ਰਾਤ ਨੂੰ ਦਿੱਲੀ ਵਿਖੇ ਜਾ ਕੇ ਰੇਡ ਕਰ ਕੇ ਉਕਤ ਮਾਮਲੇ ਵਿਚ ਜੌਹਨ ਨੂੰ ਕਾਬੂ ਕੀਤਾ ਜਿਸਨੇ ਆਪਣਾ ਨਾਂ ਸ਼ਿਮੇਕਾ ਉਰਫ ਗੇਵੀ ਉਰਫ ਜੌਹਨ ਵਾਸੀ ਅਫਰੀਕਾ ਦੱਸਿਆ। ਉਨ੍ਹਾਂ ਦੱਸਿਆ ਕਿ ਉਕਤ ਮਾਮਲੇ ਵਿਚ ਜਦੋਂ ਗ੍ਰਿਫਤਾਰ ਕਰ ਕੇ ਜੌਹਨ ਤੋਂ ਪੁੱਛਗਿੱਛ ਕੀਤੀ ਤਾਂ ਉਸਨੇ ਦੱਸਿਆ ਕਿ ਰਜਤ ਕੁਮਾਰ ਅਤੇ ਕੁਲਦੀਪ ਸਿੰਘ ਉਸ ਕੋਲ ਦਿੱਲੀ ਆਉਂਦੇ ਸਨ ਜਿਨ੍ਹਾਂ ਨੂੰ ਉਹ ਹੈਰੋਇਨ ਦੀ ਸਪਲਾਈ ਦਿੰਦਾ ਸੀ।

ਇਹ ਹੈਰੋਇਨ ਅੱਗੋਂ ਉਸਨੂੰ ਓਕਲੇ ਨਾਂ ਦਾ ਵਿਦੇਸ਼ੀ ਵਿਅਕਤੀ ਦਿੰਦਾ ਸੀ ਅਤੇ ਇਸਦੀ ਸਪਲਾਈ ਕਰਨ 'ਤੇ ਉਸਨੂੰ 5 ਹਜ਼ਾਰ ਰੁਪਏ ਮਿਲਦੇ ਹਨ। ਉਨ੍ਹਾਂ ਦੱਸਿਆ ਕਿ ਉਕਤ ਗ੍ਰਿਫਤਾਰ ਕੀਤੇ ਜੌਹਨ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਹ ਉਕਤ ਵਿਅਕਤੀਆਂ ਨੂੰ 300 ਗ੍ਰਾਮ ਹੈਰੋਇਨ ਦੀ ਸਪਲਾਈ ਕਰਨ ਲਈ ਫਤਿਹਗੜ੍ਹ ਸਾਹਿਬ ਆਇਆ ਸੀ, ਪ੍ਰੰਤੂ ਉਸ ਦਿਨ ਉਕਤ ਵਿਅਕਤੀ ਉਸਨੂੰ ਨਹੀਂ ਮਿਲੇ ਅਤੇ ਪੁਲਸ ਵਲੋਂ ਕੀਤੀ ਜਾ ਰਹੀ ਚੈਕਿੰਗ ਤੋਂ ਡਰਦੇ ਹੋਏ ਉਸਨੇ ਆਪਣੇ ਨਾਲ ਲਿਆਂਦੀ 300 ਗ੍ਰਾਮ ਹੈਰੋਇਨ ਨੂੰ ਨੈਣਾ ਦੇਵੀ ਮੰਦਰ ਸਰਹਿੰਦ ਸ਼ਹਿਰ ਨਜ਼ਦੀਕ ਜ਼ਮੀਨ ਹੇਠ ਦੱਬ ਕੇ ਛੁਪਾ ਦਿੱਤਾ ਸੀ। ਸ਼੍ਰੀਮਤੀ ਕੌਂਡਲ ਨੇ ਦੱਸਿਆ ਕਿ ਜੌਹਨ ਦੇ ਦੱਸਣ ਅਨੁਸਾਰ ਡੀ. ਐੱਸ. ਪੀ. ਰਮਿੰਦਰ ਸਿੰਘ ਕਾਹਲੋਂ ਦੀ ਅਗਵਾਈ ਹੇਠ ਐੱਸ. ਐੱਚ. ਓ. ਵਿਨੋਦ ਕੁਮਾਰ ਨੇ ਵੀਰਾਨ ਥੇਹ ਵਿਚੋਂ ਮਿੱਟੀ ਖੁਦਵਾ ਕੇ 300 ਗ੍ਰਾਮ ਹੈਰੋਇਨ ਬਰਾਮਦ ਕੀਤੀ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਖਿਲਾਫ ਐੱਨ. ਡੀ. ਪੀ .ਐੱਸ. ਐਕਟ ਅਧੀਨ ਮੁਕੱਦਮਾ 25 ਮਾਰਚ ਨੂੰ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਜੌਹਨ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ 4 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਲਦ ਹੀ ਇਸ ਹੈਰੋਇਨ ਸਮੱਗਲਿੰਗ ਦੇ ਚੱਲ ਰਹੇ ਗਿਰੋਹ ਦੇ ਬਾਕੀ ਮੈਂਬਰਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ ਜਿਨ੍ਹਾਂ ਵਿਚ ਵਿਦੇਸ਼ੀ ਅਤੇ ਲੋਕਲ ਨਾਗਰਿਕ ਸ਼ਾਮਲ ਹੋ ਸਕਦੇ ਹਨ। ਇਸ ਮੌਕੇ ਐੱਸ. ਪੀ. (ਡੀ) ਹਰਪਾਲ ਸਿੰਘ, ਐੱਸ. ਪੀ. (ਐੱਚ) ਨਵਨੀਤ ਸਿੰਘ ਬੈਂਸ, ਡੀ. ਐੱਸ. ਪੀ. ਜਸਵਿੰਦਰ ਸਿੰਘ ਟਿਵਾਣਾ, ਡੀ. ਐੱਸ. ਪੀ. ਰਮਿੰਦਰ ਸਿੰਘ ਕਾਹਲੋਂ ਆਦਿ ਹਾਜ਼ਰ ਸਨ।
 

Deepak Kumar

This news is Content Editor Deepak Kumar