ਹੈਰੀਟੇਜ਼ ਪਬਲਿਕ ਸਕੂਲ ਵਿਖੇ ਰੁੱਤ ਪਰਿਵਰਤਨ ਨੂੰ ਦਰਸਾਉਂਦਾ ਬਸੰਤ-ਪੰਚਮੀ ਦਾ ਮਨਾਇਆ ਗਿਆ ਤਿਉਹਾਰ

02/16/2021 3:58:24 PM

ਭਵਾਨੀਗੜ੍ਹ (ਕਾਂਸਲ): ਸਥਾਨਕ ਹੈਰੀਟੇਜ ਪਬਲਿਕ ਸਕੂਲ ਵਿੱਚ ਹਰ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸੇ ਲੜੀ ਤਹਿਤ ਰੁੱਤ ਪਰਿਵਰਤਨ ਨੂੰ ਦਰਸਾਉਂਦਾ ਬਸੰਤ-ਪੰਚਮੀ ਦਾ ਤਿਉਹਾਰ ਗਿਆਨ ਤੇ ਸੰਗੀਤ ਦੀ ਦੇਵੀ ਮਾਂ ਸਰਸਵਤੀ ਜੀ ਦੇ ਜਨਮ-ਦਿਵਸ ਤੇ ਵੀਰ ਹਕੀਕਤ ਰਾਏ ਦੇ ਬਲੀਦਾਨ ਨੂੰ ਯਾਦ ਕਰਦੇ ਹੋਏ ਮਨਾਇਆ ਗਿਆ। ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਇਸ ਦਿਵਸ ਦੀ ਮਹੱਤਤਾ ਤੋਂ ਜਾਣੂ ਕਰਵਾਇਆ।

ਇਸ ਮੌਕੇ ਸਾਰੇ ਅਧਿਆਪਕ ਪੀਲੇ ਰੰਗ ਦੇ ਕੱਪੜੇ ਪਾ ਕੇ ਆਏ ਅਤੇ ਉਨ੍ਹਾਂ ਨੇ ਵਿੱਦਿਆ ਦੀ ਦੇਵੀ ਮਾਂ ਸਰਸਵਤੀ ਦੀ ਪੂਜਾ-ਅਰਚਨਾ ਕਰਦੇ ਹੋਏ ਗਾਇਤਰੀ-ਮੰਤਰ ਦਾ ਉਚਾਰਣ ਕਰਦਿਆਂ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਨਰਸਰੀ ਤੋਂ ਪ੍ਰੈਪ-ਟੂ ਜਮਾਤ ਦੇ ਬੱਚੇ ਪੀਲੇ ਰੰਗ ਦੇ ਕੱਪੜਿਆਂ ਵਿੱਚ ਬਹੁਤ ਸੋਹਣੇ ਨਜ਼ਰ ਆਏ ਅਤੇ ਸਾਰਿਆਂ ਨੇ ਮਿਲ ਕੇ ਪੀਲੇ ਰੰਗ ਦੇ ਵੱਖ-ਵੱਖ ਪਕਵਾਨਾਂ ਦਾ ਆਨੰਦ ਮਾਣਿਆ ਅਤੇ ਸੰਗੀਤਕ ਧੁੰਨਾਂ ਉਤੇ ਨੱਚਦਿਆਂ ਖੂਬ ਮਸਤੀ ਕੀਤੀ ।

ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਨੇ ਪੀਲ਼ੇ ਰੰਗ ਦੇ ਮਿੱਠੇ ਪਕਵਾਨਾਂ ਦੀ ਮਿਠਾਸ ਦਾ ਲੁਤਫ਼ ਉਠਾਇਆ।  ਨੌਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਦਸਤਾਰ-ਬੰਦੀ ਮੁਕਾਬਲੇ ਵਿੱਚ ਭਾਗ ਲਿਆ ਜਿਸ ਵਿੱਚ ਕਰਨਦੀਪ ਸਿੰਘ ਨੇ ਪਹਿਲਾ , ਹਰਜੋਤ ਸਿੰਘ ਨੇ ਦੂਸਰਾ ਅਤੇ ਉਮੇਦ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਸਕੂਲ਼ ਮੁਖੀ ਸ੍ਰੀ ਮਤੀ ਮੀਨੂ ਸੂਦ ਜੀ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਬਸੰਤ ਰੁੱਤ ਚੁਸਤੀ, ਫੁਰਤੀ ਅਤੇ ਚੇਤਨਾ ਦੀ ਰੁੱਤ ਹੈ। ਇਸ ਲਈ ਵਿਦਿਆਰਥੀਆਂ ਨੂੰ ਚੰਗੇ ਨਤੀਜੇ ਪ੍ਰਾਪਤ ਕਰਨ ਲਈ ਸੁਸਤੀ ਦਾ ਤਿਆਗ ਕਰਕੇ ਮਿਹਨਤੀ ਬਣਨਾ ਚਾਹੀਦਾ ਹੈ ਤਾਂ ਕਿ ਉਹ ਆਪਣੇ ਮਿੱਥੇ ਹੋਏ ਟੀਚਿਆਂ ਵਿੱਚ ਸਫ਼ਲਤਾ ਪ੍ਰਾਪਤ ਕਰਨ। ਸਕੂਲ ਪ੍ਰਬੰਧਕ ਸ੍ਰੀ ਅਨਿਲ ਮਿੱਤਲ ਅਤੇ ਆਸ਼ਿਮਾ ਮਿੱਤਲ ਨੇ ਸਾਰਿਆਂ ਦਾ ਜੀਵਨ ਸੁਖਮਈ ਹੋਣ ਦੀ ਕਾਮਨਾ ਕਰਦੇ ਹੋਏ ਬਸੰਤ-ਪੰਚਮੀ ਦੀ ਵਧਾਈ ਦਿੱਤੀ ।


Shyna

Content Editor

Related News