ਗਰਮੀ ਤੋਂ ਰਾਹਤ ਪਾਉਣ ਲਈ ਬੱਚੇ ਰਜਵਾਹਿਆਂ ’ਚ ਮਾਰ ਰਹੇ ਛਾਲਾਂ, ਕਦੇ ਵੀ ਵਾਪਰ ਸਕਦੈ ਹਾਦਸਾ

06/16/2021 6:12:56 PM

ਧਨੌਲਾ (ਰਾਈਆਂ): ਹਾੜ ਦੀ ਗਰਮੀ ’ਚ ਵੱਧ ਰਹੀ ਤਪਸ਼ ਤੇ ਚੱਲ ਰਹੀਆਂ ਗਰਮ ਹਵਾਵਾਂ ਤੋਂ ਰਾਹਤ ਪਾਉਣ ਲਈ ਛੋਟੇ-ਛੋਟੇ ਬੱਚਿਆਂ ਨੇ ਆਪਣੇ ਕਦਮ ਰਜਵਾਹਿਆਂ ਵੱਲ ਵਧਾ ਦਿੱਤੇ ਹਨ ਜੋ ਕਦੇ ਵੀ ਘਾਤਕ ਸਾਬਤ ਹੋ ਸਕਦੇ ਹਨ ਪਰ ਬੱਚਿਆਂ ਦੇ ਮਾਂ-ਬਾਪ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਹੇ। ਜਿਹੜੇ ਬਿਨਾਂ ਸੁਰੱਖਿਆ ਦੇ ਵਗ ਰਹੇ ਰਜਵਾਹਿਆਂ ’ਚ ਛਲਾਂਗਾਂ ਮਾਰ ਕੇ ਭਾਵੇਂ ਗਰਮੀ ਤੋਂ ਬਚਣ ਲਈ ਅਜਿਹਾ ਕਰ ਰਹੇ ਹਨ ਪਰ ਬੱਚੇ ਆਪ ਮੁਹਾਰੇ ਆਪਣੀ ਜਾਨ ਨੂੰ ਜੋਖਮਾਂ ’ਚ ਪਾ ਰਹੇ ਹਨ ਪਰ ਕਿਸੇ ਕਿਸਮ ਦੀ ਅਣਸੁਖਾਵੀਂ ਘਟਨਾ ਵਾਪਰਨ ’ਤੇ ਲੋਕਾਂ ਵੱਲੋਂ ਹਮੇਸ਼ਾ ਸਰਕਾਰਾਂ ਤੇ ਸਰਕਾਰੀ ਤੰਤਰ ਨੂੰ ਕੋਸਿਆ ਜਾਂਦਾ ਹੈ।

ਸਮੇਂ ਦੇ ਹਾਲਤ ਇਹ ਹਨ ਕਿ ਮੱਧਵਰਗੀ ਪਰਿਵਾਰਾਂ ਦੇ ਲੋਕ ਝੋਨੇ ਦੀ ਬਿਜਾਈ ਹੋਣ ਕਾਰਨ ਉਹ ਬੱਚਿਆਂ ਨੂੰ ਘਰ ਦੀ ਰਖਵਾਲੀ ਲਈ ਘਰੇ ਛੱਡ ਆਪ ਖੇਤਾਂ ’ਚ ਝੋਨੇ ਦੀ ਬਿਜਾਈ ਕਰ ਰਹੇ ਹਨ ਜਦੋਂਕਿ ਬਾਅਦ ’ਚ ਇਹੀ ਬੱਚੇ ਹੋਰਨਾਂ ਬੱਚਿਆਂ ਦੇ ਮਗਰ ਲੱਗ ਕੇ ਗਰਮੀ ਤੋਂ ਰਾਹਤ ਪਾਉਣ ਲਈ ਪਿੰਡ ’ਚੋਂ ਲੰਘਦੇ ਪਾਣੀ ਨਾਲ ਭਰੇ ਜੋਗਾ ਰਜਵਾਹੇ ’ਚ ਛਲਾਂਗਾ ਮਾਰ ਕੇ ਕਰਤੱਬ ਦਿਖਾ ਰਹੇ ਹਨ, ਜਿਸ ਕਾਰਨ ਪਿਛਲੇ ਮਹੀਨੇ ਰਜਵਾਹੇ ’ਚ ਨਹਾਉਣ ਦੇ ਚੱਕਰਾਂ ’ਚ ਪਿੰਡ ਕਾਲੇਕੇ ਵਿਖੇ ਦੋ ਮਾਸੂਮ ਬੱਚਿਆਂ ਨੂੰ ਆਪਣੀ ਜਾਨ ਗਵਾਉਣੀ ਪਈ ਪਰ ਲੋਕਾਂ ਦੇ ਨਾਲ -ਨਾਲ ਬੱਚਿਆਂ ਨੇ ਇਸ ਵਾਪਰੀ ਘਟਨਾ ਤੋਂ ਕੋਈ ਸਬਕ ਨਹੀਂ ਲਿਆ ਜਿਹੜੇ ਅੱਜ ਦਸ ਫੁੱਟ ਡੂੰਘੇ ਰਜਵਾਹੇ ’ਚ ਛਾਲਾਂ ਮਾਰ ਕੇ ਮੌਤ ਨੂੰ ਆਵਾਜ਼ਾਂ ਮਾਰ ਰਹੇ ਹਨ।ਡਿਪਟੀ ਕਮਿਸ਼ਨਰ ਬਰਨਾਲਾ ਤੇਜ਼ ਪ੍ਰਤਾਪ ਸਿੰਘ ਫੂਲਕਾ ਵੱਲੋਂ ਪਿੰਡ ਕਾਲੇਕੇ ਵਿਖੇ ਵਾਪਰੀ ਘਟਨਾ ਤੋਂ ਬਾਅਦ ਸੂਏ, ਰਜਵਾਹਿਆਂ, ਨਹਿਰਾਂ ’ਚ ਨਹਾਉਣ ’ਤੇ ਪੂਰਨ ਤੌਰ ’ਤੇ ਪਾਬੰਦੀ ਲਾਈ ਹੋਈ, ਬਾਵਜੂਦ ਇਸਦੇ ਨਾਬਾਲਿਗ ਬੱਚਿਆਂ ਦੇ ਨਾਲ-ਨਾਲ ਬਾਲਗ ਬੱਚੇ ਅਜਿਹੇ ਹੁਕਮਾਂ ਨੂੰ ਨਜ਼ਰਅੰਦਾਜ਼ ਕਰ ਰਹੇ ਹਨ ।

ਕਾਂਗਰਸ ਪਾਰਟੀ ਦੀ ਆਗੂ ਤੇ ਕੌਂਸਲ ਧਨੌਲਾ ਦੀ ਪ੍ਰਧਾਨ ਬੀਬੀ ਰਣਜੀਤ ਕੌਰ ਸੋਢੀ, ਮੀਤ ਪ੍ਰਧਾਨ ਰਜਨੀਸ਼ ਕੁਮਾਰ ਬਾਂਸਲ, ਹਰਦੀਪ ਸਿੰਘ ਸੋਢੀ, ਸਾਬਕਾ ਪ੍ਰਧਾਨ ਹਰਨਾਮ ਸਿੰਘ ਸਿੱਧੂ, ਨਰਿੰਦਰ ਮੋਹਨ ਕਾਲਾ, ਸਾਬਕਾ ਪ੍ਰਧਾਨ ਸੁਰਜੀਤ ਸਿੰਘ ਸੀਤਾ, ਸਾਬਕਾ ਕੌਂਸਲਰ ਮੁਨੀਸ਼ ਕੁਮਾਰ ਬਾਂਸਲ, ਮਾਸਟਰ ਵਲੈਤੀ ਪੂਰੀ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਖਰਾਜ ਸਿੰਘ ਪੰਧੇਰ, ਕੌਂਸਲਰ ਅਜੇ ਕੁਮਾਰ ਗਰਗ ਨੇ ਦੱਸਿਆ ਕਿ ਮਾਂ ਬਾਪ ਦਾ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਅਜਿਹੀਆਂ ਥਾਵਾਂ ’ਤੇ ਜਾਣ ਤੋਂ ਰੋਕਣ ਕਿਉਂਕਿ ਇਹੀ ਬੱਚਿਆਂ ਨੇ ਕੱਲ ਨੂੰ ਉਨ੍ਹਾਂ ਦੇ ਬੁਢਾਪੇ ਦਾ ਸਹਾਰਾ ਬਣਨਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਬੱਚੇ ਸਮਝਾਏ ਜਾਣ ਦੇ ਬਾਵਜੂਦ ਵੀ ਰਜਵਾਹਿਆਂ, ਨਹਿਰਾਂ ’ਚ ਨਹਾਉਂਦੇ ਹਨ ਉਨ੍ਹਾਂ ’ਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ।


Shyna

Content Editor

Related News