ਸਿਹਤ ਕਾਮਿਆਂ ਨੇ ਕਾਲੇ ਬਿੱਲੇ ਲਗਾ ਕੇ ਕੀਤਾ ਰੋਸ ਦਾ ਪ੍ਰਗਟਾਵਾ

07/15/2020 4:50:50 PM

ਸੰਦੌੜ (ਰਿਖੀ): ਸਿਹਤ ਵਿਭਾਗ 'ਚ ਕੰਮ ਕਰ ਰਹੇ ਕਰਮਚਾਰੀਆਂ ਵਲੋਂ ਸਰਕਾਰ ਵਲੋਂ ਨਵੀਂ ਭਰਤੀ 'ਚ ਕੀਤੇ ਗਏ ਨਾਦਰਸ਼ਾਹੀ ਫਰਮਾਨ ਨੂੰ ਲੈ ਕੇ ਕਾਲੇ ਬਿੱਲੇ ਲਗਾ ਕੇ ਰੋਸ ਦਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸੰਦੌੜ ਵਿਖੇ ਗੱਲਬਾਤ ਕਰਦੇ ਹੋਏ ਮਲਟੀਪਰਪਜ਼ ਹੈਲਥ ਇਮਪਲਾਇਜ਼ ਯੂਨੀਅਨ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਗੁਲਜ਼ਾਰ ਖਾਨ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਿਹਤ ਵਿਭਾਗ 'ਚ ਕੋਵਿਡ-19 ਦੀ ਆੜ 'ਚ ਨਵੀਂ ਭਰਤੀ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ, ਜਿਸ 'ਚ ਬਣਾਈ ਨੀਤੀ ਸਾਨੂੰ ਮਨਜੂਰ ਨਹੀਂ ਹੈ ਜੇਕਰ ਨਵੀਂ ਭਰਤੀ ਦਾ ਇਹ ਲੰਗੜਾ ਫੈਸਲਾ ਲਾਗੂ ਹੋ ਜਾਂਦਾ ਹੈ ਤਾਂ ਮਹਿਕਮੇ 'ਚ ਪਹਿਲਾਂ ਤੋਂ ਕੰਮ ਕਰਦੇ ਐੱਨ.ਐੱਚ. ਐੱਮ. 2211ਅਤੇ ਠੇਕਾ ਆਧਾਰਿਤ ਕਾਮੇ ਜੋ ਕਿ ਆਪਣੀ ਜ਼ਿੰਦਗੀ ਦਾ ਅੱਧਾ ਹਿੱਸਾ ਮਹਿਕਮੇ ਦੇ ਲੇਖੇ ਲਾ ਚੁੱਕੇ ਹਨ ਦਾ ਭਵਿੱਖ ਹਨੇਰਾ ਹੋ ਜਾਵੇਗਾ।

ਇਕ ਪਾਸੇ ਸਰਕਾਰ ਰੈਗੂਲਰ ਭਰਤੀ ਦਾ ਢੱਕਵੰਝ ਰਚ ਰਹੀ ਹੈ ਤੇ ਦੂਜੇ ਪਾਸੇ ਪ੍ਰਵੇਸ਼ਨ ਪੀਰੀਅਡ ਦੀ ਸ਼ਰਤ ਲਾ ਕੇ ਤਨਖਾਹਾਂ ਤੇ ਵੱਡੇ ਕੱਟ ਲਾ ਰਹੀ ਹੈ। ਪੰਜਾਬ ਸਰਕਾਰ ਵਲੋਂ ਨਵੀਂ ਭਰਤੀ 'ਚ ਤਨਖਾਹ ਸਕੇਲ ਕੇਂਦਰੀ ਪੈਟਰਨ ਦੀ ਤਰਜ਼ ਤੇ ਕਰਨ ਨਾਲ ਰੈਗੂਲਰ ਮੁਲਾਜ਼ਮਾਂ ਦੀਆਂ ਜੇਬਾਂ ਤੇ ਵਾਰ ਕਰਨ ਲਈ ਰਾਹ ਪੱਧਰਾ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਵਲੋਂ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਲਗਾਤਾਰ ਕੀਤਾ ਜਾ ਰਿਹਾ ਹੈ ਅਤੇ  ਸਰਕਾਰ ਵਲੋਂ ਕੀਤੇ ਜਾ ਰਹੇ ਇਸ ਧੋਖੇ ਦਾ ਮੂੰਹ ਤੋੜਵਾਂ ਜਵਾਬ ਦੇਣ ਲਈ ਸਮੂਹ ਸਿਹਤ ਕਾਮਿਆਂ ਨੇ ਅੱਜ ਤੋਂ ਰਿਪੋਰਟਾਂ ਦਾ ਬਾਈਕਾਟ ਕਰਨਾ ਹੈ ਅਤੇ ਜੇਕਰ ਸਰਕਾਰ ਨੇ ਆਪਣਾ ਫ਼ੈਸਲਾ ਨਾ ਬਦਲਿਆ ਅਤੇ ਮੁਲਾਜ਼ਮਾਂ ਨੂੰ ਉਨ੍ਹਾਂ ਦਾ ਹੱਕ ਨਾ ਮਿਲਿਆ ਤਾਂ ਅਗਲੇ ਸੰਘਰਸ਼ਾਂ ਨੂੰ ਉਲੀਕਿਆ ਜਾਵੇਗਾ। ਇਸ ਮੌਕੇ ਉਨ੍ਹਾਂ ਨੇ ਸਮੁੱਚੇ ਮਲਟੀਪਰਪਜ਼ ਕੇਡਰ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਸਾਰੇ ਮਲਟੀਪਰਪਜ਼ ਕੇਡਰ ਮਲਟੀਪਰਪਜ਼ ਹੈਲਥ ਵਰਕਰ ਮੇਲ ਅਤੇ ਫੀਮੇਲ, ਮਲਟੀਪਰਪਜ਼ ਹੈਲਥ ਸੁਪਰਵਾਈਜ਼ਰ ਮੇਲ ਅਤੇ ਫੀਮੇਲ ਏ.ਐੱਮ.ਓ. ਵਲੋਂ ਕਿਸੇ ਕੰਮ ਦੀ ਕੋਈ ਰਿਪੋਰਟ ਨਾ ਦਿੱਤੀ ਜਾਵੇ। ਇਸ ਮੌਕੇ ਉਨ੍ਹਾਂ ਨਾਲ ਸੂਬਾਈ ਮੀਤ ਪ੍ਰਧਾਨ ਮਹਿੰਦਰ ਕੌਰ ਅਤੇ ਹੋਰ ਕਰਮਚਾਰੀ ਵੀ ਹਾਜ਼ਰ ਸਨ।


Shyna

Content Editor

Related News