ਸਿਹਤ ਮੁਲਾਜ਼ਮਾਂ ਵਲੋਂ ਭੁੱਖ ਹੜਤਾਲ 12ਵੇਂ ਦਿਨ ''ਚ ਦਾਖ਼ਲ

08/04/2020 5:43:14 PM

ਸੰਗਰੂਰ (ਬੇਦੀ): ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਦੇ ਫੈਸਲੇ ਅਨੁਸਾਰ ਸਿਹਤ ਕਾਮਿਆਂ ਵਲੋਂ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਸਮੁੱਚੇ ਸਿਵਲ ਸਰਜਨਾਂ ਦੇ ਦਫ਼ਤਰਾਂ ਅੱਗੇ ਭੁੱਖ ਹੜਤਾਲ ਸ਼ੁਰੂ ਕੀਤੀ ਹੋਈ ਹੈ। ਸਿਵਲ ਸਰਜਨ ਦਫਤਰ ਸੰਗਰੂਰ ਵਿਖੇ ਅੱਜ ਦੀ ਭੁੱਖ ਹੜਤਾਲ ਸਾਥੀ ਪਰਸਨ ਸਿੰਘ ਅਮਰਗੜ੍ਹ ਦੀ ਅਗਵਾਈ ਹੇਠ ਕੀਤੀ ਗਈ।

ਇਸ ਮੌਕੇ ਭੁੱਖ ਹੜਤਾਲ 'ਚ ਹਿੱਸਾ ਲੈ ਰਹੇ ਮਲਟੀਪਰਪਜ ਹੈਲਥ ਕਾਮਿਆਂ ਅਤੇ ਸੂਬਾਈ ਆਗੂ ਜਗਤਾਰ ਸਿੰਘ ਸਿੱਧੂ, ਗੁਲਜ਼ਾਰ ਖ਼ਾਨ,ਕਰਮਦੀਨ, ਰਣਧੀਰ ਸਿੰਘ, ਮੈਡਮ ਸਰਬਜੀਤ ਕੌਰ ਨੇ ਸਰਕਾਰ ਤੇ ਦੋਸ਼ ਲਾਉਂਦਿਆਂ ਕਿਹਾ ਕਿ ਜਥੇਬੰਦੀ ਵਲੋਂ ਹਲਕਿਆਂ ਦੇ ਵਿਧਾਇਕਾਂ,ਸਿਵਲ ਸਰਜਨਾਂ ਅਤੇ ਬਲਾਕਾਂ ਦੇ ਸੀਨੀਅਰ ਮੈਡੀਕਲ ਅਫਸਰਾਂ ਰਾਹੀਂ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜੇ ਪਰ ਸਰਕਾਰ ਨੇ ਕੋਈ ਸੁਣਵਾਈ ਨਹੀਂ ਕੀਤੀ। ਕੋਵਿਡ ਦੇ ਨਾਜ਼ੁਕ ਮੌਕੇ ਤੇ ਸਰਕਾਰ ਨੇ ਮੁਲਾਜ਼ਮਾਂ ਨੂੰ ਕੁੱਝ ਰਾਹਤ ਦੇਣ ਦੀ ਬਜਾਏ ਪਹਿਲਾਂ ਮਿਲੀਆਂ ਸਹੂਲਤਾਂ ਬੰਦ ਕਰਨ ਤੇ ਲੱਗੀ ਹੋਈ ਹੈ। ਹਾਲ ਹੀ 'ਚ ਮੋਬਾਈਲ ਭੱਤੇ 'ਚ ਕਟੌਤੀ ਕਰ ਦਿੱਤੀ ਗਈ ਹੈ।ਵਿਕਾਸ ਫੰਡ ਵਜੋਂ ਮੁਲਾਜ਼ਮਾਂ ਦਾ 2400 ਰੁਪਏ ਸਾਲਾਨਾ ਕੱਟਿਆ ਜਾਂਦਾ ਹੈ।ਮਲਟੀਪਰਪਜ਼ ਹੈਲਥ ਵਰਕਰ ਫੀਮੇਲਜ ਪਿਛਲੇ ਤੇਰਾਂ ਸਾਲਾਂ ਤੋਂ ਠੇਕਾ ਆਧਾਰਿਤ ਮਹਿਜ ਦਸ ਤੋਂ ਬਾਰਾਂ ਹਜ਼ਾਰ ਤੇ ਕੰਮ ਕਰ ਰਹੀਆਂ ਹਨ। ਸਰਕਾਰ ਨੇ ਕਈ ਵਾਰ ਰੈਗੂਲਰ ਕਰਨ ਦਾ ਵਾਅਦਾ ਕੀਤਾ ਪਰ ਮੁਕਰਦੀ ਰਹੀ।

ਇਨ੍ਹਾਂ ਨੂੰ ਪੱਕਾ ਕਰਨ ਦੀ ਬਜਾਏ ਹੋਰ ਨਵੀਆਂ ਫੀਮੇਲ ਵਰਕਰਜ਼ ਦੀ ਭਰਤੀ ਕਰਨ ਜਾ ਰਹੀ ਹੈ ਜਦੋਂਕਿ ਪਹਿਲਾਂ ਤੋਂ ਕੰਮ ਕਰ ਰਹੀਆਂ ਵਰਕਰਾਂ ਨੂੰ ਰੈਗੂਲਰ ਕਰਨਾ ਚਾਹੀਦਾ ਹੈ। ਇਨ੍ਹਾਂ ਨੇ ਕੋਵਿਡ 'ਚ ਫਰੰਟ ਲਾਈਨ ਤੇ ਕੰਮ ਕੀਤਾ ਹੈ। ਮਲਟੀਪਰਪਜ਼ ਹੈਲਥ ਵਰਕਰ ਮੇਲ ਦਾ ਪਰਖ ਸਮਾਂ ਤਿੰਨ ਸਾਲ ਤੋਂ ਘਟਾ ਕੇ ਦੋ ਸਾਲ ਦਾ ਕੀਤਾ ਜਾਵੇ।ਕੋਵਿਡ 'ਚ ਫਰੰਟ ਲਾਈਨ ਤੇ ਕੰਮ ਕਰਨ ਕਰਕੇ ਮਲਟੀਪਰਪਜ਼ ਕੇਡਰ ਨੂੰ ਵਿਸ਼ੇਸ਼ ਇੰਕਰੀਮੈਂਟ ਦਿੱਤਾ ਜਾਵੇ। ਆਗੂਆਂ ਨੇ ਕਿਹਾ ਕਿ ਪੂਰੇ ਪੰਜਾਬ 'ਚ ਛੇ ਅਗਸਤ ਤੱਕ ਭੁੱਖ ਹੜਤਾਲ ਰੱਖੀ ਜਾਏਗੀ ਅਤੇ ਸੱਤ ਅਗਸਤ ਨੂੰ ਮੁੱਖ ਮੰਤਰੀ ਪੰਜਾਬ ਦਾ ਪਟਿਆਲਾ ਵਿਖੇ ਮੋਤੀ ਮਹਿਲ ਘੇਰਿਆ ਜਾਵੇਗਾ। ਅੱਜ ਦੀ ਭੁੱਖ ਹੜਤਾਲ ਵਿੱਚ ਮਲਟੀਪਰਪਜ ਸਿਹਤ ਵਰਕਰ ਕੁਲਦੀਪ ਸਿੰਘ, ਪਰਮੇਸ਼ਰ ਸਿੰਘ, ਨਿਰਮਲ ਸਿੰਘ, ਹਰਜਿੰਦਰ ਸਿੰਘ , ਬਿਬੇਕ ਕੌਰ ਅਤੇ ਰੇਖਾ ਰਾਣੀ (ਸਾਰੇ ਬਲਾਕ ਅਮਰਗੜ੍ਹ) ਨੇ ਸ਼ਮੂਲੀਅਤ ਕੀਤੀ। ਸੰਘਰਸ਼ ਕਮੇਟੀ ਦੀ ਇਸ ਹੜਤਾਲ ਨੂੰ ਭਰਾਤਰੀ ਜਥੇਬੰਦੀਆਂ ਦਾ ਲਗਾਤਾਰ ਸਮੱਰਥਨ ਮਿਲ ਰਿਹਾ ਹੈ।  ਜਿਸ ਵਿੱਚ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ, ਗੌਰਮਿੰਟ ਟੀਚਰਜ਼ ਯੂਨੀਅਨ , ਡੈਮੋਕ੍ਰੇਟਿਕ ਟੀਚਰਜ਼ ਫਰੰਟ , ਤਾਲਮੇਲ ਕਮੇਟੀ ਪੈਰਾਮੈਡੀਕਲ ਅਤੇ ਸਿਹਤ ਕਰਮਚਾਰੀ ਆਦਿ ਜਥੇਬੰਦੀਆਂ ਵੱਲੋਂ ਪੂਰਨ ਹਮਾਇਤ ਦਾ ਐਲਾਨ ਕੀਤਾ।


Shyna

Content Editor

Related News