ਮਲੌਦ ਪੀ. ਐਚ. ਸੀ. ''ਚ ਸਿਹਤ ਕਰਮੀ ''ਤੇ ਹਮਲਾ ਕਰਨ ਵਾਲੇ ਦੋਸ਼ੀਆਂ ਖਿਲਾਫ ਹੋਵੇ ਸਖ਼ਤ ਕਾਰਵਾਈ : ਗੁਲਜ਼ਾਰ

08/13/2020 9:17:20 PM

ਸੰਦੌੜ,( ਰਿਖੀ ) : ਸਿਹਤ ਵਿਭਾਗ ਦੇ ਸਬ ਸੈਂਟਰ ਜਸਪਾਲ ਬਾਂਗਰ ਦੇ ਪਿੰਡ ਖਾਨਪੁਰ ਡੇਰ ਬਲਾਕ ਮਲੌਦ ਦੇ ਇੱਕ ਸਿਹਤ ਕਾਮੇ 'ਤੇ ਡਿਊਟੀ ਦੌਰਾਨ ਇੱਕ ਡੇਰੇ ਵਿੱਚ ਕੁੱਝ ਵਿਅਕਤੀਆਂ ਵੱਲੋਂ ਕੋਵਿਡ ਡਿਊਟੀ ਕਰ ਰਹੇ ਸਿਹਤ ਕਰਮੀ 'ਤੇ ਕੀਤੇ ਕਥਿਤ ਹਮਲੇ, ਉਸ ਦੀ ਦਸਤਾਰ ਉਤਾਰ ਕੇ ਕੀਤੀ ਕੁੱਟਮਾਰ ਅਤੇ ਵੀਡੀਓ ਬਣਾ ਕੇ ਬੇਇੱਜਤ ਕਰਨ ਵਾਲੇ ਦੋਸ਼ੀਆਂ 'ਤੇ ਜੇਕਰ ਤੁਰੰਤ ਕਾਰਵਾਈ ਨਾ ਕੀਤੀ ਗਈ ਤਾਂ ਅਸੀਂ ਕੋਵਿਡ ਕੰਮ ਬੰਦ ਕਰਕੇ ਇਨਸਾਫ਼ ਲਈ ਤੁਰਾਂਗੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਮਲਟੀਪਰਪਜ ਹੈਲਥ ਇਮਪਲਾਇਜ਼ ਜੂਨੀਅਨ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਗੁਲਜ਼ਾਰ ਖਾਨ ਨੇ ਹੰਗਾਮੀ ਪ੍ਰੈਸ ਕਾਨਫਰੰਸ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕੇ ਉਨ੍ਹਾਂ ਨੇ ਸੋਸ਼ਲ ਸਾਈਟ 'ਤੇ ਹੁਣੇ ਹੀ ਵੀਡੀਓ ਵੇਖੀ ਹੈ, ਇਹ ਘਟਨਾ ਬਹੁਤ ਮੰਦਭਾਗੀ ਹੈ ਅਤੇ ਇਸ ਨਾਲ ਪੰਜਾਬ ਭਰ ਦੇ ਮੁਲਾਜ਼ਮਾਂ ਦੇ ਮਨਾਂ ਨੂੰ ਠੇਸ ਪਹੁੰਚੀ ਹੈ, ਜੋ ਕੋਵਿਡ ਦੇ ਖਤਰੇ ਨੂੰ ਪਰੇ ਕਰਕੇ ਲੋਕ ਸੇਵਾ ਦੇ ਵਿੱਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਦੋਸ਼ੀਆਂ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਹੈਲਥ ਵਰਕਰਾਂ ਨੇ ਪਿਛਲੇ ਛੇ ਮਹੀਨਿਆਂ ਤੋਂ ਬਿਨਾਂ ਛੁੱਟੀ ਕੀਤੇ ਦਿਨ ਰਾਤ ਲੋਕਾਂ ਨੂੰ ਬਚਾਉਣ ਲਈ ਕੰਮ ਕੀਤਾ ਹੈ ਪਰ ਜੇਕਰ ਸਿਹਤ ਕਾਮਿਆਂ 'ਤੇ ਅਜਿਹੇ ਹਮਲੇ ਹੋਣ ਲੱਗ ਪਏ ਤਾਂ ਬਿਨਾਂ ਕਿਸੇ ਸੁਰੱਖਿਆ ਤੋਂ ਕੰਮ ਕਰਦੇ ਹੈਲਥ ਵਰਕਰਾਂ ਦਾ ਮਨੋਬਲ ਕਿਵੇਂ ਖੜੇਗਾ। ਗੁਲਜ਼ਾਰ ਨੇ ਕਿਹਾ ਕੇ ਇਹ ਗੱਲ ਇੱਕ ਹੈਲਥ ਕਾਮੇ ਦੇ ਮਾਣ ਸਨਮਾਨ ਦੀ ਹੈ, ਇਸ ਲਈ ਅਸੀਂ ਸਾਰੇ ਪੀੜਤ ਸਾਥੀ ਦੇ ਨਾਲ ਹਾਂ ਜੇਕਰ ਇਸ ਦੇ ਦੋਸ਼ੀਆਂ 'ਤੇ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਨਾ ਕੀਤਾ ਤਾਂ ਪੰਜਾਬ ਭਰ ਦੇ ਹੈਲਥ ਕਾਮੇ ਸਾਥੀ ਮਸਤਾਨ ਸਿੰਘ ਨੂੰ ਇਨਸਾਫ਼ ਦਿਵਾਉਣ ਲਈ ਇੱਕ ਮੰਚ 'ਤੇ ਇਕੱਠੇ ਹੋਣਗੇ ਅਤੇ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ ਜ਼ਿਕਰਯੋਗ ਹੈ ਕਿ ਉਕਤ ਹੈਲਥ ਕਾਮੇ 'ਤੇ ਕੁੱਝ ਵਿਅਕਤੀਆਂ ਨੇ ਹਮਲਾ ਕਰਕੇ ਉਸ ਦੀ ਕੁੱਟਮਾਰ ਦੀ ਵੀਡੀਓ ਸੋਸ਼ਲ ਸਾਈਟਸ 'ਤੇ ਅਪਲੋਡ ਕਰ ਦਿਤੀ ਹੈ, ਜਿਸ ਕਰਕੇ ਹੈਲਥ ਵਿਭਾਗ ਦੇ ਕਰਮਚਾਰੀਆਂ ਵਿੱਚ ਰੋਸ ਹੈ। ਇਸ ਮੌਕੇ ਉਹਨਾਂ ਨਾਲ ਗੁਰਮੀਤ ਸਿੰਘ, ਕੁਲਵੰਤ ਸਿੰਘ, ਨਿਰਭੈ ਸਿੰਘ, ਰਾਜੇਸ਼  ਕੁਮਾਰ, ਇਲਿਆਸ, ਸੱਜਣ ਸਿੰਘ, ਸੋਨਦੀਪ ਸਿੰਘ, ਅਮਨਦੀਪ ਸਿੰਘ, ਆਦਿ ਕਈ ਹਾਜ਼ਰ ਸਨ
 

Deepak Kumar

This news is Content Editor Deepak Kumar