ਸਿਹਤ ਮੰਤਰੀ ਬਲਬੀਰ ਸਿੱਧੂ ਨੇ ਜਲਾਲਾਬਾਦ ਦੇ ਹਸਪਤਾਲ ਦਾ ਕੀਤਾ ਦੌਰਾ

09/15/2020 5:27:45 PM

ਜਲਾਲਾਬਾਦ (ਸੇਤੀਆ, ਟੀਨੂੰ, ਸੁਮਿਤ): ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਜ਼ਿਲ੍ਹੇ ਅੰਦਰ ਵੱਖ-ਵੱਖ ਸਿਹਤ ਕੇਂਦਰਾਂ ਦਾ ਦੌਰਾ ਕੀਤਾ। ਸਿੱਧੂ ਨੇ ਜਲਾਲਾਬਾਦ ਦੇ ਸਿਵਲ ਹਸਪਤਾਲ ਦਾ ਵੀ ਦੌਰਾ ਕੀਤਾ ਅਤੇ ਲੋਕਾਂ ਨੂੰ ਮਿਲਣ ਵਾਲੀਆਂ ਸਿਹਤ ਸੇਵਾਵਾਂ ਤੇ ਸਹੂਲਤਾਂ ਦੀ ਜਾਣਕਾਰੀ ਬਾਬਾ ਫਰੀਦ ਯੂਨੀਵਰਸਿਟੀ ਦੇ ਡਾਇਰੈਕਟਰ ਤੇ ਕੋਵਿਡ ਦੇ ਇੰਚਾਰਜ ਡਾ. ਐੱਚ.ਐੱਸ. ਬਾਵਾ ਤੋਂ ਲਈ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਰਮਿੰਦਰ ਆਵਲਾ, ਵਿਧਾਇਕ ਫਾਜ਼ਿਲਕਾ ਦਵਿੰਦਰ ਘੁਬਾਇਆ, ਐੱਸ.ਡੀ.ਐੱਮ. ਸੂਬਾ ਸਿੰਘ, ਸਿਵਲ ਸਰਜਨ ਡਾ.ਭੁਪਿੰਦਰ ਕੌਰ, ਐੱਸ.ਐੱਮ.ਓ. ਡਾ. ਅੰਕੁਰ ਉੱਪਲ, ਔਰਤਾਂ ਦੇ ਡਾਕਟਰ ਮਨੀਸ਼ਾ ਮਰਵਾਹ ਤੇ ਹੋਰ ਸਟਾਫ਼ ਮੈਂਬਰ ਮੌਜੂਦ ਸਨ। 

ਇਸ ਮੌਕੇ ਪੱਤਰਕਾਰ ਭਾਈਚਾਰਾ ਹਰੀਸ਼ ਸੇਤੀਆ, ਸੰਦੀਪ ਛਾਬੜਾ, ਅਰਵਿੰਦਰ ਤਨੇਜਾ, ਦੀਪੂ ਦਰਗਨ, ਮੋਨੂੰ ਛਾਬੜਾ, ਬਲਜੀਤ ਮੱਲੀ ਵਲੋਂ ਹਸਪਤਾਲ 'ਚ ਖਾਮੀਆਂ ਨੂੰ ਲੈ ਕੇ ਸਿਹਤ ਮੰਤਰੀ ਪੰਜਾਬ ਨੂੰ ਵਿਧਾਇਕ ਰਮਿੰਦਰ ਆਵਲਾ ਦੀ ਮੌਜੂਦਗੀ 'ਚ ਮੰਗ ਪੱਤਰ ਦਿੱਤਾ ਗਿਆ। ਜਿਸ 'ਚ ਹਸਪਤਾਲ ਅੰਦਰ ਸਟਾਫ਼ ਦੀ ਘਾਟ ਨੂੰ ਪੂਰਾ ਕਰਨ, ਬਲੱਡ ਬੈਂਕ ਸਥਾਪਿਤ ਕਰਨ, ਆਈ.ਸੀ.ਯੂ. ਵਾਰਡ ਸਥਾਪਤ ਕਰਨ, ਮਰੀਜਾਂ ਲਈ ਦਵਾਈਆਂ ਦੀ ਘਾਟ ਅਲਟਰਾਸਾਉਂਡ ਦੀ ਬੰਦ ਪਈ ਮਸ਼ੀਨ ਨੂੰ ਚਾਲੂ ਕਰਵਾਉਣ ਤੇ ਕੋਵਿਡ ਦੇ ਮਰੀਜ਼ਾਂ ਲਈ ਸਹੂਲਤਾਂ 'ਚ ਸੁਧਾਰ ਕਰਨ ਆਦਿ ਸ਼ਾਮਲ ਸਨ। ਇਨ੍ਹਾਂ ਮੰਗਾਂ ਤੇ ਗੌਰ ਕਰਦੇ ਹੋਏ ਸਭ ਤੋਂ ਪਹਿਲਾਂ ਸਿਹਤ ਮੰਤਰੀ ਨੇ ਸਿਵਿਲ ਸਰਜਨ ਨੂੰ ਜਲਾਲਾਬਾਦ ਦੇ ਹਸਪਤਾਲ 'ਚ ਬਲੱਡ ਬੈਂਕ ਬਣਾਉਣ ਸਬੰਧ ਕਵਾਇਤ ਸ਼ੁਰੂ ਕਰਨ ਦੇ ਹੁਕਮ ਦਿੱਤੇ ਅਤੇ ਨਾਲ ਹੀ ਭਰੋਸਾ ਦਿੱਤਾ ਕਿ ਜਲਦੀ ਹੀ ਹਸਪਤਾਲ 'ਚ ਡਾਕਟਰਾਂ ਦੀ ਘਾਟ ਨੂੰ ਪੂਰਾ ਕੀਤਾ ਜਾਵੇਗਾ। 

ਇਸ ਤੋਂ ਇਲਾਵਾ ਮਰੀਜਾਂ ਨੂੰ ਮਿਲਣ ਵਾਲੀਆਂ ਦਵਾਈਆਂ ਦੀ ਘਾਟ ਸਬੰਧੀ ਉਨ੍ਹਾਂ ਨੂੰ ਪੁੱਛਿਆ ਗਿਆ ਤੇ ਨਾਲ ਹੀ ਦਵਾਈਆਂ ਦੀ ਘਾਟ ਦੇ ਕਾਰਣ ਬੀਤੇ ਸੋਮਵਾਰ ਨੂੰ ਖੁਈਖੇੜਾ ਦੇ ਹਸਪਤਾਲ 'ਚ ਨਸ਼ੇੜੀਆਂ ਵਲੋਂ ਹਸਪਤਾਲ ਦੇ ਕਰਮਚਾਰੀ ਨੂੰ ਦਵਾਈਆਂ ਘੱਟ ਦੇਣ ਦੇ ਕਾਰਣ ਹਮਲਾ ਕਰਕੇ ਜ਼ਖ਼ਮੀ ਕਰਨ ਦੇ ਮਾਮਲੇ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ 'ਚ ਹੈ ਅਤੇ ਇਸ ਸਬੰਧੀ ਆਮ ਓ.ਪੀ.ਡੀ. ਤੇ ਨਸ਼ੇ ਦੇ ਆਦਿ ਲੋਕਾਂ ਨੂੰ ਮਿਲਣ ਵਾਲੀਆਂ ਦਵਾਈਆਂ ਨੂੰ ਡਿਲਿਵਰੀ ਨੂੰ ਵਧਾ ਰਹੇ ਹਾਂ ਤਾਂ ਕਿ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਭਵਿੱਖ 'ਚ ਨਾ ਆਉਣ।ਉਨ੍ਹਾਂ ਕਿਹਾ ਕਿ ਸੂਬੇ 928 ਡਾਕਟਰ ਭਰਤੀ ਕਰਨ ਜਾ ਰਹੇ ਹਨ ਜਿਨ੍ਹਾਂ 'ਚ 146 ਡਾਕਟਰਾਂ ਨੂੰ ਲੇਟਰ ਵੀ ਜਾਰੀ ਕਰ ਦਿੱਤੇ ਗਏ ਹਨ ਪਰ ਉਨ੍ਹਾਂ 'ਚ ਅਜੇ 6 ਡਾਕਟਰਾਂ ਨੇ ਹੀ ਜਵਾਇਨਿੰਗ ਕੀਤੀ ਹੈ। ਇਸ ਤੋਂ ਇਲਾਵਾ ਭਵਿੱਖ 'ਚ 500 ਮੈਡੀਕਲ ਅਫਸਰ ਵੀ ਭਰਤੀ ਕਰਨ ਲਈ ਟੈਸਟ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਵਰਤਮਾਨ ਅੰਦਰ ਲੋਕਾਂ ਨੂੰ ਆਪਣਾ ਬਚਾਅ ਕਰਨ ਲਈ ਖੁੱਦ ਖੜੇ ਹੋਣਾ ਪਵੇਗਾ ਅਤੇ ਸਿਹਤ ਵਿਭਾਗ ਵਲੋਂ ਜਾਰੀ ਨਿਯਮਾਂ ਦਾ ਸਖਤੀ ਨਾਲ ਪਾਲਣ ਕਰਨਾ ਹੋਵੇਗਾ।


Shyna

Content Editor

Related News