ਸਿਹਤ ਵਿਭਾਗ ਵੱਲੋਂ 'ਰਿਲਾਇੰਸ ਮਾਲ' 'ਚ ਛਾਪੇਮਾਰੀ

12/05/2019 7:44:31 PM

ਸ੍ਰੀ ਮੁਕਤਸਰ ਸਾਹਿਬ,(ਪਵਨ ਤਨੇਜਾ)- ਰਿਲਾਇੰਸ ਮਾਲ ਵਿੱਚ ਸਬਜੀਆਂ ਅਤੇ ਫੱਲਾਂ ਦੀ ਕੁਆਲਿਟੀ ਨੀਵੇਂ ਪੱਧਰ ਦੀ ਹੋਣ ਸਬੰਧੀ ਮਿਲੀਆਂ ਸ਼ਕਾਇਤਾਂ ਤੇ ਕਾਰਵਾਈ ਕਰਦਿਆਂ ਮਹਿਕਮਾਂ ਸਿਹਤ ਵਿਭਾਗ ਨੇ ਛਾਪੇਮਾਰੀ ਕੀਤੀ। ਇਸ ਮੌਕੇ ਕੰਵਲਪ੍ਰੀਤ ਸਿੰਘ ਡਿਪਟੀ ਮੈਡੀਕਲ ਕਮਿਸ਼ਨਰ, ਫੂਡ ਸੇਫਟੀ ਅਫਸਰ ਡਾ. ਸੰਜੇ ਕਟਿਆਲ, ਹਰਜੀਤ ਸਿੰਘ ਅਤੇ ਚਰਨ ਦਾਸ ਤੇ ਅਧਾਰਤ ਸਿਹਤ ਵਿਭਾਗ ਟੀਮ ਨੇ ਕੇਲੇ, ਚਕੰਦਰ, ਬੱਗੂਗੋਸ਼ਾ, ਗਾਜਰ, ਬੇਰ, ਟਿੰਡੇ ਅਤੇ ਨਾਰੀਅਲ ਦੇ ਸੈਂਪਲ ਭਰੇ। ਸਥਾਨਕ ਮਲੋਟ ਰੋਡ ਤੇ ਸਥਿਤ ਰਿਲਾਇੰਸ ਮਾਲ ਵਿੱਚ ਸਬਜੀਆਂ ਅਤੇ ਫਲ਼ਾਂ ਪ੍ਰਤੀ ਰਕੇਸ਼ ਕੁਮਾਰ ਅਤੇ ਰਮਨਦੀਪ ਸਿੰਘ ਦੀ ਸ਼ਕਾਇਤ ਤੇ ਸੈਂਪਲ ਲਏ ਗਏ। ਸ਼ਕਾਇਤ ਕਰਤਾ ਰਕੇਸ਼ ਕੁਮਾਰ ਅਤੇ ਰਮਨਦੀਪ ਸਿੰਘ ਜੋ ਮੌਕੇ ਤੇ ਹਾਜਰ ਸਨ ਨੇ ਦੱਸਿਆ ਕਿ ਪਿਛਲੇ ਦਿਨਾਂ ਦੌਰਾਨ ਅਸੀਂ ਘਰ ਦਾ ਸਮਾਨ ਖਰੀਦਣ ਵਾਸਤੇ ਇਸ ਰਿਲਾਇੰਸ ਮਾਲ ਵਿੱਚ ਆਏ ਤਾਂ ਸਬਜੀਆਂ ਤੇ ਫਲ ਘਟੀਆ ਹੋਣ ਬਾਰੇ ਮੌਕੇ ਤੇ ਮੌਜੂਦ ਰਿਲਾਇੰਸ ਦੇ ਕਰਮਚਾਰੀਆਂ ਦੇ ਧਿਆਨ ਵਿੱਚ ਲਿਆਂਦਾ। ਪਰ ਕਈ ਦਿਨ ਬੀਤ ਜਾਣ ਤੇ ਵੀ ਜਦ ਸਾਡੀ ਸ਼ਕਾਇਤ ਵੱਲ ਮਾਲ ਦੇ ਪ੍ਰਬੰਧਕਾਂ ਨੇ ਕੋਈ ਧਿਆਨ ਨਾ ਦਿੱਤਾ ਤਾਂ ਅਸੀਂ ਇਸ ਸਬੰਧੀ ਸਿਹਤ ਵਿਭਾਗ ਨੂੰ ਜਾਣਕਾਰੀ ਦਿੱਤੀ।ਜਿਸ ਤੇ ਮਹਿਕਮੇ ਵੱਲੋਂ ਕਾਰਵਾਈ ਕੀਤੀ ਗਈ ਹੈ। ਇਸ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਕੰਵਲਪ੍ਰੀਤ ਸਿੰਘ ਡਿਪਟੀ ਮੈਡੀਕਲ ਕਮਿਸ਼ਨਰ ਨੇ ਦੱਸਿਆ ਕਿ ਪਿਛਲੇ ਦਿਨੀਂ ਮਹਿਕਮੇ ਨੂੰ ਉਕਤ ਮਾਲ ਵਿੱਚ ਸਬਜੀਆਂ ਅਤੇ ਫਲਾਂ ਦੀ ਕੁਆਲਿਟੀ ਠੀਕ ਨਾ ਹੋਣ ਬਾਰੇ ਲਿਖਤੀ ਸ਼ਕਾਇਤਾਂ ਮਿਲੀਆਂ ਸਨ। ਜਿਸ ਤੇ ਅਗਲੀ ਕਾਰਵਾਈ ਕਰਦਿਆਂ ਰਿਲਾਇੰਸ ਮਾਲ ਵਿੱਚ ਸਬਜੀਆਂ ਅਤੇ ਫੱਲਾਂ ਦੀ ਕੁਆਲਿਟੀ ਨੂੰ ਵੇਖਦਿਆਂ ਸੱਤ ਪ੍ਰਕਾਰ ਦੇ ਫਲਾਂ ਤੇ ਸਬਜੀਆਂ ਦੇ ਸੈਂਪਲ ਲਏ ਗਏ ਹਨ। ਜੋ ਕਾਨੂੰਨ ਅਨੁਸਾਰ ਅਗਲੀ ਕਾਰਵਾਈ ਲਈ ਟੈਸਟ ਲਬਾਰਟਰੀ ਵਿੱਚ ਭੇਜੇ ਜਾਣਗੇ। ਇਸ ਸਬੰਧੀ ਜੋ ਵੀ ਰਿਪੋਰਟ ਆਵੇਗੀ ਉਸ ਅਨੁਸਾਰ ਅੱਗੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।ਇੱਕ ਸਵਾਲ ਦੇ ਜਵਾਬ ਵਿੱਚ ਕੰਵਲਪ੍ਰੀਤ ਸਿੰਘ ਡਿਪਟੀ ਮੈਡੀਕਲ ਕਮਿਸ਼ਨਰ ਨੇ ਕਿਹਾ ਕਿ ਸਬਜੀਆਂ ਤੇ ਫਲਾਂ ਦੀ ਕੁਆਲਿਟੀ ਠੀਕ ਨਾ ਹੋਣ ਦੇ ਦੋਸ਼ਾਂ ਵਿੱਚ ਸਚਾਈ ਨਜਰ ਆਈ। ਮਹਿਕਮਾਂ ਸਿਹਤ ਵਿਭਾਗ ਦੀ ਇਸ ਕਾਰਵਾਈ ਤੇ ਰਿਲਾਇੰਸ ਮਾਲ ਦੇ ਪ੍ਰਬੰਧਕ ਘਬਰਾਕੇ ਵਿਰੋਧ ਕਰਦੇ ਨਜਰ ਆਏ, ਪਰ ਜਲਦ ਹੀ ਉਹ ਸ਼ਾਤ ਹੋ ਗਏ। ਮੌਕੇ ਤੇ ਮੌਜੂਦ ਕਈ ਹੋਰ ਸਮਾਨ ਖਰੀਦਣ ਆਏ ਵਿਅਕਤੀਆਂ ਨੇ ਵੀ ਫਲਾਂ-ਸਬਜੀਆਂ ਬਾਰੇ ਸ਼ਕਾਇਤਾਂ ਦੀ ਪੁਸ਼ਟੀ ਕਰਦਿਆਂ ਕੁਆਲਿਟੀ ਦੇ ਠੀਕ ਨਾ ਹੋਣ ਦੇ ਦੋਸ਼ਾਂ ਨੂੰ ਸਹੀ ਦੱਸਿਆ। ਉਨ੍ਹਾਂ ਦਾ ਕਹਿਣਾ ਸੀ ਕਿ ਇੰਨਹਾਂ ਵੱਢੀ ਕੰਪਨੀ ਦੇ ਆਉਣ ਤੇ ਅਸੀਂ ਵਧੀਆ ਕੁਆਲਿਟੀ ਦੀ ਆਸ ਰਖਦਿਆਂ ਖੁਸ਼ ਹੋਏ ਸੀ, ਪਰ ਅਫਸੋਸ ਕਿ ਸਾਡੀ ਆਸ ਜਲਦ ਹੀ ਬਿਖਰਦੀ ਵਿਖਾਈ ਦੇਣ ਲੱਗੀ ਹੈ। ਜਦ ਇਸ ਸਬੰਧੀ ਰਿਲਾਇੰਸ ਮਾਲ ਦੇ ਮੈਨੇਜਰ  ਧੀਰਜ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਸਪਸ਼ਟ ਤੌਰ ਤੇ ਕਿਹਾ ਕਿ ਸਾਨੂੰ ਉਪਰੋਂ ਹਦਾਇਤਾਂ ਅਨੁਸਾਰ ਪ੍ਰੈਸ ਵਿੱਚ ਜਾਣਕਾਰੀ ਦੇਣ ਜਾਂ ਬਿਆਨ ਦੇਣ ਦੀ ਮਨਾਹੀ ਹੈ ਇਸ ਲਈ ਮੈਂ ਕੁਝ ਵੀ ਨਹੀਂ ਕਹਿ ਸਕਦਾ।

Bharat Thapa

This news is Content Editor Bharat Thapa