ਕੋਰੋਨਾ ਵਾਇਰਸ : ਬਠਿੰਡਾ ''ਚ ਚੀਨ ਤੋਂ ਪੁੱਜੇ 156 ਲੋਕਾਂ ''ਤੇ ਸਿਹਤ ਵਿਭਾਗ ਦੀ ਨਜ਼ਰ

02/06/2020 8:57:00 PM

ਬਠਿੰਡਾ, (ਵਰਮਾ)— ਕੋਰੋਨਾ ਵਾਇਰਸ ਨੂੰ ਲੈ ਕੇ ਸਿਹਤ ਵਿਭਾਗ ਨੇ ਕਮਰ ਕੱਸ ਲਈ ਹੈ। ਇਸ ਸਬੰਧੀ ਸਿਵਲ ਹਸਪਤਾਲ 'ਚ ਇਕ ਆਇਸੋਲੇਸ਼ਨ ਵਾਰਡ ਦਾ ਨਿਰਮਾਣ ਕੀਤਾ ਗਿਆ ਹੈ ਜਦਕਿ ਹੋਰ ਟੈਸਟਾਂ ਦੇ ਪ੍ਰਬੰਧ ਵੀ ਮੁਕੰਮਲ ਕੀਤੇ ਗਏ ਹਨ। ਇਸ ਦੇ ਨਾਲ ਹੀ ਵਿਭਾਗ ਵੱਲੋਂ ਚੀਨ ਤੋਂ ਹਾਲ ਹੀ 'ਚ ਪਰਤੇ 156 ਲੋਕਾਂ 'ਤੇ ਵੀ ਕੜੀ ਨਜ਼ਰ ਰੱਖੀ ਜਾ ਰਹੀ ਹੈ। ਵਿਭਾਗ ਦੀਆਂ ਟੀਮਾਂ ਘਰਾਂ 'ਚ ਜਾ ਕੇ ਵਾਇਰਸ ਦੀ ਜਾਂਚ ਕਰ ਰਹੀਆਂ ਹਨ। ਉਕਤ ਸਾਰੇ ਲੋਕਾਂ 'ਚ ਵੀ ਕਰੋਨਾ ਵਾਇਰਸ ਹੋਣ 'ਤੇ ਪਾਏ ਜਾਉਣ ਵਾਲੇ ਲੱਛਣਾਂ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਕੋਈ ਵੀ ਵਿਅਕਤੀ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਨਜ਼ਰ ਨਹੀਂ ਆਇਆ। ਬੀਤੇ ਦਿਨਾਂ 'ਚ ਕੁਝ ਸ਼ੱਕੀ ਲੋਕਾਂ ਦੇ ਬਾਰੇ ਪਤਾ ਚਲਿਆ ਸੀ ਪਰ ਵਿਭਾਗ ਦੀ ਕੀਤੀ ਗਈ ਜਾਂਚ 'ਚ ਉਨ੍ਹਾਂ 'ਚ ਕੋਈ ਵੀ ਇਸ ਤਰ੍ਹਾਂ ਦਾ ਲੱਛਣ ਨਹੀਂ ਪਾਇਆ ਗਿਆ।

ਏਅਰਪੋਰਟ ਅਥਾਰਟੀ ਨੇ ਸੌਂਪੀ 156 ਲੋਕਾਂ ਦੀ ਲਿਸਟ
ਏਅਰਪੋਰਟ ਅਥਾਰਟੀ ਚੰਡੀਗੜ੍ਹ ਵੱਲੋਂ ਵਿਭਾਗ ਨੂੰ 156 ਇਸ ਤਰ੍ਹਾਂ ਦੀ ਲਿਸਟ ਭੇਜੀ ਗਈ ਸੀ ਜੋ ਹਾਲ ਹੀ 'ਚ ਚੀਨ ਤੋਂ ਹੋ ਕੇ ਆਏ ਹਨ। ਉਕਤ ਲੋਕਾਂ 'ਤੇ ਵਿਭਾਗ ਵੱਲੋਂ ਵਿਸ਼ੇਸ਼ ਨਜ਼ਰ ਰੱਖੀ ਜਾ ਰਹੀ ਹੈ। ਇਨ੍ਹਾਂ ਲੋਕਾਂ ਦੀ ਜਾਂਚ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਜੇਕਰ ਕੋਈ ਇਸ 'ਚ ਵੀ ਸ਼ੱਕੀ ਮਰੀਜ਼ ਪਾਇਆ ਗਿਆ ਤਾਂ ਜਲਦ ਉਸ ਦਾ ਇਲਾਜ ਸ਼ੁਰੂ ਕੀਤਾ ਜਾਵੇਗਾ। ਵਿਭਾਗ ਵੱਲੋਂ ਸੈਂਪਲ ਲੈ ਕੇ ਪੁਣੇ ਭੇਜਣ ਦੇ ਵੀ ਪੂਰੇ ਪ੍ਰਬੰਧ ਕਰ ਦਿੱਤੇ ਗਏ ਹਨ। ਇਨ੍ਹਾਂ ਲੋਕਾਂ 'ਤੇ 28 ਦਿਨਾਂ ਤਕ ਕੜੀ ਨਜ਼ਰ ਰੱਖੀ ਜਾਵੇਗੀ। ਇਸ ਦੇ ਇਲਾਵਾ ਇਨ੍ਹਾਂ ਲੋਕਾਂ ਨੂੰ 28 ਦਿਨਾਂ ਤਕ ਘਰਾਂ ਤੋਂ ਬਾਹਰ ਨਾ ਨਿਕਲਣ ਬਾਰੇ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ ਤਾਂ ਕਿ ਜੇਕਰ ਕੋਈ ਵਿਅਕਤੀ ਕੋਰੋਨਾ ਤੋਂ ਪੀੜਤ ਹੈ ਤਾਂ ਉਸ ਤੋਂ ਵਾਇਰਸ ਅੱਗੇ ਨਾ ਫੈਲ ਸਕੇ।

ਵਿਭਾਗ ਪੂਰੀ ਤਰ੍ਹਾਂ ਮੁਸਤੈਦ
ਐੱਸ. ਐੱਮ. ਓ. ਡਾ. ਸਤੀਸ਼ ਗੋਇਲ ਨੇ ਦੱਸਿਆ ਕਿ ਕੋਰੋਨਾ ਵਾਇਰਸ ਨੂੰ ਲੈ ਕੇ ਵਿਭਾਗ ਪੂਰੀ ਤਰ੍ਹਾਂ ਮੁਸਤੈਦ ਹੈ। ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਹਨ। ਚੀਨ ਤੋਂ ਵਾਪਸ ਆਉਣ ਵਾਲੇ ਲੋਕਾਂ 'ਤੇ ਵੀ ਕੜੀ ਨਜ਼ਰ ਰੱਖੀ ਜਾ ਰਹੀ ਹੈ ਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਕਿਸੇ ਵੀ ਵਿਅਕਤੀ 'ਚ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਦੇ ਲੱਛਣ ਮਿਲਦੇ ਹਨ ਤਾਂ ਜਲਦ ਉਸ ਨੂੰ ਤੇ ਉਸ ਦੇ ਪਰਿਵਾਰ ਵਾਲਿਆਂ ਦੇ ਸੈਂਪਲ ਲੈ ਕੇ ਪੁਣੇ ਭੇਜੇ ਜਾਣਗੇ। ਇਸ ਦੇ ਨਾਲ ਹੀ ਇਸ ਤਰ੍ਹਾਂ ਦੇ ਲੋਕਾਂ ਤੋਂ ਅਪੀਲ ਕੀਤੀ ਗਈ ਹੈ ਕਿ ਉਹ ਖੁੱਦ ਵੀ ਉਕਤ ਬਿਮਾਰੀ ਦਾ ਕੋਈ ਲੱਛਣ ਵੇਖਣ ਤਾਂ ਜਲਦ ਵਿਭਾਗ ਨੂੰ ਜਾਣਕਾਰੀ ਦੇਣ।


KamalJeet Singh

Content Editor

Related News