ਚਿੱਟੇ ਸੋਨੇ ਤੋਂ ਹਨ ਕਿਸਾਨਾਂ ਨੂੰ ਆਸਾਂ ਤੇ ਉਮੀਦਾਂ, 4 ਲੱਖ ਹੈਕਟੇਅਰ ਰਕਬੇ 'ਚ ਕੀਤੀ ਬਿਜਾਈ

09/16/2019 1:45:06 PM

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ਪਵਨ ਤਨੇਜਾ) - ਮਾਲਵਾ ਖੇਤਰ ਦੇ ਕੁਝ ਜ਼ਿਲਿਆਂ 'ਚ ਨਰਮੇ ਦੀ ਫਸਲ ਪ੍ਰਮੁੱਖ ਹੈ, ਜਿਸ ਕਾਰਨ ਕਿਸਾਨ ਵੱਡੀ ਪੱਧਰ 'ਤੇ ਨਰਮਾ ਬੀਜਦੇ ਹਨ। ਝੋਨੇ ਵੱਲ ਰੁਝਾਨ ਵੱਧ ਹੋਣ ਦੇ ਬਾਵਜੂਦ ਭਾਵੇਂ ਕਿਸਾਨਾਂ ਨੇ ਨਰਮੇ ਨਾਲੋਂ ਵੱਧ ਝੋਨਾ ਲਾਇਆ ਹੈ ਪਰ ਖੇਤੀਬਾੜੀ ਵਿਭਾਗ ਦੇ ਸੂਤਰਾਂ ਅਨੁਸਾਰ ਕਿਸਾਨਾਂ ਨੇ ਸੂਬੇ ਭਰ 'ਚ 4 ਲੱਖ ਹੈਕਟੇਅਰ ਰਕਬੇ 'ਚ ਨਰਮੇ ਦੀ ਬਿਜਾਈ ਕੀਤੀ ਹੈ। ਕਿਸਾਨਾਂ ਮੁਤਾਬਕ ਇਸ ਵਾਰ ਕੁਦਰਤ ਨੇ ਨਰਮੇ ਦੀ ਫਸਲ 'ਤੇ ਬਹੁਤ ਮਿਹਨਤ ਕੀਤੀ ਹੈ, ਜਿਸ ਸਦਕਾ ਫਸਲ ਬਹੁਤ ਵਧੀਆ ਖੜੀ ਹੈ। ਕਈ ਥਾਵਾਂ 'ਤੇ ਨਰਮੇ ਦੇ ਟੀਡੇਂ ਖਿੜ ਪਏ ਹਨ ਅਤੇ ਕਿਸਾਨਾਂ ਨੇ ਨਰਮਾ ਚੁੱਗਣਾ ਵੀ ਸ਼ੁਰੂ ਕਰ ਦਿੱਤਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜਿਸ ਹਿਸਾਬ ਨਾਲ ਚਿੱਟੇ ਸੋਨੇ ਨਰਮੇ ਦੀ ਫਸਲ ਨਿਖਰ ਕੇ ਸਾਹਮਣੇ ਆਈ ਹੈ, ਉਸ ਹਿਸਾਬ ਨਾਲ ਬਹੁਤ ਸਾਰੀਆਂ ਆਸਾਂ ਤੇ ਉਮੀਦਾਂ ਆਸਾਂ ਤੇ ਉਮੀਦਾਂ ਦਿਖਾਈ ਦੇ ਰਹੀਆਂ ਹਨ। ਪਿਛਲੇ ਸਾਲਾਂ ਦੌਰਾਨ ਮਾੜੇ ਬੀਜਾਂ ਤੇ ਘਟੀਆ ਕੀਟਨਾਸ਼ਕ ਦਵਾਈਆਂ ਕਾਰਨ ਨਰਮੇ ਦੀ ਫਸਲ ਦਾ ਪ੍ਰਤੀ ਏਕੜ ਝਾੜ 15 ਕੁ ਮਣ ਹੀ ਰਹਿ ਗਿਆ ਸੀ ਪਰ ਇਸ ਵਾਰ ਪ੍ਰਤੀ ਏਕੜ ਝਾੜ 25-27 ਮਣ ਨਿਕਲਣ ਦੀ ਸੰਭਾਵਨਾ ਹੈ। ਸਾਲ 2018 'ਚ ਪ੍ਰਤੀ ਕੁਇੰਟਲ ਮਿਲਣ ਦੀ ਆਸ ਹੈ। ਸਾਲ 2018 ਦੌਰਾਨ ਪ੍ਰਤੀ ਕੁਇੰਟਲ ਨਰਮਾ 5500 ਰੁਪਏ ਦੇ ਕਰੀਬ ਸੀ  ਪਰ ਇਸ ਵਾਰ ਨਰਮੇ ਦੀ ਫਸਲ ਮੰਡੀਆਂ 'ਚ ਵੱਧ ਰੇਟ 'ਤੇ ਵਿਕਣ ਬਾਰੇ ਕਿਹਾ ਜਾ ਰਿਹਾ ਹੈ।

ਨਰਮੇ ਦੀ ਖਰੀਦ ਸਰਕਾਰੀ ਖਰੀਦ ਏਜੰਸੀ ਦੇ ਨੁਮਾਇੰਦੇ ਕਰਨ
ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਨਰਮੇ ਦੀ ਖਰੀਦ ਸਾਰੀਆਂ ਮੰਡੀਆਂ 'ਚ ਸਰਕਾਰੀ ਖਰੀਦ ਏਜੰਸੀ ਸੀ.ਸੀ.ਆਈ. ਦੇ ਨੁਮਾਇੰਦੇ ਕਰਨ। ਕਿਉਂਕਿ ਪ੍ਰਾਈਵੇਟ ਵਪਾਰੀਆਂ ਵਲੋਂ ਕਿਸਾਨਾਂ ਦਾ ਨਰਮਾ ਘੱਟ ਰੇਟ ਨਾਲ ਖਰੀਦਿਆ ਜਾਂਦਾ ਹੈ। ਮਿਲੀਆਂ ਰਿਪੋਰਟਾਂ ਅਨੁਸਾਰ ਨਰਮੇ ਨੂੰ ਇਸ ਵਾਰ ਸੁੰਡੀ ਤੇ ਹੋਰ ਬਿਮਾਰੀਆਂ ਘੱਟ ਹਨ।  

ਨਰਮੇ ਦਾ ਬੀਜ
ਇਸ ਖੇਤਰ 'ਚ ਕਿਸਾਨਾਂ ਨੇ ਬੀ.ਟੀ.ਕਾਟਨ ਬੀਜ ਜੋ ਗੁਜਰਾਤ 'ਚ ਤਿਆਰ ਹੁੰਦੇ ਹਨ, ਦੀ ਵਰਤੋਂ ਕੀਤੀ ਹੈ। ਜ਼ਿਆਦਾ ਥਾਵਾਂ 'ਤੇ ਨਰਮੇ ਦੀ ਕਿਸਮ 776 ਅਤੇ 773 ਦਿਖਾਈ ਦੇ ਰਹੀ ਹੈ। ਜ਼ਿਕਰਯੋਗ ਹੈ ਕਿ ਪੰਜਾਬ 'ਚ ਬੀ.ਟੀ. ਕਾਟਨ ਨਰਮੇ ਦਾ ਬੀਜ ਅਜੇ ਤੱਕ ਤਿਆਰ ਨਹੀਂ ਹੋ ਰਿਹਾ।

ਨਹਿਰੀ ਪਾਣੀ ਦੀ ਘਾਟ ਦੇ ਬਾਵਜੂਦ ਨਰਮਾ ਨਿਖਰਿਆ
ਜ਼ਿਲਾ ਸ੍ਰੀ ਮੁਕਤਸਰ ਸਾਹਿਬ ਅਤੇ ਜ਼ਿਲਾ ਫਾਜ਼ਿਲਕਾ 'ਚ ਨਰਮੇ ਦੀ ਕਾਫ਼ੀ ਫਸਲ ਹੈ ਪਰ ਦੋਵਾਂ ਜ਼ਿਲਿਆਂ 'ਚ ਇਸ ਵਾਰ ਨਹਿਰੀ ਪਾਣੀ ਦੀ ਵੱਡੀ ਘਾਟ ਰਹੀ ਹੈ। ਨਹਿਰਾਂ, ਰਜਬਾਹੇ ਤੇ ਕੱਸੀਆਂ ਨਹਿਰ ਵਿਭਾਗ ਨੇ ਬੰਦ ਰੱਖੀਆਂ ਹਨ। ਇਸਦੇ ਬਾਵਜੂਦ ਨਰਮੇ ਦੀ ਫਸਲ ਨਿਖਰ ਕੇ ਸਾਹਮਣੇ ਆਈ ਹੈ। ਕਿਸਾਨਾਂ ਵਲੋਂ ਕੁਝ ਦਿਨਾਂ ਤੱਕ ਨਰਮੇ ਦੀ ਫਸਲ ਮੰਡੀਆਂ 'ਚ ਭੇਜਣੀ ਸ਼ੁਰੂ ਕਰ ਦਿੱਤੀ ਜਾਵੇਗੀ ਤੇ ਖੂਬ ਰੌਣਕਾਂ ਲੱਗਣਗੀਆਂ। ਅਜੇ ਤਾਂ ਨਰਮਾ ਚੁੱਗ ਕੇ ਕਿਸਾਨ ਉਸ ਨੂੰ ਆਪਣੇ ਘਰਾਂ 'ਚ ਹੀ ਸੰਭਾਲ ਰਹੇ ਹਨ।


rajwinder kaur

Content Editor

Related News