ਹਰਸਿਮਰਤ ਬਾਦਲ ਦੀ ਪੰਜਾਬ ਸਰਕਾਰ ਨੂੰ ਵੱਡੀ ਚੁਣੌਤੀ, ਹੁਣ 24 ਘੰਟਿਆਂ ''ਚ ਬੰਦ ਹੋਣਾ ਚਾਹੀਦੈ ਨਸ਼ਾ

12/21/2021 2:58:21 PM

ਚੰਡੀਗੜ੍ਹ  (ਵੈੱਬ ਡੈਸਕ): ਸਾਬਕਾ ਕੈਬਨਿਟ ਮੰਤਰੀ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠਿਆ ਖ਼ਿਲਾਫ਼ ਦਰਜ ਹੋਏ ਪਰਚੇ ਮਗਰੋਂ ਹਰਸਿਮਰਤ ਕੌਰ ਬਾਦਲ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਹਰਸਿਮਰਤ ਨੇ ਕਿਹਾ ਹੈ ਕਿ ਪਰਚਾ ਦਰਜ ਹੋਣ ਨਾਲ ਵਿਰੋਧੀਆਂ ਦੇ ਸਾਹ ਵਿੱਚ ਸਾਹ ਆਇਆ ਹੋਵੇਗਾ ਅਤੇ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲ ਗਈ ਹੋਵੇਗੀ। ਹਰਸਿਮਰਤ ਨੇ ਪੰਜਾਬ ਸਰਕਾਰ ਨੂੰ ਵੱਡੀ ਚੁਣੌਤੀ ਦਿੰਦਿਆਂ ਕਿਹਾ ਕਿ ਹੁਣ ਘਰ-ਘਰ ਪਹੁੰਚਿਆ ਨਸ਼ਾ 24 ਘੰਟਿਆਂ ਵਿੱਚ ਬੰਦ ਹੋ ਜਾਣਾ ਚਾਹੀਦਾ ਹੈ। ਜੇਕਰ ਨਸ਼ਾ ਬੰਦ ਨਹੀਂ ਹੁੰਦਾ ਤਾਂ ਫਿਰ ਮੁੱਖ ਮੰਤਰੀ ਚੰਨੀ, ਨਵਜੋਤ ਸਿੱਧੂ ਸਮੇਤ ਸਾਰੀ ਕਾਂਗਰਸ ਫੇਲ੍ਹ ਮੰਨੀ ਜਾਵੇਗੀ। 

ਇਹ ਵੀ ਪੜ੍ਹੋਪੰਜਾਬ 'ਚ ਵੱਡਾ ਧਮਾਕਾ ਕਰਨ ਦੀ ਰੌਂਅ 'ਚ ਭਾਜਪਾ, ਬਦਲਣਗੇ ਸਿਆਸੀ ਸਮੀਕਰਨ

ਹਰਸਿਮਰਤ ਨੇ ਪੰਜਾਬ ਸਰਕਾਰ 'ਤੇ ਵੱਡਾ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਇਹ ਸਭ ਬਦਲਾਖੋਰੀ ਦੀ ਰਾਜਨੀਤੀ ਤਹਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਰਾਤ ਦੇ ਹਨ੍ਹੇਰੇ ਵਿੱਚ ਡੀ.ਜੀ.ਪੀ. ਬਦਲੇ ਜਾਂਦੇ ਹਨ ਅਤੇ ਰਾਤ ਨੂੰ ਹੀ ਪਰਚਾ ਦਰਜ ਕੀਤਾ ਜਾਂਦਾ ਹੈ। ਪੰਜਾਬ ਸਰਕਾਰ ਨੂੰ ਸਵਾਲਾਂ ਦੇ ਘੇਰੇ ਵਿੱਚ ਖੜਾ ਕਰਦਿਆਂ ਹਰਸਿਮਰਤ ਨੇ ਕਿਹਾ ਕਿ ਦਰਬਾਰ ਸਾਹਿਬ 'ਚ ਹੋਈ ਬੇਅਦਬੀ 'ਤੇ ਚੁੱਪ ਧਾਰੀ ਬੈਠੇ ਆਗੂ ਲੋਕਾਂ ਦਾ ਧਿਆਨ ਭਟਕਾਉਣ ਲਈ ਪਰਚੇ ਦਰਜ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਪਰਚਾ ਦਰਜ ਕਰਵਾਉਣ ਵਾਲਿਆਂ ਦੀ ਆਤਮਾ ਨੂੰ ਸ਼ਾਂਤੀ ਮਿਲ ਗਈ ਹੋਵੇਗੀ। ਹਰਸਿਮਰਤ ਨੇ ਕਿਹਾ ਕਿ ਅਕਾਲੀ ਦਲ ਅਜਿਹੇ ਪਰਚਿਆਂ ਤੋਂ ਡਰਦਾ ਨਹੀਂ ਹੈ ਕਿਉਂਕਿ 2006 ਵਿੱਚ ਵੀ ਕੈਪਟਨ ਨੇ ਇਸੇ ਡੀ.ਜੀ.ਪੀ. ਨੂੰ ਬਾਦਲਾਂ ਖ਼ਿਲਾਫ਼ ਝੂਠੇ ਪਰਚੇ ਦਰਜ ਕਰਨ ਲਈ ਵਰਤਿਆ ਸੀ।

ਇਹ ਵੀ ਪੜ੍ਹੋCM ਚੰਨੀ ਨੇ ਸਾਬਤ ਕੀਤਾ ਕਿ ਉਹ ‘ਰਬੜ ਦੀ ਸਟੈਂਪ’ ਨਹੀਂ

ਬੀਤੀ ਰਾਤ ਦਰਜ ਹੋਇਆ ਮਜੀਠੀਆ ’ਤੇ ਮਾਮਲਾ
ਪੰਜਾਬ ਸਰਕਾਰ ਨੇ ਬੀਤੀ ਅੱਧੀ ਰਾਤ ਨੂੰ ਅਕਾਲੀ ਨੇਤਾ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਕੇਸ ਦਰਜ ਕੀਤਾ। ਇਹ ਕੇਸ ਮੋਹਾਲੀ ਵਿਚ ਬਿਊਰੋ ਆਫ ਇਨਵੈਸਟੀਗੇਸ਼ਨ (ਬੀ. ਓ.ਆਈ.) ਵਲੋਂ ਸਟੇਟ ਕ੍ਰਾਈਮ ਪੁਲਸ ਥਾਣੇ ਵਿਚ ਦਰਜ ਕੀਤਾ ਗਿਆ ਹੈ। ਮਜੀਠੀਆ ਖ਼ਿਲਾਫ਼ ਡਰੱਗ ਮਾਮਲੇ ਨੂੰ ਲੈ ਕੇ ਲਗਾਤਾਰ ਦੋਸ਼ ਲਗਾਏ ਜਾ ਰਹੇ ਸਨ। ਇਹ ਕੇਸ ਐੱਨ. ਡੀ. ਪੀ. ਐੱਸ. ਐਕਟ ਦੀ ਧਾਰਾ 25/27ਏ/29 ਦੇ ਤਹਿਤ ਦਰਜ ਕੀਤਾ ਗਿਆ ਹੈ। ਪਰਚਾ ਦਰਜ ਹੋਣ ਤੋਂ ਬਾਅਦ ਖ਼ਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਮਜੀਠੀਆ ਨੂੰ ਕਿਸੇ ਸਮੇਂ ਵੀ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ।

ਨੋਟ: ਇਸ ਖਬਰ ਸਬੰਧੀ ਕੀ ਹੈ ਤੁਹਾਡੀ ਰਾਏ ? ਕੁਮੈਂਟ ਕਰਕੇ ਦਿਓ ਜਵਾਬ

Harnek Seechewal

This news is Content Editor Harnek Seechewal