ਹੈਪੀ ਪੀ.ਐੱਚ. ਡੀ. ਦੀ ਹੱਤਿਆ ਨਾਲ ਖ਼ਾਲਿਸਤਾਨੀ ਅੱਤਵਾਦੀਆਂ ਨੂੰ ਵੱਡਾ ਝਟਕਾ

01/30/2020 2:56:13 PM

ਨਾਭਾ (ਜੈਨ): ਲਾਹੌਰ ਵਿਚ ਗੁ. ਡੇਰਾ ਚਾਹਲ ਨੇੜੇ ਖਾਲਿਸਤਾਨ ਲਿਬਰੇਸ਼ਨ ਫੋਰਸ (ਕੇ. ਐੱਲ. ਐੱਫ.) ਦੇ ਪ੍ਰਮੁੱਖ ਅੱਤਵਾਦੀ ਹਰਮੀਤ ਸਿੰਘ ਹੈਪੀ ਪੀਐੱਚ. ਡੀ. ਦੀ ਹੱਤਿਆ ਨਾਲ ਅੱਤਵਾਦੀਆਂ ਨੂੰ ਵੱਡਾ ਝਟਕਾ ਲੱਗਾ ਹੈ। ਇਥੇ ਥਾਣਾ ਕੋਤਵਾਲੀ ਵਿਚ ਨਾਭਾ ਜੇਲ ਬ੍ਰੇਕ ਕਾਂਡ ਦੇ ਮੁੱਖ ਸਾਜ਼ਿਸ਼ਕਰਤਾ ਅਤੇ ਮਾਸਟਰ ਮਾਈਂਡ ਗੈਂਗਸਟਰ ਰਮਨਜੀਤ ਸਿੰਘ ਉਰਫ ਰੋਮੀ ਖਿਲਾਫ 3 ਜੂਨ 2016 ਅਤੇ 27 ਨਵੰਬਰ 2016 ਨੂੰ ਵੱਖ-ਵੱਖ ਸੰਗੀਨ ਧਾਰਾਵਾਂ ਅਧੀਨ ਮਾਮਲੇ ਦਰਜ ਹੋਏ ਸਨ। ਦੋ ਸਾਲ ਪਹਿਲਾਂ ਹੋਈ ਉੱਚ ਪੱਧਰੀ ਪੁਲਸ ਜਾਂਚ ਵਿਚ ਸਾਹਮਣੇ ਆਇਆ ਸੀ ਕਿ ਹੈਪੀ ਪੀਐੱਚ. ਡੀ. ਅਤੇ ਰੋਮੀ ਵਿਚਕਾਰ ਮਈ ਅਤੇ ਜੁਲਾਈ 2017 ਦਰਮਿਆਨ ਘੱਟੋ-ਘੱਟ ਤਿੰਨ ਵਾਰੀ ਆਪਸ ਵਿਚ ਲੰਬੀ ਗੱਲਬਾਤ ਹੋਈ ਸੀ। ਹੈਪੀ ਦੇ ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਜੌਹਲ ਉਰਫ ਜੱਗੀ ਨਾਲ ਚੰਗੇ ਸਬੰਧ ਸਨ, ਜਿਸ ਨੂੰ ਪੰਜਾਬ ਪੁਲਸ ਨੇ ਹਿੰਦੂ ਆਗੂਆਂ ਦੀ ਟਾਰਗੈੱਟ ਕਿਲਿੰਗਜ਼ ਮਾਮਲਿਆਂ ਵਿਚ ਗ੍ਰਿਫ਼ਤਾਰ ਕੀਤਾ ਸੀ। ਉਹ ਜੇਲ ਵਿਚ ਬੰਦ ਹੈ।

ਰੋਮੀ ਗੈਂਗਸਟਰ ਨੇ ਹੈਪੀ ਰਾਹੀਂ ਹੀ ਜੱਗੀ ਨਾਲ ਸੰਪਰਕ ਬਣਾਇਆ ਸੀ। ਰੋਮੀ ਇਸ ਸਮੇਂ ਹਾਂਗਕਾਂਗ ਦੀ ਜੇਲ ਵਿਚ ਬੰਦ ਹੈ ਉਸ ਨੂੰ ਭਾਰਤ ਲਿਆਉਣ ਲਈ ਪੰਜਾਬ ਪੁਲਸ ਲੰਬੇ ਸਮੇਂ ਤੋਂ ਯਤਨ ਕਰ ਰਹੀ ਹੈ। ਰੋਮੀ ਨੂੰ ਫਰਵਰੀ 2018 ਵਿਚ ਹਾਂਗਕਾਂਗ ਪੁਲਸ ਨੇ ਡਕੈਤੀ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਸੀ। ਹੈਪੀ ਪੁਲਸ ਲਈ ਰੋਮੀ ਵਾਂਗ ਹੀ ਮੋਸਟ ਵਾਂਟਿਡ ਸੀ। ਇਸ ਤੋਂ ਵਿਦੇਸ਼ਾਂ ਵਿਚ ਰਹਿੰਦੇ ਅੱਤਵਾਦੀਆਂ ਅਤੇ ਗੈਂਗਸਟਰਾਂ ਨੂੰ ਮਿਲਦੀ ਫੰਡਿੰਗ ਅਤੇ ਡਰੱਗ ਮਾਫੀਆ ਬਾਰੇ ਜਾਂਚ ਹੋਣੀ ਸੀ। ਅੱਤਵਾਦੀ ਹੈਪੀ ਤੋਂ ਪਹਿਲਾਂ ਕੇ. ਐੱਲ. ਐੱਫ. ਦਾ ਮੁਖੀ ਹਰਮਿੰਦਰ ਸਿੰਘ ਮਿੰਟੂ ਸੀ, ਜਿਸ ਦੀ ਕੁਝ ਸਮਾਂ ਪਹਿਲਾਂ ਪਟਿਆਲਾ ਸੈਂਟਰਲ ਜੇਲ ਵਿਚ ਮੌਤ ਹੋ ਗਈ ਸੀ।

ਮਿੰਟੂ ਨੂੰ ਪਹਿਲੀ ਵਾਰੀ ਇਥੇ ਮੈਕਸੀਮਮ ਸਕਿਓਰਿਟੀ ਜੇਲ ਵਿਚ 20 ਦਸੰਬਰ 2014 ਨੂੰ ਲਿਆਂਦਾ ਗਿਆ ਸੀ। ਮਿੰਟੂ ਖਿਲਾਫ ਅਨੇਕਾਂ ਮਾਮਲੇ 28 ਅਗਸਤ 2009 ਤੋਂ ਲੈ ਕੇ 2 ਅਗਸਤ 2014 ਤੱਕ ਦਰਜ ਹੋਏ ਸਨ। ਮਿੰਟੂ ਅਤੇ ਗੈਂਗਸਟਰ ਧਰਮਿੰਦਰ ਗੁਗਨੀ ਦੇ ਇਥੇ ਜੇਲ ਵਿਚ 6 ਸਤੰਬਰ ਤੋਂ 26 ਨਵੰਬਰ 2016 ਵਿਚ ਆਪਸੀ ਸਬੰਧ ਰਹੇ। ਹਿੰਦੂ ਆਗੂਆਂ ਦੇ ਕਤਲ ਕਰਵਾਉਣ ਦੀ ਸਾਜ਼ਿਸ਼ ਭਾਵੇਂ ਵਿਦੇਸ਼ਾਂ ਵਿਚ ਰਚੀ ਗਈ ਸੀ ਪਰ ਮਿੰਟੂ, ਗੁਗਨੀ ਅਤੇ ਰੋਮੀ ਨੇ ਇਥੋਂ ਜੇਲ ਵਿਚੋਂ ਹੀ ਇੰਟਰਨੈੱਟ ਵਰਗ ਨਾਲ ਵਿਦੇਸ਼ਾਂ ਵਿਚ ਬੈਠੇ ਅੱਤਵਾਦੀਆਂ ਅਤੇ ਗੈਂਗਸਟਰਾਂ ਨਾਲ ਸੰਪਰਕ ਬਣਾਇਆ ਸੀ। ਸਾਬਕਾ ਡੀ. ਜੀ. ਪੀ. ਸੁਰੇਸ਼ ਅਰੋੜਾ ਨੇ ਮੁੱਖ ਮੰਤਰੀ ਦੇ ਨਿਰਦੇਸ਼ਾਂ 'ਤੇ ਟਾਰਗੈੱਟ ਕਿਲਿੰਗ ਮਾਮਲਿਆਂ ਦੀ ਜਾਂਚ ਕਰ ਕੇ ਗੈਂਗਸਟਰਾਂ ਦਾ ਲੱਕ ਤੋੜਿਆ ਸੀ।


Shyna

Content Editor

Related News