ਕੀ ਹੰਸ ਰਾਜ ਜੋਸਨ ਅਕਾਲੀ ਦਲ ’ਚ ਜਾਣ ਤੋਂ ਪਹਿਲਾ ਪਲਾਨਿੰਗ ਬੋਰਡ ਦੇ ਅਹੁੱਦੇ ਤੋਂ ਦੇਣਗੇ ਅਸਤੀਫਾ!

04/11/2021 10:16:16 PM

ਜਲਾਲਾਬਾਦ, (ਸ਼ੇਤੀਆ)- ਕਾਂਗਰਸ ਪਾਰਟੀ ਦੀ ਟਿਕਟ ਤੋਂ 2 ਵਾਰ ਵਿਧਾਇਕ ਅਤੇ ਇਕ ਵਾਰ ਮੰਤਰੀ ਰਹੇ ਪਿੰਡ ਬੰਦੀ ਵਾਲਾ ਨਾਲ ਸਬੰਧਤ ਹੰਸ ਰਾਜ ਜੋਸਨ ਆਉਣ ਵਾਲੀ 14 ਅਪ੍ਰੈਲ ਨੂੰ ਸ਼੍ਰੋਮਣੀ ਅਕਾਲੀ ਦਲ ਪਾਰਟੀ ’ਚ ਸ਼ਾਮਲ ਹੋ ਸਕਦੇ ਹਨ। ਇਨ੍ਹਾਂ ਚਰਚਾਵਾਂ ਦਾ ਬਜਾਰ ਇਸ ਲਈ ਵੀ ਗਰਮ ਹੈ ਕਿਉਂਕਿ ਕਈ ਕਾਂਗਰਸ ਵਰਕਰਾਂ ਨੂੰ ਇਸ ਸਬੰਧੀ ਫੋਨ ਕੀਤੇ ਜਾ ਰਹੇ ਹਨ ਕਿ ਉਹ 14 ਅਪ੍ਰੈਲ ਨੂੰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ ਦਲ ’ਚ ਜਾ ਰਹੇ ਹਨ। ਉਧਰ ਹੰਸ ਰਾਜ ਜੋਸਨ ਵਲੋਂ ਅਕਾਲੀ ਦਲ ’ਚ ਸ਼ਾਮਲ ਹੋਣ ਦੀਆਂ ਚਰਚਾਵਾਂ ਤੋਂ ਬਾਅਦ ਹੁਣ ਇਹ ਵੀ ਸੁਹਾਂ ਉੱਠਣ ਲੱਗੀਆਂ ਹਨ ਕਿ ਹੰਸ ਰਾਜ ਜੋਸਨ ਅਕਾਲੀ ਦਲ ’ਚ ਜਾਣ ਤੋਂ ਪਹਿਲਾਂ ਜ਼ਿਲ੍ਹਾਂ ਯੋਜਨਾ ਬੋਰਡ ਦੇ ਚੇਅਰਮੈਨ ਅਹੁੱਦੇ ਤੋਂ ਅਸਤੀਫਾ ਦੇਣਗੇ ਕਿਉਂਕਿ ਇਹ ਵੀ ਇਕ ਸਵਾਲ ਹੈ ਕਿ ਜੇਕਰ ਉਹ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ ਹੁੰਦੇ ਹਨ ਤਾਂ ਉਨ੍ਹਾਂ ਪਹਿਲਾਂ ਨੈਤਿਕਤਾ ਦੇ ਆਧਾਰ 'ਤੇ ਚੇਅਰਮੈਨ ਦੇ ਅਹੁੱਦੇ ਤੋਂ ਅਸਤੀਫਾ ਦੇਣਾ ਹੋਵੇਗਾ। ਇਹ ਹੀ ਨਹੀਂ ਹੰਸ ਰਾਜ ਜੋਸਨ ਦੇ ਬੇਟੇ ਹਰਪ੍ਰੀਤ ਸਿੰਘ ਰੋਜੀ ਜੋਸਨ ਬਲਾਕ ਸੰਮਤੀ ਮੈਂਬਰ ਤੇ ਯੂਥ ਕਾਂਗਰਸ ਦੇ ਜਨਰਲ ਸਕੱਤਰ ਵੀ ਹਨ। ਇਥੇ ਦੱਸਣਯੋਗ ਹੈ ਕਿ ਹੰਸ ਰਾਜ ਜੋਸਨ ਪਿਛਲੇ ਕੁੱਝ ਸਮੇ ਦੌਰਾਨ ਹਲਕੇ ਅੰਦਰ ਕਾਂਗਰਸ ਦੇ ਕੰਮ-ਕਾਜ ਨੂੰ ਲੈ ਕੇ ਸਵਾਲ ਚੁੱਕਦੇ ਰਹੇ ਹਨ। ਉਧਰ ਇਹ ਵੀ ਕਿਆਸਰੀਆਂ ਲਗਾਈਆ ਜਾ ਰਹੀਆਂ ਹਨ ਕਿ ਹੰਸ ਰਾਜ ਜੋਸਨ ਅਕਾਲੀ ਦਲ ’ਚ ਸ਼ਾਮਲ ਹੋਣ ਤੋਂ ਬਾਅਦ ਫਾਜਿਲਕਾ ਤੋਂ ਚੋਣ ਲੜ ਸਕਦੇ ਹਨ ਕਿਉਂਕਿ ਬੀਜੇਪੀ ਨਾਲੋਂ ਨਾਤਾ ਟੁੱਟਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਨੂੰ ਫਾਜ਼ਿਲਕਾ ’ਚ ਉਮੀਦਵਾਰ ਦੀ ਜਰੂਰਤ ਹੈ।
 ਇਸ ਸਬੰਧੀ ਜਦੋਂ ਸਾਬਕਾ ਜੰਗਲਾਤ ਮੰਤਰੀ ਹੰਸ ਰਾਜ ਜੋਸਨ ਨਾਲ ਗੱਲਬਾਤ ਕੀਤੀ ਗਈ ਤਾਂ ਪਹਿਲਾਂ ਤਾਂ ਉਨ੍ਹਾਂ ਨੇ ਅਕਾਲੀ ਦਲ ’ਚ ਜਾਣ ਤੋਂ ਸਾਫ ਇਨਕਾਰ ਕਰ ਦਿੱਤਾ ਪਰ ਬਾਅਦ ’ਚ ਜਦ ਇਹ ਪੁੱਛਿਆ ਗਿਆ ਕਿ ਉਹ ਆਪਣੇ ਵਰਕਰਾਂ ਨੂੰ ਫੋਨ ਕਰਕੇ ਇਕੱਠ ’ਚ ਸ਼ਾਮਲ ਹੋਣ ਲਈ ਕਹਿ ਰਹੇ ਹਨ ਤਾਂ ਇਸ ਤੋਂ ਬਾਅਦ ਉਨ੍ਹਾਂ ਨੇ ਸਾਫ ਜਵਾਬ ਨਹੀਂ ਦਿੱਤਾ ਅਤੇ ਸਮਾਂ ਆਉਣ ਅਤੇ ਫੈਸਲਾ ਲੈਣ ਦੀ ਗੱਲ ਕਹਿ ਦਿੱਤੀ।


Bharat Thapa

Content Editor

Related News