ਸੰਗੀਤ ਸਾਹਿੱਤ ਤੇ ਕਲਾ ਸਾਧਕਾਂ ਦਾ ਬੁਢਾਪਾ ਸੰਭਾਲਣ ਲਈ ਲਿਆਵਾਂਗੇ ਯੋਜਨਾ : ਹੰਸ ਰਾਜ ਹੰਸ

02/26/2020 10:26:08 PM

ਲੁਧਿਆਣਾ : ਮੈਂਬਰ ਪਾਰਲੀਮੈਂਟ ਤੇ ਪੰਜਾਬੀ ਲੋਕ ਗਾਇਕ ਹੰਸ ਰਾਜ ਹੰਸ ਅੱਜ ਸ਼ਹੀਦ ਭਗਤ ਸਿੰਘ ਨਗਰ ਲੁਧਿਆਣਾ ਵਿਖੇ ਪਹੁੰਚੇ, ਜਿਥੇ ਲੋਕ ਵਿਰਾਸਤ ਅਕਾਡਮੀ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਅਸੀਂ ਸੰਗੀਤ ਸਾਹਿੱਤ ਤੇ ਕਲਾ ਸਾਧਕਾਂ ਦਾ ਬੁਢਾਪਾ ਸੰਭਾਲਣ ਲਈ ਕੇਂਦਰ ਤੇ ਸੂਬਾਈ ਸਰਕਾਰਾਂ 'ਚ ਤਾਲਮੇਲ ਆਧਾਰਿਤ ਵਿਆਪਕ ਯੋਜਨਾ ਅਮਲ 'ਚ ਲਿਆਵਾਂਗੇ ਤੇ ਇਸ ਸਬੰਧ 'ਚ ਮੁਹੰਮਦ ਸਦੀਕ ਤੇ ਭਗਵੰਤ ਮਾਨ ਸਮੇਤ ਸਾਰੇ ਕਲਾਪ੍ਰਸਤ ਮੈਂਬਰ ਪਾਰਲੀਮੈਂਟ ਸਾਹਿਬਾਨਾਂ ਦਾ ਸਹਿਯੋਗ ਵੀ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਾਹਿੱਤ ਕਲਾ ਤੇ ਸਭਿਆਚਾਰ ਨਾਲ ਸਬੰਧਿਤ ਸੰਸਥਾਵਾਂ ਨੂੰ ਬਜ਼ੁਰਗ ਕਲਾਕਾਰਾਂ, ਲੇਖਕਾਂ, ਗਾਇਕਾਂ, ਬੁੱਤ ਤਰਾਸ਼ਾਂ, ਚਿਤਰਕਾਰਾਂ ਦਾ ਸਿਹਤ ਸਰਵੇਖਣ ਨਾਲੋਂ-ਨਾਲ ਕਰਕੇ ਰਾਜ ਤੇ ਕੇਂਦਰ ਸਰਕਾਰਾਂ ਨੂੰ ਘੱਲਣਾ ਚਾਹੀਦਾ ਹੈ ਤਾਂ ਜੋ ਇਸ ਨੂੰ ਵਿਅਕਤੀ ਆਧਾਰਿਤ ਨਾ ਰਹਿਣ ਦਿੱਤਾ ਜਾਵੇ ਸਗੋਂ ਸਰਬੱਤ ਲਈ ਲਾਗੂ ਕੀਤਾ ਜਾਵੇ। ਇਨ੍ਹਾਂ ਵਰਗਾਂ ਦੀ ਸਮੂਹ ਸਿਹਤ ਬੀਮਾ ਯੋਜਨਾ ਵੀ ਕੌਮੀ ਪੱਧਰ 'ਤੇ ਲਾਗੂ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। 

ਹੰਸ ਰਾਜ ਹੰਸ ਨੇ ਇਸ ਤੋਂ ਪਹਿਲਾਂ ਵਿਸ਼ਵ ਪ੍ਰਸਿੱਧ ਸਮਾਜ ਸੇਵਕ ਸ. ਪ. ਸ. ਓਬਰਾਏ ਚੇਅਰਮੈਨ ਸਰਬੱਤ ਦਾ ਭਲਾ ਟਰਸਟ, ਭਾਜਪਾ ਆਗੂ ਜਸਵੰਤ ਸਿੰਘ ਛਾਪਾ ਤੇ ਕੌਮਾਂਤਰੀ ਲੋਕ ਗਾਇਕ ਸੁਰਿੰਦਰ ਛਿੰਦਾ ਨੂੰ ਨਾਲ ਲੈ ਕੇ ਸ੍ਵ: ਕੁਲਦੀਪ ਮਾਣਕ ਪਰਿਵਾਰ ਤੇ ਹਰਦੇਵ ਦਿਲਗੀਰ (ਥਰੀਕੇ ਵਾਲਾ) ਨਾਲ ਮੁਲਾਕਾਤ ਕੀਤੀ। ਉਨ੍ਹਾਂ ਦੇ ਮਸ਼ਵਰੇ 'ਤੇ ਹੀ ਸ. ਪ. ਸ. ਓਬਰਾਏ ਜੀ ਨੇ ਕੁਲਦੀਪ ਮਾਣਕ ਜੀ ਦੀ ਜੀਵਨ ਸਾਥਣ ਬੀਬੀ ਸਰਬਜੀਤ ਕੌਰ ਮਾਣਕ ਨੂੰ ਦਸ ਹਜ਼ਾਰ ਰੁਪਏ ਮਾਸਿਕ ਸਹਾਇਤਾ ਰਾਸ਼ੀ ਸਰਬੱਤ ਦਾ ਭਲਾ ਟਰਸਟ ਵੱਲੋਂ ਜਾਰੀ ਕਰਨ ਦੇ ਪੱਤਰ ਸੌਂਪੇ ਅਤੇ ਮਾਣਕ ਜੀ ਦੇ ਸਪੁੱਤਰ ਯੁੱਧਵੀਰ ਮਾਣਕ ਦੀ ਸਿਹਤ ਬਾਰੇ ਜਾਣਕਾਰੀ ਹਾਸਲ ਕੀਤੀ। 

ਹੰਸ ਰਾਜ ਹੰਸ ਤੇ ਸੁਰਿੰਦਰ ਛਿੰਦਾ ਨੇ ਦੱਸਿਆ ਕਿ ਪੰਜਾਬੀ ਲੋਕ ਸੰਗੀਤ ਤੇ ਗੁਰਬਾਣੀ ਸੰਗੀਤ ਨੂੰ ਵੀਹਵੀਂ ਸਦੀ 'ਚ ਸਭ ਤੋਂ ਵੱਧ ਸਮਾਂ ਸੰਗੀਤ ਸਿੱਖਿਆ ਅਤੇ ਸਮਰਪਿਤ ਸਾਧਨਾ ਵਾਲੇ ਸੰਗੀਤ ਮਾਰਤੰਡ ਉਸਤਾਦ ਜਸਵੰਤ ਭੰਵਰਾ ਦਾ ਲੁਧਿਆਣਾ 'ਚ ਕਿਸੇ ਢੁਕਵੀਂ ਥਾਂ 'ਤੇ ਬੁੱਤ ਸਥਾਪਤ ਕੀਤਾ ਜਾਵੇਗਾ। ਦੋਹਾਂ ਕਲਾਕਾਰਾਂ ਨੇ ਦੱਸਿਆ ਕਿ ਉਸਤਾਦ ਜਸਵੰਤ ਭੰਵਰਾ ਦੀ ਜੀਵਨੀ ਲਿਖਵਾ ਕੇ ਵੀ ਪ੍ਰਕਾਸ਼ਿਤ ਕਰਵਾਈ ਜਾਵੇਗੀ। ਸਰਬੱਤ ਦਾ ਭਲਾ ਟਰਸਟ ਦੇ ਚੇਅਰਮੈਨ ਸ. ਪ. ਸ. ਓਬਰਾਏ ਨੇ ਵੀ ਇਹ ਸੇਵਾ ਲਈ ਹੈ। ਪੰਜਾਬੀ ਸਾਹਿੱਤ ਅਕਾਡਮੀ ਦੇ ਪ੍ਰਧਾਨ ਪ੍ਰੋ: ਰਵਿੰਦਰ ਸਿੰਘ ਭੱਠਲ ਤੇ ਦਫ਼ਤਰ ਸਕੱਤਰ ਡਾ: ਗੁਰਇਕਬਾਲ ਸਿੰਘ ਪਾਸੋਂ ਦੋਵਾਂ ਕਲਾਕਾਰਾਂ ਨੇ ਪੰਜਾਬੀ ਸਾਹਿੱਤ ਅਕਾਡਮੀ ਅਤੇ ਪੰਜਾਬੀ ਭਵਨ ਸਰਗਰਮੀਆਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ। ਹੰਸ ਰਾਜ ਨੇ ਦੱਸਿਆ ਕਿ ਲੁਧਿਆਣਾ 'ਚ ਸ: ਜਗਦੇਵ ਸਿੰਘ ਜੱਸੋਵਾਲ ਤੇ ਗੁਰਭਜਨ ਗਿੱਲ ਦੇ ਬੁਲਾਵੇ 'ਤੇ ਪਹਿਲੀ ਵਾਰ 1988 'ਚ ਉਸਤਾਦ ਜਸਵੰਤ ਭੰਵਰਾ ਦੇ ਨਾਲ ਆ ਕੇ ਪ੍ਰੋ: ਮੋਹਨ ਸਿੰਘ ਮੇਲੇ 'ਤੇ ਗਾਇਆ ਸੀ। ਜਿਸ ਤੋਂ ਅਗਲੀ ਸਵੇਰ ਉਹ ਪੂਰੇ ਪੰਜਾਬੀਆਂ ਦਾ ਚਹੇਤਾ ਗਾਇਕ ਬਣਿਆ ਸੀ। ਉਨ੍ਹਾਂ ਕਿਹਾ ਕਿ ਮੈਂ ਇਸ ਧਰਤੀ ਨੂੰ ਕਦੇ ਨਹੀਂ ਵਿਸਾਰ ਸਕਿਆ, ਜਿੱਥੇ 1991 'ਚ ਮੈਂ ਤੇ ਗੁਰਦਾਸ ਮਾਨ ਜੀ ਨੇ ਉਸਤਾਦ ਲਾਲ ਚੰਦ ਯਮਲਾ ਜੱਟ ਤੋਂ ਆਖਰੀ ਵਾਰ ਥਾਪੜਾ ਲਿਆ ਸੀ। ਉਨ੍ਹਾਂ ਕਿਹਾ ਕਿ ਪੰਜਾਬੀ ਸਾਹਿੱਤ ਅਕਾਡਮੀ ਵੱਲੋਂ ਵਿਆਪਕ ਵਿਕਾਸ ਯੋਜਨਾ ਤਿਆਰ ਕਰਕੇ ਦਿਉ ਤਾਂ ਜੋ ਭਾਰਤ ਸਰਕਾਰ ਦੇ ਸਭਿਆਚਾਰਕ ਮੰਤਰਾਲੇ ਵੱਲੋਂ ਯੋਗ ਮਦਦ ਲਈ ਜਾ ਸਕੇ। 

ਇਸ ਮੌਕੇ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ: ਗੁਰਭਜਨ ਸਿੰਘ ਗਿੱਲ, ਉੱਘੇ ਲੋਕ ਗਾਇਕ ਸੁਰਿੰਦਰ ਛਿੰਦਾ, ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ: ਰਵਿੰਦਰ ਸਿੰਘ ਭੱਠਲ, ਸਕੱਤਰ ਡਾ: ਗੁਰਇਕਬਾਲ ਸਿੰਘ, ਜਸਵੰਤ ਸਿੰਘ ਛਾਪਾ ਤੇ ਸਰਦਾਰਨੀ ਜਸਵਿੰਦਰ ਕੌਰ ਗਿੱਲ ਨੇ ਫੁਲਕਾਰੀ, ਚਰਖ਼ੇ ਦਾ ਮਾਡਲ ਤੇ ਦਲਬੀਰ ਸਿੰਘ ਪੰਨੂ ਯੂ. ਐੱਸ. ਏ. ਤੇ ਗੁਰਭਜਨ ਗਿੱਲ ਦੀਆਂ ਲਿਖੀਆਂ ਪੰਜ ਪੁਸਤਕਾਂ ਦਾ ਸੈੱਟ ਭੇਂਟ ਕੀਤਾ। ਪੱਛਮੀ ਬੰਗਾਲ ਦੀ ਯਾਦਵਪੁਰ ਯੂਨੀਵਰਸਿਟੀ ਤੋਂ ਆਈ ਖੋਜੀ ਵਿਦਵਾਨ ਡਾ: ਸੁਤਾਪਾ ਸੇਨ ਗੁਪਤਾ ਵੀ ਇਸ ਮੌਕੇ ਹਾਜ਼ਰ ਸਨ। ਜਿਸ ਨਾਲ ਹੰਸ ਰਾਜ ਹੰਸ ਨੇ ਬੰਗਾਲੀ ਸੰਗੀਤ ਬਾਰੇ ਵੀ ਵਿਚਾਰ ਚਰਚਾ ਕੀਤੀ।