ਸ਼ਹੀਦ ਗੁਰਤੇਜ਼ ਦੇ ਮਾਤਾ-ਪਿਤਾ ਨੂੰ ਸਾਰਾਗੜ੍ਹੀ ਫਾਊਂਡੇਸ਼ਨ ਵੱਲੋਂ ਕੀਤਾ ਗਿਆ ਸਨਮਾਨਿਤ

10/30/2020 4:31:21 PM

ਫਿਰੋਜ਼ਪੁਰ(ਕੁਮਾਰ): ਗਲਵਾਨ ਘਾਟੀ 'ਚ ਚੀਨੀ ਸੈਨਾ ਦਾ ਮੁਕਾਬਲਾ ਕਰਦੇ ਅਤੇ ਆਪਣੇ ਦੇਸ਼ ਦੀ ਰੱਖਿਆ ਕਰਦੇ ਸ਼ਹੀਦ ਹੋਏ 3 ਪੰਜਾਬ ਰੇਜਮੈਂਟ ਦੇ 22 ਸਾਲਾਂ ਸ਼ਹੀਦ ਫੌਜੀ ਗੁਰਤੇਜ਼ ਸਿੰਘ ਔਲਖ ਦੇ ਮਾਤਾ-ਪਿਤਾ ਨੂੰ ਅੱਜ ਸਾਰਾਗੜ੍ਹੀ ਫਾਊਂਡੇਸ਼ਨ ਦੇ ਚੇਅਰਮੈਨ ਸੁਰਿੰਦਰ ਪਾਲ ਸਿੰਘ ਜੋਸਨ ਯੂ.ਐੱਸ.ਏ., ਪ੍ਰਧਾਨ ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ, ਰੰਜੀਤ ਸਿੰਘ ਖਾਲਸਾ, ਗੁਰਜੀਤ ਸਿੰਘ ਚੀਮਾ, ਕਮਲਜੀਤ ਕੌਰ ਗਿੱਲ ਅਤੇ ਗੁਰਭੇਜ ਸਿੰਘ ਟਿੱਬੀ ਆਦਿ ਵੱਲੋਂ ਸਾਰਾਗੜ੍ਹੀ ਗੁਰਦੁਆਰਾ ਸਾਹਿਬ ਫਿਰੋਜ਼ਪੁਰ 'ਚ ਸਨਮਾਨਿਤ ਕੀਤਾ ਗਿਆ। ਇਸ ਤੋਂ ਪਹਿਲਾਂ ਫਾਊਂਡੇਸ਼ਨ ਦੇ ਸਾਰੇ ਮੈਂਬਰਾਂ ਅਤੇ ਸ਼ਹੀਦ ਦੇ ਪਰਿਵਾਰ ਵੱਲੋਂ ਸ੍ਰੀ ਗੁਰਦੁਆਰਾ ਸਾਹਿਬ 'ਚ ਅਰਦਾਸ ਕੀਤੀ ਗਈ। ਇਸ ਮੌਕੇ 'ਤੇ ਸ਼ਹੀਦ ਫੌਜੀ ਗੁਰਤੇਜ ਸਿੰਘ ਔਲਖ ਦੀ ਮਾਤਾ ਪ੍ਰਕਾਸ਼ ਕੌਰ, ਪਿਤਾ ਵਿਰਸਾ ਸਿੰਘ, ਚਾਚਾ ਸੂਬੇਦਾਰ ਗੁਰਮੀਤ ਸਿੰਘ ਅਤੇ ਚਰਣ ਸਿੰਘ ਕੀਰਤੀ ਚੱਕਰ ਵਾਲੀ ਪਿੰਡ ਬੀਰੇ ਵਾਲਾ ਜ਼ਿਲ੍ਹਾ ਮਾਨਸਾ ਤੋਂ ਸਨਮਾਨਿਤ ਕਰਦੇ ਹੋਏ ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ ਅਤੇ ਚੇਅਰਮੈਨ ਗੁਰਿੰਦਰ ਪਾਲ ਸਿੰਘ ਜੋਸਨ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਅੱਜ ਗੁਰਤੇਜ ਸਿੰਘ ਵਰਗੇ ਬਹਾਦੁਰ ਜਵਾਨਾਂ ਦੀ ਸ਼ਹਾਦਤ ਦੀ ਬਦੌਲਤ ਚੀਨ ਭਾਰਤ ਦੇ ਅੱਗੇ ਬੇਬੱਸ ਹੋਇਆ ਪਇਆ ਹੈ।

ਉਨ੍ਹਾਂ ਨੇ ਕਿਹਾ ਕਿ 22 ਸਾਲਾਂ ਜਵਾਨ ਗੁਰਤੇਜ ਸਿੰਘ ਅਤੇ ਉਨ੍ਹਾਂ ਦੇ ਦੋਸਤਾਂ ਨੇ 15-16 ਜੂਨ 2020 ਦੀ ਰਾਤ ਨੂੰ ਚੀਨੀ ਸੈਨਾ ਨੂੰ ਭਾਰਤੀ ਸਰਹੱਦ 'ਚ ਦਾਖ਼ਲ ਹੋਣ ਤੋਂ ਰੋਕਿਆ ਅਤੇ ਉਨ੍ਹਾਂ ਨੂੰ ਭਾਰਤੀ ਸੀਮਾ ਤੋਂ ਬਾਹਰ ਧਕੇਲ ਦਿੱਤਾ। ਉਨ੍ਹਾਂ ਨੇ ਕਿਹਾ ਕਿ ਦੋਸਤਾਂ ਨੇ ਚੀਨੀ ਸੈਨਾ ਦਾ ਡਟ ਕੇ ਮੁਕਾਬਲਾ ਕੀਤਾ ਜਿਸ ਕਾਰਨ ਚੀਨੀ ਸੈਨਾ ਦੇ ਜਵਾਨਾਂ ਨੂੰ ਮੂੰਹ ਦੀ ਖਾਣੀ ਪਈ ਅਤੇ ਉਹ ਭਾਰਤੀ ਸੀਮਾ 'ਚ ਪ੍ਰਵੇਸ਼ ਨਹੀਂ ਕਰ ਸਕੇ। ਉਨ੍ਹਾਂ ਨੇ ਕਿਹਾ ਕਿ ਅਸੀਂ ਸ਼ਹੀਦ ਗੁਰਤੇਜ ਸਿੰਘ ਨੂੰ ਸਲਾਮ ਕਰਦੇ ਹਾਂ ਜਿਸ ਨੇ ਆਪਣੇ ਦੇਸ਼ ਦੀ ਰੱਖਿਆ ਕਰਦੇ ਹੋਏ ਚੀਨੀ ਸੈਨਾ ਨੂੰ ਮੂੰਹ ਤੋੜ ਜਵਾਬ ਦਿੰਦੇ ਹੋਏ ਆਪਣੀ ਸ਼ਹਾਦਤ ਦੇ ਦਿੱਤੀ ਅਤੇ ਸ਼ਹੀਦ ਜਵਾਨ ਗੁਰਤੇਜ ਸਿੰਘ ਦੇ ਮਾਤਾ-ਪਿਤਾ ਨੂੰ ਸਲਾਮ ਕਰਦੇ ਹਾਂ ਜਿਨ੍ਹਾਂ ਨੇ ਅਜਿਹੇ ਦੇਸ਼ ਭਗਤ ਬਹਾਦੁਰ ਬੇਟੇ ਨੂੰ ਜਨਮ ਦਿੱਤਾ। ਬ੍ਰਿਗੇਡੀਅਰ ਕਾਹਲੋਂ ਨੇ ਕਿਹਾ ਕਿ ਸਾਡੇ ਦੇਸ਼ ਦੀ ਸੈਨਾ ਦੇ ਹੌਂਸਲੇ ਪੂਰੀ ਤਰ੍ਹਾਂ ਨਾਲ ਬੁਲੰਦ ਹਨ ਅਤੇ ਚੀਨ ਨੂੰ ਮੂੰਹ ਤੋੜ ਜਵਾਬ ਦੇਣ ਲਈ ਭਾਰਤੀ ਸੈਨਾ ਹਰ ਸਮੇਂ ਤਿਆਰ ਖੜ੍ਹੀ ਹੈ। ਇਸ ਮੌਕੇ 'ਤੇ ਸੂਬੇਦਾਰ ਚੰਦ ਸਿੰਘ, ਬਹਾਦੁਰ ਸਿੰਘ ਪ੍ਰਧਾਨ ਐਕਸ ਸਰਵਿਸਮੈਨ ਸੋਸਾਇਟੀ, ਸੂਬੇਦਾਰ ਮੇਜਰ ਸਿੰਘ, ਨਿਹਾਲ ਸਿੰਘ, ਗੁਰਦੇਵ ਸਿੰਘ, ਹਵਲਦਾਰ, ਗਿੰਦਰ ਪਾਲ ਸਿੰਘ, ਗੁਰਜੀਤ ਸਿੰਘ ਚੀਮਾ, ਜਤਿਨ ਆਂਵਲਾ, ਰਣਜੀਤ ਸਿੰਘ ਖਾਲਸਾ, ਤਰੁਣਦੀਪ ਸਿੰਘ ਆਦਿ ਵੀ ਮੌਜੂਦ ਸਨ।


Aarti dhillon

Content Editor

Related News