ਕਾਂਗੜ ਦੀ ਅਗਵਾਈ ''ਚ ਪੰਜਾਬ ਸਰਕਾਰ ਦੀ ਟੀਮ ਪੁੱਜੀ ਮੱਧ ਪ੍ਰਦੇਸ਼

01/21/2020 2:17:10 PM

ਚੰਡੀਗੜ੍ਹ (ਭੁੱਲਰ) : ਮੱਧ ਪ੍ਰਦੇਸ਼ 'ਚ ਵਸਦੇ ਸਿੱਖ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਪੰਜਾਬ ਸਰਕਾਰ ਵਚਨਬੱਧ ਹੈ। ਉਕਤ ਪ੍ਰਗਟਾਵਾ ਮਾਲ ਮੰਤਰੀ ਪੰਜਾਬ ਗੁਰਪ੍ਰੀਤ ਸਿੰਘ ਕਾਂਗੜ ਵਲੋਂ ਮੱਧ ਪ੍ਰਦੇਸ਼ ਦੇ ਸਿਓਪੁਰ ਜ਼ਿਲੇ 'ਚ ਸਿੱਖਾਂ ਕਿਸਾਨਾਂ ਨਾਲ ਹੋਏ ਧੱਕੇ ਦਾ ਜਾਇਜ਼ਾ ਲੈਣ ਉਪਰੰਤ ਕੀਤਾ। ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾਲ ਮੰਤਰੀ ਪੰਜਾਬ ਗੁਰਪ੍ਰੀਤ ਸਿੰਘ ਕਾਂਗੜ ਇਕ ਵਫਦ ਸਮੇਤ ਸਿਓਪੁਰ ਗਏ ਹਨ। ਵਫਦ ਵਿਚ ਕਾਂਗੜ ਤੋਂ ਇਲਾਵਾ ਹਰਮਿੰਦਰ ਸਿੰਘ ਗਿੱਲ ਐੱਮ. ਐੱਲ. ਏ, ਸਾਬਕਾ ਐੱਮ. ਪੀ. ਐੱਚ. ਐੱਸ. ਹੰਸਪਾਲ ਆਦਿਸ਼ਾਮਲ ਹਨ। ਵਫਦ ਵੱਲੋਂ ਕੁਝ ਪੀੜਤ ਕਿਸਾਨਾਂ ਨਾਲ ਮੁਲਾਕਾਤ ਕਰ ਕੇ ਘਟਨਾ ਸਬੰਧੀ ਮੁੱਢਲੀ ਜਾਣਕਾਰੀ ਹਾਸਲ ਕੀਤੀ ਗਈ।

ਪੀੜਤ ਸਿੱਖ ਕਿਸਾਨਾਂ ਨੇ ਦੱਸਿਆ ਕਿ ਉਹ ਸਿਓਪੁਰ ਵਿਚ 1980 ਤੋਂ ਪਹਿਲਾਂ ਦੇ ਖੇਤੀ ਕਰ ਰਹੇ ਹਨ ਅਤੇ ਘਟਨਾ ਵਾਲੀ ਰਾਤ ਉਨ੍ਹਾਂ ਨੂੰ ਬਿਨਾਂ ਅਗਾਊਂ ਸੂਚਨਾ ਦੇ ਕੇ ਉਨ੍ਹਾਂ ਦੇ ਘਰਾਂ ਨੂੰ ਢਾਹ ਦਿੱਤਾ ਗਿਆ ਅਤੇ ਫ਼ਸਲ ਉਜਾੜ ਦਿੱਤੀ ਗਈ। ਵਫਦ ਵਲੋਂ ਭਲਕੇ ਸਾਰੇ ਪੀੜਤ ਸਿੱਖ ਕਿਸਾਨਾਂ ਨਾਲ ਮੁਲਾਕਾਤ ਕੀਤੀ ਜਾਵੇਗੀ ਅਤੇ ਦੂਸਰੀ ਧਿਰ ਨਾਲ ਵੀ ਮੁਲਾਕਾਤ ਕਰਨ ਉਪਰੰਤ ਮਾਲ ਵਿਭਾਗ ਦਾ ਰਿਕਾਰਡ ਵੀ ਦੇਖਿਆ ਜਾਵੇਗਾ। ਇਸ ਤੋਂ ਇਲਾਵਾ ਜ਼ਿਲਾ ਪ੍ਰਸ਼ਾਸਨ ਨਾਲ ਵੀ ਮੁਲਾਕਾਤ ਕੀਤੀ ਜਾਵੇਗੀ।
 

Anuradha

This news is Content Editor Anuradha