ਪਿੰਡਾਂ ਦੀ ਕਾਇਆ ਕਲਪ ਕਰਨ ਲਈ ਸਹਾਈ ਸਿੱਧ ਹੋਵੇਗੀ ਸਮਾਰਟ ਵਿਲੇਜ਼ ਮੁਹਿੰਮ: ਗੁਰਪ੍ਰੀਤ ਕਾਂਗੜ

10/18/2020 3:07:28 PM

ਭਗਤਾ ਭਾਈ  (ਪਰਮਜੀਤ ਢਿੱਲੋਂ): ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਸਮਾਰਟ ਵਿਲੇਜ਼ ਮੁਹਿੰਮ ਪਿੰਡਾਂ ਦੇ ਸਰਪੱਖੀ ਵਿਕਾਸ ਲਈ ਬਹੁਤ ਸਹਾਈ ਸਿੱਧ ਹੋਵੇਗੀ। ਇਸ ਮੁਹਿੰਮ ਤਹਿਤ ਜ਼ਿਲ੍ਹੇ ਦੇ 37 ਪਿੰਡਾਂ 'ਚ 2618 ਵੱਖ-ਵੱਖ ਕਿਸਮ ਦੇ ਵਿਕਾਸ ਕਾਰਜਾਂ 'ਤੇ 161.28 ਕਰੋੜ ਰੁਪਏ ਖ਼ਰਚ ਕੀਤਾ ਜਾਵੇਗਾ। ਇਹ ਜਾਣਕਾਰੀ ਕੈਬਨਿਟ ਮੰਤਰੀ ਸ. ਗੁਰਪ੍ਰੀਤ ਸਿੰਘ ਕਾਂਗੜ ਨੇ ਮੁੱਖ ਮੰਤਰੀ ਪੰਜਾਬ, ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਅਤੇ ਕਾਂਗਰਸੀ ਆਗੂ ਸ੍ਰੀ ਰਾਹੁਲ ਗਾਂਧੀ ਦੀ ਮੌਜੂਦਗੀ 'ਚ ਸੂਬਾ ਪੱਧਰ 'ਤੇ ਸਮਾਰਟ ਵਿਲੇਜ਼ ਕੰਪੇਨ ਫੇਜ਼-2 ਦੀ ਵਰਚੂਅਲ ਸ਼ੁਰੂਆਤ ਸਬੰਧ 'ਚ ਜ਼ਿਲ੍ਹੇ ਦੇ ਪਿੰਡ ਢਪਾਲੀ ਖ਼ੁਰਦ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 'ਚ ਹੋਈ ਵਰਚੂਅਲ ਮੀਟਿੰਗ ਉਪਰੰਤ ਦਿੱਤੀ।

ਕਾਂਗੜ ਨੇ ਅੱਗੇ ਦੱਸਿਆ ਕਿ ਸਮਾਰਟ ਵਿਲੇਜ਼ ਕੰਪੇਨ ਫੇਜ਼-2 ਤਹਿਤ ਇਸ ਪ੍ਰੋਜੈਕਟ ਵਿਚ ਆਰ.ਡੀ.ਐੱਫ਼ ਸਕੀਮ ਦੇ 54.86 ਕਰੋੜ, 14ਵੇਂ ਵਿੱਤ ਕਮਿਸ਼ਨ ਦੇ 52.46 ਕਰੋੜ, 15ਵੇਂ ਵਿੱਤ ਕਮਿਸ਼ਨ ਦੇ 35.21ਕਰੋੜ ਤੇ ਮਗਨਰੇਗਾ ਦੇ 15.84 ਕਰੋੜ ਰੁਪਏ ਦੇ ਫ਼ੰਡ ਸ਼ਾਮਲ ਕੀਤੇ ਗਏ ਹਨ। ਸਮਾਰਟ ਵਿਲੇਜ਼ ਕੰਪੇਨ ਫੇਜ਼-2 ਅਧੀਨ ਹੁਣ ਤੱਕ ਜ਼ਿਲ੍ਹੇ 'ਚ 742 ਕੰਮ ਸ਼ੁਰੂ ਹੋ ਚੁੱਕੇ ਹਨ। ਜਿਨ੍ਹਾਂ ਉਪਰ 19.74 ਕਰੋੜ ਰੁਪਏ ਖ਼ਰਚ ਕੀਤੇ ਜਾ ਚੁੱਕੇ ਹਨ। ਕਾਂਗੜ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਤੋਂ ਪਹਿਲਾਂ ਸਮਾਰਟ ਵਿਲੇਜ਼ ਕੰਪੇਨ ਫੇਜ਼-1 ਤਹਿਤ ਇਸ ਪ੍ਰੋਜੈਕਟ ਅਧੀਨ 57.50 ਕਰੋੜ ਰੁਪਏ ਖ਼ਰਚ ਕਰਕੇ ਜ਼ਿਲ੍ਹੇ 'ਚ 1488 ਵੱਖ-ਵੱਖ ਵਿਕਾਸ ਕਾਰਜ ਕਰਵਾਏ ਜਾਣੇ ਸਨ। ਇਸ ਪ੍ਰੋਜੈਕਟਰ ਤਹਿਤ ਆਰ.ਡੀ.ਐੱਫ਼ ਸਕੀਮ ਦੇ 14.14 ਕਰੋੜ, 14ਵੇਂ ਵਿੱਤ ਕਮਿਸ਼ਨ ਦੇ 22.87 ਕਰੋੜ ਤੇ ਮਗਨਰੇਗਾ ਦੇ 20.36 ਕਰੋੜ ਰੁਪਏ ਦੇ ਫੰਡ ਸ਼ਾਮਲ ਕੀਤੇ ਗਏ ਸਨ। ਸਮਾਰਟ ਵਿਲੇਜ਼ ਕੰਪੇਨ ਫੇਜ਼-1 ਅਧੀਨ ਹੁਣ ਤੱਕ ਜ਼ਿਲ੍ਹੇ 'ਚ 46.00 ਕਰੋੜ ਰੁਪਏ ਖ਼ਰਚ ਕਰਕੇ 1140 ਵੱਖ-ਵੱਖ ਵਿਕਾਸ ਕਾਰਜ ਮੁਕੰਮਲ ਕੀਤੇ ਜਾ ਚੁੱਕੇ ਹਨ ਤੇ 348 ਕੰਮ ਪ੍ਰਗਤੀ ਅਧੀਨ ਹਨ।

ਮਾਲ ਮੰਤਰੀ ਸ. ਕਾਂਗੜ ਨੇ ਵਰਚੂਅਲ ਮੀਟਿੰਗ ਉਪਰੰਤ ਜ਼ਿਲ੍ਹੇ ਅਧੀਨ ਪੈਂਦੇ ਵੱਖ-ਵੱਖ ਪਿੰਡਾਂ ਜਿਵੇਂ ਕਿ ਢਪਾਲੀ ਖੁਰਦ, ਰਾਈਆ, ਸਿਧਾਣਾ, ਸੇਲਬਰਾਹ, ਦਿਆਲਪੁਰਾ ਮਿਰਜਾ, ਸਿਰੀਏਵਾਲਾ, ਦਿਆਲਪੁਰਾ ਭਾਈਕਾ ਅਤੇ ਸਲਾਬਤਪੁਰਾ ਵਿਖੇ ਪਹੁੰਚ ਕੇ 266.95 ਕਰੋੜ ਰੁਪਏ ਦੀ ਲਾਗਤ ਨਾਲ ਸ਼ੁਰੂ ਹੋਣ ਵਾਲੇ ਵੱਖ-ਵੱਖ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਬੀ.ਡੀ.ਪੀ.ਓ. ਸ਼੍ਰੀ ਧਰਮਪਾਲ ਤੋਂ ਇਲਾਵਾ ਟਰੱਕ ਯੂਨੀਅਨ ਦੇ ਪ੍ਰਧਾਨ ਇੰਦਰਜੀਤ ਸਿੰਘ ਮਾਨ, ਚੇਅਰਮੈਨ ਮਾਰਕੀਟ ਕਮੇਟੀ ਰਾਜਵੰਤ ਸਿੰਘ ਭਗਤਾ, ਹਰਿੰਦਰ ਸਿੰਘ ਬਰਾੜ, ਮੁਕੇਸ ਕੁਮਾਰ ਮੌਜੀ, ਜਸਮੀਤ ਸਿੰਘ ਜੱਸੀ, ਰਾਕੇਸ ਕੁਮਾਰ ਭਾਈਰੂਪਾ,ਸੰਜੀਵ ਕੁਮਾਰ ਰਿੰਕਾ, ਯਾਦਵਿੰਦਰ ਸਿੰਘ ਪੱਪੂ, ਪਰਮਜੀਤ ਸਿੰਘ ਬਿਦਰ, ਇੰਦਰਜੀਤ ਸਿੰਘ ਜੱਗਾ ਸਰਪੰਚ ਭੋਡੀਪੁਰਾ, ਵੱਖ-ਵੱਖ ਪਿੰਡਾਂ ਦੇ ਪੰਚ ਸਰਪੰਚ ਤੇ ਹੋਰ ਸ਼ਖਸ਼ੀਅਤਾਂ ਹਾਜ਼ਰ ਹਨ।


Shyna

Content Editor

Related News