ਗੁਰਦੁਆਰਾ ਸਾਹਿਬ ਖੁਲ੍ਹਵਾਉਣ ''ਚ ਯੋਗਦਾਨ ਪਾਉਣ ਵਾਲੇ ਚੌਧਰੀ ਅਜ਼ਹਰ ਮੱਲੀ ਦਾ ਕੀਤਾ ਸਨਮਾਨ

10/17/2019 11:28:01 AM

ਸ੍ਰੀ ਫਤਿਹਗੜ੍ਹ ਸਾਹਿਬ (ਜਗਦੇਵ)— ਗੁਆਂਢੀ ਦੇਸ਼ ਪਾਕਿਸਤਾਨ 'ਚ ਸਥਿਤ ਪਿੰਡ ਨੌਸ਼ਿਹਰਾ ਵਿਰਕਾਂ ਤਹਿਸੀਲ ਦੇ ਗੁਰਦੁਆਰਾ ਭਾਈ ਕੀ ਮੱਟੂ ਖਾਰਾ ਪਾਣੀ ਪਾਤਿਸ਼ਾਹੀ ਛੇਵੀਂ ਜ਼ਿਲਾ ਗੁੱਜਰਾਵਾਲਾਂ ਨੂੰ 70 ਸਾਲ ਬਾਅਦ ਖੁਲ੍ਹਵਾਉਣ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਚੌਧਰੀ ਅਜ਼ਹਰ ਮੱਲੀ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਵਿਸ਼ੇਸ਼ ਸਨਮਾਨ ਕੀਤਾ ਗਿਆ।

ਇਸ ਮੌਕੇ ਅਜ਼ਹਰ ਮੱਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆਂ ਕਿ ਪਾਕਿਤਸਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸੁਚੱਜੇ ਯਤਨਾਂ ਸਦਕਾ ਗੁਰਦੁਆਰਾ ਭਾਈ ਕੀ ਮੱਟੂ ਖਾਰਾ ਪਾਣੀ ਪਾਤਸ਼ਾਹੀ ਛੇਵੀਂ ਜ਼ਿਲਾ ਗੁਜਰਾਂਵਾਲਾ ਨੂੰ 70 ਸਾਲ ਬਾਅਦ ਸੰਗਤਾਂ ਲਈ ਖੋਲ੍ਹਿਆ ਗਿਆ ਹੈ। ਇਸ ਦੀ 10 ਏਕੜ ਜ਼ਮੀਨ ਵੀ ਗੁਰਦੁਆਰਾ ਸਾਹਿਬ ਨੂੰ ਦੇ ਦਿੱਤੀ ਗਈ ਹੈ ਅਤੇ ਗੁਰਦੁਆਰਾ ਸਾਹਿਬ ਨੂੰ ਆਉਣ ਵਾਲਾ ਰਸਤਾ ਵੀ ਚੌੜਾ ਕੀਤਾ ਜਾ ਰਿਹਾ ਹੈ। ਇਸ ਦੇ ਰੰਗ-ਰੋਗਨ ਆਦਿ ਲਈ ਪਾਕਿਸਤਾਨ ਸਰਕਾਰ ਨੇ ਲੋਂੜੀਦੇ ਫੰਡ ਵੀ ਜਾਰੀ ਕਰ ਦਿੱਤੇ ਹਨ। ਗੁ. ਸ੍ਰੀ ਫਤਿਹਗੜ੍ਹ ਸਾਹਿਬ ਪਹੁੰਚੇ ਚੌਧਰੀ ਅਜ਼ਹਰ ਮੱਲੀ ਦਾ ਸਵਾਗਤ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ, ਅਵਤਾਰ ਸਿੰਘ ਰਿਆ ਮੈਂਬਰ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਜਗਦੀਪ ਸਿੰਘ ਚੀਮਾ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਅਪੀਲ ਕੀਤੀ ਕਿ ਉਹ ਪਾਕਿਸਤਾਨ ਗੁਰਦੁਆਰਾ ਸਾਹਿਬਾਨ ਦੇ ਸੁਚੱਜੇ ਪ੍ਰਬੰਧ ਕਾਇਮ ਕਰਨ ਲਈ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਕ ਆਜ਼ਾਦ ਜੱਥੇਬੰਦੀ ਵਜੋਂ ਖੜ੍ਹੀ ਕਰਨ ਦਾ ਯਤਨ ਕਰਨ। ਜਥੇਦਾਰ ਪੰਜੋਲੀ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰਿਆਂ ਲਈ ਖੋਲ੍ਹੇ ਜਾ ਰਹੇ ਲਾਂਘੇ ਨਾਲ ਭਾਰਤ ਦੇ ਪਾਕਿਸਤਾਨ ਦੇ ਨਾਲ ਸਬੰਧ ਸੁਖਾਵੇਂ ਹੋਣਗੇ।

ਉਨ੍ਹਾਂ ਕਿਹਾ ਕਿ ਕਰਤਾਰਪੁਰ ਦਾ ਲਾਂਘਾ ਖੋਲ੍ਹਣ ਵਿਚ ਕਿਸੇ ਵੀ ਧਿਰ ਨੂੰ ਕਿਸੇ ਵੀ ਤਰ੍ਹਾਂ ਦਾ ਰਾਜਸੀ ਲਾਹਾ ਲੈਣ ਦੀ ਬਜਾਇ ਬਾਬੇ ਨਾਨਕ ਦੇ ਚਰਨਾਂ ਦੀ ਛੋਹ ਪ੍ਰਾਪਤ ਕਰ ਕੇ ਬਾਬੇ ਦੀਆਂ ਖੁਸ਼ੀਆਂ ਲੈਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਖੋਲ੍ਹਣ ਸਮੇਂ ਕੀਤੇ ਜਾਣ ਵਾਲੇ ਸਮਾਗਮਾਂ ਨਾਲੋਂ ਸੰਗਤਾਂ ਦੇ ਗੁਰਦੁਆਰਾ ਕਰਤਾਰ ਸਾਹਿਬ ਨੂੰ ਨਤਮਸਤਕ ਹੋਣ ਨੂੰ ਵੱਧ ਤਰਜੀਹ ਦੇਣੀ ਚਾਹੀਦੀ ਹੈ ਕਿਉਂਕਿ ਸਿੱਖ ਅਤੇ ਹੋਰ ਸੰਗਤਾਂ ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰਿਆਂ ਲਈ ਪਿਛਲੇ 70 ਸਾਲਾਂ ਤੋਂ ਮੱਛੀ ਵਾਂਗ ਤੜਫ ਰਹੀਆਂ ਹਨ। ਜਥੇਦਾਰ ਪੰਜੋਲੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਕਰਤਾਰਪੁਰ ਦੇ ਦਰਸ਼ਨ-ਦੀਦਾਰਿਆਂ ਲਈ ਦਿੱਤੀਆਂ ਗਈਆਂ ਸਹੂਲਤਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਦਾ ਇਸ ਗੱਲੋਂ ਧੰਨਵਾਦ ਕਰਦਿਆਂ ਕਿਹਾ ਕਿ ਹੋਰ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਵੀ ਉਨ੍ਹਾਂ ਦੀ ਦੂਰ-ਅੰਦੇਸ਼ੀ, ਫਰਾਖਦਿਲੀ ਅਤੇ ਸੰਗਤਾਂ ਦੇ ਜਜ਼ਬਾਤ ਨੂੰ ਸਮਝਣ ਵਾਲੀ ਭਾਵਨਾ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨੱਥਾ ਸਿੰਘ ਮੈਨੇਜਰ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ, ਮਾਰਕੀਟ ਕਮੇਟੀ ਬੱਸੀ ਪਠਾਣਾਂ ਦੇ ਸਾਬਕਾ ਚੇਅਰਮੈਨ ਬਰਿੰਦਰ ਸਿੰਘ ਸੋਢੀ, ਜ਼ੈਲਦਾਰ ਸੁਖਵਿੰਦਰ ਸਿੰਘ ਘੁਮੰਡਗੜ੍ਹ, ਨਰਿੰਦਰ ਸਿੰਘ ਰਸੀਦਪੁਰਾ ਅਤੇ ਰਿਕਾਰਡ ਕੀਪਰ ਹਰਜੀਤ ਸਿੰਘ ਆਦਿ ਵੀ ਹਾਜ਼ਰ ਸਨ।

Shyna

This news is Content Editor Shyna