ਚੌਕੀਦਾਰਾਂ ਨੂੰ ਬੰਦੀ ਬਣਾ ਕੇ ਲੁੱਟੇ ਕਣਕ ਦੇ 650 ਗੱਟੇ

11/07/2018 6:07:45 AM

 ਮੁੱਦਕੀ, (ਹੈਪੀ)– ਦੀਵਾਲੀ ਦੇ ਮੌਕੇ ’ਤੇ ਲੁਟੇਰਿਆਂ ਨੇ ਆਪਣੇ ਖਰਚੇ-ਪਾਣੀ ਦਾ ਬੰਦੋਬਸਤ ਕਰਦੇ ਹੋਏ 5-6 ਨਵੰਬਰ ਦੀ ਅੱਧੀ ਰਾਤ ਨੂੰ ਪੰਜਾਬ ਰਾਜ ਗੋਦਾਮ ਨਿਗਮ ਦੇ ਸਥਾਨਕ ਗੋਦਾਮਾਂ ਦੇ ਚੌਕੀਦਾਰਾਂ ਨੂੰ ਬੰਨ੍ਹ ਕੇ ਕਰੀਬ 650 ਗੱਟੇ ਕਣਕ ਲੁੱਟਣ ਦੀ ਹੌਸਲੇਬੱਧ ਘਟਨਾ ਨੂੰ ਅੰਜਾਮ ਦਿੱਤਾ ਹੈ।
 ਮੌਕੇ ’ਤੇ ਪਹੁੰਚੇ ਇਸ ਪੱਤਰਕਾਰ ਨੂੰ ਜਾਣਕਾਰੀ ਦਿੰਦਿਅਾਂ ਗੋਦਾਮਾਂ ਦੇ ਪ੍ਰਬੰਧਕ ਸੱਜਣ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ 4-5 ਲੁਟੇਰੇ ਕੰਧਾਂ ਟੱਪ ਕੇ ਗੋਦਾਮਾਂ ਦੀ ਹਦੂਦ  ’ਚ ਦਾਖਲ ਹੋ ਗਏ ਤੇ ਤਿੰਨੇ ਚੌਕੀਦਾਰਾਂ ਨੂੰ ਬੰਨ੍ਹ ਕੇ ਇਕ ਕਮਰੇ ’ਚ ਬੰਦ ਕਰ ਦਿੱਤਾ। ਇਸ ਤੋਂ ਬਾਅਦ 10-12 ਹੋਰ ਬੰਦੇ ਆ ਗਏ ਤੇ ਖੁੱਲ੍ਹੇ ’ਚ ਲੱਗੇ ਪਲੰਥਾਂ ’ਚੋਂ ਕਰੀਬ 650 ਕਣਕ ਦੇ ਗੱਟੇ ਇਕ ਟਰੱਕ ’ਚ ਲੱਦ ਕੇ ਫਰਾਰ ਹੋ ਗਏ। ਸੱਜਣ ਕੁਮਾਰ ਨੇ ਦੱਸਿਆ ਕਿ ਅਸਲ ’ਚ ਲੁਟੇਰੇ ਹਾਲ ਕਮਰਿਆਂ ਦੇ ਅੰਦਰ ਸਟਾਕ ਕੀਤੇ ਚੌਲਾਂ ਨੂੰ ਲੁੱਟਣ ਆਏ ਸਨ ਪਰ ਹਾਲ ਕਮਰਿਆਂ ਦੇ ਤਾਲੇ ਭੰਨਣ ’ਚ ਅਸਫਲ ਰਹਿਣ ’ਤੇ ਉਹ ਕਣਕ ਹੀ ਲੈ ਗਏ। 
ਇਸ ਤੋਂ ਇਲਾਵਾ ਲੁਟੇਰੇ ਆਪਣੇ ਨਾਲ ਚੌਕੀਦਾਰਾਂ ਦੇ ਦੋ ਮੋਬਾਇਲ, ਸੀ. ਸੀ. ਟੀ. ਵੀ. ਕੈਮਰਿਆਂ ਦਾ ਡੀ. ਵੀ. ਆਰ., ਐੱਲ. ਈ. ਡੀ. ਤੇ ਹੋਰ ਸਾਮਾਨ ਵੀ ਨਾਲ ਲੈ ਗਏ। ਲੁਟੇਰਿਆਂ ਵੱਲੋਂ ਚੌਲਾਂ ਵਾਲੇ ਹਾਲ ਦੀਆਂ ਚਾਬੀਆਂ ਲੱਭਣ ਲਈ ਦਫਤਰ ਦੇ ਫਰਨੀਚਰ ਆਦਿ ਦੀ ਵੀ ਕਾਫੀ ਭੰਨ-ਤੋਡ਼ ਕੀਤੀ ਗਈ। ਚੌਕੀਦਾਰਾਂ ਨੇ ਸਵੇਰੇ ਕਰੀਬ ਸਾਢੇ 4 ਵਜੇ ਕਿਸੇ ਤਰ੍ਹਾਂ ਕਮਰਿਆਂ ’ਚੋਂ ਬਾਹਰ ਨਿਕਲ ਕੇ ਨੇਡ਼ੇ ਦੇ ਇਕ ਧਰਮ ਕੰਡੇ ਤੋਂ ਉਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ।
 ਉਧਰ ਘਟਨਾ ਦੀ ਜਾਣਕਾਰੀ ਮਿਲਣ ’ਤੇ ਥਾਣਾ ਘੱਲ ਖੁਰਦ ਦੇ ਇੰਚਾਰਜ ਹਰਦੇਵਪ੍ਰੀਤ ਸਿੰਘ ਤੇ ਪੁਲਸ ਚੌਕੀ ਮੁੱਦਕੀ ਦੇ ਇੰਚਾਰਜ ਬਲਜਿੰਦਰ ਸਿੰਘ ਵੀ ਆਪਣੀਆਂ ਟੀਮਾਂ ਨਾਲ ਮੌਕੇ ’ਤੇ ਪਹੁੰਚ ਗਏ। ਪੁਲਸ ਦੀ ਫੋਰੈਂਸਿਕ ਟੀਮ ਵੱਲੋਂ ਵੀ ਮੌਕੇ ’ਤੇ ਪਹੁੰਚ ਕੇ ਲੁਟੇਰਿਆਂ ਦੀਆਂ ਉਂਗਲਾਂ ਅਤੇ ਟਰੱਕ ਦੇ ਟਾਇਰਾਂ ਆਦਿ ਦੇ ਨਿਸ਼ਾਨ ਲੈ ਕੇ ਜਾਂਚ ਕੀਤੀ ਜਾ ਰਹੀ ਹੈ। ਯਾਦ ਰਹੇ ਕਿ 14-15 ਅਕਤੂਬਰ ਦੀ ਰਾਤ ਨੂੰ ਵੀ ਕੁਝ ਲੁਟੇਰੇ ਇਥੇ ਕਣਕ ਆਦਿ ਲੁੱਟਣ ਆਏ ਸਨ ਪਰ ਉਨ੍ਹਾਂ ਨੂੰ ਮੌਕੇ ’ਤੇ ਹੀ ਟਰੱਕ ਸਮੇਤ ਪੁਲਸ ਵੱਲੋਂ ਗੋਦਾਮਾਂ ਦੇ ਸਟਾਫ ਦੇ ਸਹਿਯੋਗ ਨਾਲ ਕਾਬੂ ਕਰ ਲਿਆ ਗਿਆ ਸੀ।


Related News