ਜਾਅਲੀ ITC ਦਾ ਦਾਅਵਾ ਕਰਨ ਵਾਲਾ GST ਧੋਖੇਬਾਜ਼ ਕਾਬੂ: ਹਰਪਾਲ ਚੀਮਾ

02/18/2024 11:08:20 PM

ਚੰਡੀਗੜ੍ਹ - ਪੰਜਾਬ ਦੇ ਆਬਕਾਰੀ ਅਤੇ ਕਰ ਵਿਭਾਗ ਨੇ ਇੱਕ ਵੱਡੀ ਸਫਲਤਾ ਹਾਸਿਲ ਕਰਦਿਆਂ ਫਤਿਹਗੜ੍ਹ ਸਾਹਿਬ ਪੁਲਸ ਦੇ ਨਾਲ ਇੱਕ ਸਾਂਝੇ ਆਪ੍ਰੇਸ਼ਨ ਰਾਹੀਂ ਇੱਕ ਜੀ.ਐਸ.ਟੀ ਧੋਖਾਧੜੀ ਕਰਨ ਵਾਲੇ ਇੱਕ ਅਜਿਹੇ ਸ਼ਖਸ ਨੂੰ ਗ੍ਰਿਫਤਾਰ ਕੀਤਾ ਹੈ ਜਿਸਦੇ ਦੁਆਰਾ 3.65 ਕਰੋੜ ਰੁਪਏ ਦਾ ਜਾਅਲੀ ਇੰਨਕਮ ਟੈਕਸ ਕ੍ਰੈਡਿਟ ਦਾ ਦਾਅਵਾ ਕੀਤਾ ਗਿਆ ਸੀ। 

ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਮੁਲਜ਼ਮ ਦੀਪਕ ਸ਼ਰਮਾ ਪੁੱਤਰ ਸੁਰਿੰਦਰ ਪਾਲ ਸ਼ਰਮਾ ਨੂੰ 25 ਜਨਵਰੀ, 2023 ਨੂੰ ਡਿਪਟੀ ਕਮਿਸ਼ਨਰ ਸਟੇਟ ਟੈਕਸ, ਲੁਧਿਆਣਾ ਵੱਲੋਂ ਐਕਟ ਦੀ ਧਾਰਾ 74 ਅਧੀਨ 3.65 ਕਰੋੜ ਰੁਪਏ ਦਾ ਜਾਅਲੀ ਆਈ.ਟੀ.ਸੀ ਦਾ ਦਾਅਵਾ ਕਰਨ ਬਦਲੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ, ਪਰ ਉਸ ਨੇ ਨਾ ਤਾਂ ਟੈਕਸ ਜਮ੍ਹਾ ਕਰਵਾਇਆ ਅਤੇ ਨਾ ਹੀ ਕੋਈ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਇਸ ਉਪਰੰਤ 13 ਜੂਨ, 2023 ਨੂੰ ਵਿਭਾਗ ਵੱਲੋਂ ਐਕਟ ਅਨੁਸਾਰ ਇੱਕ ਆਦੇਸ਼ ਪਾਸ ਕਰਦਿਆਂ ਕੀਤਾ ਗਿਆ ਅਤੇ ਦੀਪਕ ਸ਼ਰਮਾ ਨੂੰ 4.45 ਕਰੋੜ ਰੁਪਏ ਵਿਆਜ ਅਤੇ 3.65 ਕਰੋੜ ਰੁਪਏ ਜੁਰਮਾਨੇ ਸਮੇਤ 11.75 ਕਰੋੜ ਰੁਪਏ ਦਾ ਭੁਗਤਾਨ ਕਰਨ ਲਈ ਕਿਹਾ ਗਿਆ।

ਵਿੱਤ ਮੰਤਰੀ ਨੇ ਦੱਸਿਆ ਕਿ ਟੈਕਸ ਇੰਟੈਲੀਜੈਂਸ ਯੂਨਿਟ ਅਤੇ ਸੇਲਜ਼ ਟੈਕਸ ਅਧਿਕਾਰੀਆਂ ਵੱਲੋਂ ਜਾਂਚ ਕਰਨ ‘ਤੇ ਪਾਇਆ ਕਿ ਦੀਪਕ ਸ਼ਰਮਾ ਵੱਲੋਂ ਇੱਕ ਬੈਂਕ ਨੂੰ ਇੱਕ ਜਾਅਲੀ ਜੀ.ਐਸ.ਟੀ ਰਜਿਸਟ੍ਰੇਸ਼ਨ ਸਰਟੀਫਿਕੇਟ ਜਮ੍ਹਾ ਕਰਵਾਇਆ ਹੈ। ਉਨ੍ਹਾਂ ਦੱਸਿਆ ਕਿ ਸੇਲ ਟੈਕਸ ਅਫਸਰ, ਫਤਿਹਗੜ੍ਹ ਸਾਹਿਬ ਦੀ ਬੇਨਤੀ ’ਤੇ ਬੈਂਕ ਵੱਲੋਂ ਇਹ ਬੈਂਕ ਖਾਤਾ ਫ੍ਰੀਜ਼ ਕਰ ਦਿੱਤਾ ਗਿਆ ਹੈ ਅਤੇ ਖਾਤੇ ਵਿੱਚ ਮੌਜੂਦ 26 ਲੱਖ ਰੁਪਏ ਦੀ ਰਿਕਵਰੀ ਲਈ ਉਕਤ ਬੈਂਕ ਨੂੰ ਨੋਟਿਸ ਭੇਜ ਦਿੱਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਐਸ.ਜੀ.ਐਸ.ਟੀ ਵਿਭਾਗ ਵੱਲੋਂ ਗਠਿਤ ਇੱਕ ਵਿਸ਼ੇਸ਼ ਟਾਸਕ ਫੋਰਸ ਨੇ ਪਿਛਲੇ ਕਈ ਹਫ਼ਤਿਆਂ ਦੌਰਾਨ ਪ੍ਰਾਪਤ ਸੂਚਨਾ ’ਤੇ ਕਾਰਵਾਈ ਕਰਦਿਆਂ ਫਤਹਿਗੜ੍ਹ ਸਾਹਿਬ ਪੁਲਿਸ ਦੇ ਸਹਿਯੋਗ ਨਾਲ ਮੁਲਜ਼ਮਾ ਨਾਲ ਜੁੜੇ ਕਈ ਟਿਕਾਣਿਆਂ ’ਤੇ ਇੱਕੋ ਸਮੇਂ ਛਾਪੇਮਾਰੀ ਕੀਤੀ। ਉਨ੍ਹਾਂ ਕਿਹਾ ਕਿ ਅਧਿਕਾਰੀ ਇਸ ਧੋਖਾਧੜੀ ਵਿੱਚ ਸ਼ਾਮਲ ਹੋਰਨਾਂ ਵਿਅਕਤੀਆਂ ਦੀ ਪਛਾਣ ਕਰਨ ਦੀ ਪ੍ਰਕਿਰਿਆ ਵਿੱਚ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਐਫ.ਆਈ.ਆਰ ਦਰਜ ਕੀਤੀ ਗਈ ਹੈ, ਅਤੇ ਇਸ ਧੋਖਾਧੜੀ ਦੀ ਕੁੱਲ ਰਕਮ ਦਾ ਪਤਾ ਲਗਾਉਣ ਅਤੇ ਚੋਰੀ ਕੀਤੇ ਟੈਕਸਾਂ ਦੀ ਵਸੂਲੀ ਲਈ ਜਾਂਚ ਜਾਰੀ ਹੈ।

ਇਸ ਦੌਰਾਨ ਵਿੱਤ ਕਮਿਸ਼ਨਰ ਕਰ-ਕਮ-ਵਧੀਕ ਮੁੱਖ ਸਕੱਤਰ ਵਿਕਾਸ ਪ੍ਰਤਾਪ ਨੇ ਕਿਹਾ ਕਿ ਵਿਭਾਗ ਇੱਕ ਡਾਟਾ ਵਿਸ਼ਲੇਸ਼ਣ ਸਾਫਟਵੇਅਰ ’ਤੇ ਕੰਮ ਕਰ ਰਿਹਾ ਹੈ ਤਾਂ ਜੋ ਫਰਜ਼ੀ ਆਈ.ਟੀ.ਸੀ ਤਿਆਰ ਕਰਨ ਵਾਲਿਆਂ ਦੀ ਪਛਾਣ ਕਰਦਿਆਂ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਇਸ ਸਫਲ ਆਪ੍ਰੇਸ਼ਨ ਨਾਲ ਜੀ.ਐਸ.ਟੀ ਵਿੱਚ ਕਿਸੇ ਵੀ ਤਰ੍ਹਾਂ ਦੀ ਕੀਤੀ ਜਾਣ ਵਾਲੀ ਧੋਖਾਧੜੀ ਦਾ ਮੁਕਾਬਲਾ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਮਜ਼ਬੂਤ ਅੰਤਰ-ਏਜੰਸੀ ਸਹਿਯੋਗ ਅਤੇ ਦ੍ਰਿੜ ਇਰਾਦੇ ਦੀ ਮਿਸਾਲ ਮਿਲੀ ਹੈ। ਉਨ੍ਹਾਂ ਟੈਕਸ ਚੋਰੀ ਵਿਰੁੱਧ ਸਰਕਾਰ ਦੇ ਜ਼ੀਰੋ-ਟੌਲਰੈਂਸ ਰੁਖ ਨੂੰ ਦੁਹਰਾਇਆ ਅਤੇ ਚੇਤਾਵਨੀ ਦਿੱਤੀ ਕਿ ਅਜਿਹੀਆਂ ਧੋਖਾਧੜੀ ਵਾਲੀਆਂ ਗਤੀਵਿਧੀਆਂ ਨੂੰ ਕਾਨੂੰਨ ਦੀ ਪੂਰੀ ਤਾਕਤ ਨਾਲ ਨਿਜਿੱਠਿਆ ਜਾਵੇਗਾ।
 

Inder Prajapati

This news is Content Editor Inder Prajapati