ਜੀ. ਐੱਸ. ਟੀ. ਵਿਭਾਗ ਨੇ ਦਾਲ ਬਾਜ਼ਾਰ ਲੁਧਿਆਣਾ ਦੀ ਇਕ ਫਰਮ ਦੇ 4 ਕੰਪਲੈਕਸਾਂ ’ਤੇ ਮਾਰਿਆ ਛਾਪਾ

05/06/2022 4:27:41 PM

ਲੁਧਿਆਣਾ (ਸੇਠੀ) : ਸਟੇਟ ਜੀ. ਐੱਸ. ਟੀ. ਵਿਭਾਗ ਨੇ ਕਈ ਸਾਲਾਂ ਬਾਅਦ ਮਹਾਨਗਰ ਦੇ ਪ੍ਰਸਿੱਧ ਅਤੇ ਪ੍ਰਾਚੀਨ ਕੱਪੜਾ ਮਾਰਕੀਟ ਦਾਲ ਬਾਜ਼ਾਰ, (ਕੱਚੀ ਗਲੀ) ਦੀ ਇਕ ਫਰਮ ਸ਼੍ਰੀ ਜੀ. ਡੀ. ਸ਼ੰਭੂ ਹੌਜ਼ਰੀ ’ਤੇ ਛਾਪ ਮਾਰਿਆ। ਜ਼ਿਕਰਯੋਗ ਹੈ ਕਿ ਉਕਤ ਫਰਮ ਦਾ ਮਾਲਕ ਮਹੇਂਦਰ ਪਾਲ ਸ਼ੰਭੂ ਟ੍ਰੇਡਿੰਗ ਦਾ ਕੰਮ ਕਰਦਾ ਹੈ। ਵਰਣਨਯੋਗ ਹੈ ਕਿ ਵਿਭਾਗ ਵੱਲੋਂ ਇਕ ਹੀ ਫਰਮ ਦੇ 4 ਕੰਪਲੈਕਸਾਂ ’ਤੇ ਕਾਰਵਾਈ ਕੀਤੀ, ਜਿਸ ’ਚ ਮੁੱਖ ਦਫਤਰ ਸਮੇਤ 3 ਗੋਦਾਮ ਸ਼ਾਮਿਲ ਸਨ। ਇਹ ਕਾਰਵਾਈ ਸਟੇਟ ਜੀ. ਐੱਸ. ਟੀ. ਵਿਭਾਗ ਡਿਸਟ੍ਰਿਕਟ-4 ਦੀ ਟੀਮ ਵਲੋਂ ਕੀਤੀ ਗਈ। ਕਾਰਵਾਈ ਦੀ ਅਗਵਾਈ ਅਸਿਸਟੈਂਟ ਕਮਿਸ਼ਨਰ ਸੁਮਨਦੀਪ ਕੌਰ ਨੇ ਕੀਤੀ, ਜਿਸ ਦੇ ਨਾਲ ਸਟੇਟ ਟੈਕਸ ਅਫਸਰ ਅਮਨਪ੍ਰੀਤ ਸਿੰਘ, ਦੀਪਿਕਾ ਗਰਗ, ਰਾਹੁਲ ਬੰਸਲ, ਰਜਨੀ ਅਤੇ ਕਈ ਦਰਜਨ ਵਿਭਾਗੀ ਇੰਸਪੈਕਟਰ ਅਤੇ ਪੁਲਸ ਫੋਰਸ ਸ਼ਾਮਿਲ ਰਹੀ। ਕਾਰਵਾਈ ਦੌਰਾਨ ਵਿਭਾਗ ਦੇ ਹੱਥ ਕਈ ਲੂਜ਼ ਪਰਚੀਆਂ, ਡਾਇਰੀਆਂ, ਕੰਪਿਊਟਰ, ਅਕਾਊਂਟਸ ਬੁੱਕਸ ਅਤੇ ਦਸਤਾਵੇਜ਼ ਲੱਗੇ ਹਨ, ਜਿਨ੍ਹਾਂ ਨੂੰ ਜਾਂਚ ਕਰਨ ਲਈ ਕਬਜ਼ੇ ’ਚ ਲਿਆ ਹੈ। ਜਾਣਕਾਰੀ ਮੁਤਾਬਕ ਉਕਤ ਕੰਪਲੈਕਸ ਦੇ ਬਾਹਰ ਵੀ ਜੀ. ਐੱਸ. ਟੀ. ਨੰਬਰ ਮੌਜੂਦ ਨਹੀਂ ਸੀ। ਵਿਭਾਗ ਨੇ ਉਕਤ ਮਾਲਕ ਨੂੰ ਸਟੇਟ ਜੀ. ਐੱਸ. ਟੀ. ਦਫਤਰ ਵਿਚ ਪੇਸ਼ ਹੋਣ ਲਈ ਸੰਮਨ ਦਿੱਤੇ।

ਟੈਕਸ ਚੋਰੀ ਨਹੀਂ ਕੀਤੀ ਜਾਵੇਗੀ ਬਰਦਾਸ਼ਤ, ਜਲਦ ਅਜਿਹੀਆਂ ਹੋਰ ਕਾਰਵਾਈਆਂ ਕੀਤੀਆਂ ਜਾਣਗੀਆਂ : ਸੁਮਨਦੀਪ ਕੌਰ

ਅਸਿਸਟੈਂਟ ਕਮਿਸ਼ਨਰ ਸੁਮਨਦੀਪ ਕੌਰ ਨੇ ਦੱਸਿਆ ਕਿ ਜਾਣਕਾਰੀ ਮਿਲੀ ਸੀ ਕਿ ਉਕਤ ਫਰਮ ਬਿਨਾਂ ਬਿੱਲ ਅਤੇ ਅੰਡਰ ਬਿÇਲਿੰਗ ਕਰ ਕੇ ਮਾਲ ਵੇਚਦੀ ਹੈ, ਜਿਸ ਦੇ ਆਧਾਰ ’ਤੇ ਕਾਰਵਾਈ ਕੀਤੀ ਗਈ ਹੈ। ਜਾਂਚ ਅਜੇ ਮੁੱਢਲੇ ਪੜਾਅ ਵਿਚ ਹੈ। ਜ਼ਬਤ ਦਸਤਾਵੇਜ਼ਾਂ ਅਤੇ ਇਲੈਕਟ੍ਰਾਨਿਕ ਯੰਤਰਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ, ਜਿਸ ਤੋਂ ਬਾਅਦ ਅਗਲੀ ਕਾਰਵਾਈ ਨੂੰ ਅੰਜਾਮ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਅਜਿਹੀਆਂ ਹੋਰ ਵੀ ਕਾਰਵਾਈਆਂ ਕੀਤੀਆਂ ਜਾਣਗੀਆਂ ਅਤੇ ਟੈਕਸ ਚੋਰੀ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਖੌਫ ਕਾਰਨ ਕਈ ਘੰਟੇ ਬਾਕੀ ਦੁਕਾਨਦਾਰਾਂ ਨੇ ਦੁਕਾਨਾਂ ਬੰਦ ਰੱਖੀਆਂ

ਜਾਣਕਾਰੀ ਮੁਤਾਬਕ ਦਾਲ ਬਾਜ਼ਾਰ ਅਤੇ ਉਸ ਦੇ ਕਰੀਬ ਬਾਜ਼ਾਰਾਂ ਵਿਚ ਅੰਡਰ ਬਿਡਿੰਗ ਦੇ ਨਾਲ-ਨਾਲ ਬੋਗਸ ਬਿਲਿੰਗ ਦਾ ਗੋਰਖਧੰਦਾ ਤੇਜ਼ੀ ਨਾਲ ਵਧ ਰਿਹਾ ਹੈ, ਜਿਸ ਵਿਚ ਦਾਲ ਬਾਜ਼ਾਰ, ਕੱਚੀ ਗਲੀ, ਲਾਲੂਮਲ ਗਲੀ, ਨੌਘਰਾ, ਫਲਾਈ ਬਾਜ਼ਾਰ, ਹਿੰਦੀ ਬਾਜ਼ਾਰ, ਉੱਚੀ ਗਲੀ, ਕਟੜਾ ਨੌਹਰੀਆ, ਮਾਲੀਗੰਜ, ਪੁਰਾਣਾ ਬਾਜ਼ਾਰ, ਵੇਟਗੰਜ, ਚਾਵਲ ਬਾਜ਼ਾਰ, ਹਜੂਰੀ ਰੋਡ, ਸੈਦਾ ਚੌਕ, ਬ੍ਰਮਪੁਰੀ, ਸਰਾਫਾਂ ਬਾਜ਼ਾਰ, ਪੰਸਾਰੀ ਬਾਜ਼ਾਰ, ਮੀਨਾ ਬਜ਼ਾਰ ਦੇ ਕੁਝ ਕਰਿੰਦੇ ਵੀ ਸ਼ਾਮਿਲ ਹਨ।

ਅੰਡਰ ਬਿਲਿੰਗ ਤੇ ਬਿਨਾਂ ਬਿੱਲ ਦੇ ਮਾਲ ਵੇਚ ਕੇ ਟੈਕਸ ਚੋਰੀ ਕਰਨ ਦਾ ਮਾਮਲਾ ਦੱਸਿਆ ਜਾ ਰਿਹੈ

ਸੂਤਰਾਂ ਮੁਤਾਬਕ ਉਕਤ ਫਰਮ ਅੰਡਰ ਬਿÇਲਿੰਗ ਅਤੇ ਬਿਨਾਂ ਬਿੱਲ ਦੇ ਮਾਲ ਵੇਚਦੀ ਸੀ। ਰਿਕਾਰਡ ਚੈੱਕ ਕਰਨ ਤੋਂ ਬਾਅਦ ਪਤਾ ਲੱਗਾ ਕਿ ਸੇਲ ਰੋਜ਼ਾਨਾ ਘੱਟ ਹੋ ਰਹੀ ਸੀ, ਜਦੋਂਕਿ ਮਾਰਕੀਟ ਅਫਵਾਹ ਮੁਤਾਬਕ ਉਕਤ ਫਰਮ ਭਾਰੀ ਮਾਤਰਾ ’ਚ ਖਰੀਦੋ-ਫਰੋਖ਼ਤ ਕਰਦੀ ਸੀ। ਉਪਰੰਤ ਵਿਭਾਗ ਨੂੰ ਸ਼ੱਕ ਹੋਇਆ ਅਤੇ ਦਸਤਾਵੇਜ਼ ਜੁਟਾਉਣੇ ਸ਼ੁਰੂ ਕਰ ਦਿੱਤੇ। ਸੂਤਰਾਂ ਮੁਤਾਬਕ ਵਿਭਾਗ ਕੋਲ ਪੁਖਤਾ ਸਬੂਤ ਸਨ ਕਿ ਉਕਤ ਫਰਮ ਅੰਡਰ ਬਿÇਲਿੰਗ ਕਰ ਕੇ ਵੱਡੇ ਪੱਧਰ ’ਤੇ ਸਰਕਾਰ ਨੂੰ ਚੂਨਾ ਲਗਾ ਰਹੀ ਸੀ।

ਈ. ਡੀ. ਵਿਭਾਗ ਵੀ ਜਲਦ ਕਰ ਸਕਦੈ ਕਾਰਵਾਈ

ਇਨਫੋਰਸਮੈਂਟ ਡਾਇਰੈਕਟੋਰੇਟ ਵਿਭਾਗ ਸਪੈਸ਼ਲ ਹਵਾਲਾ, ਮਨੀ ਲਾਂਡਰਿੰਗ ਮਾਮਲਿਆਂ ’ਤੇ ਕਾਰਵਾਈ ਕਰਦਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਉਕਤ ਫਰਮ ਦੇ ਲਿੰਕ ਹਵਾਲੇ ਕਾਰੋਬਾਰ ਨਾਲ ਵੀ ਹਨ। ਕਾਰਵਾਈ ਦੌਰਾਨ ਮਿਲੀਆਂ ਲੂਜ਼ ਪਰਚੀਆਂ ਤੋਂ ਅਜਿਹਾ ਲੱਗਦਾ ਹੈ ਕਿ ਉਕਤ ਫਰਮ ਹਵਾਲਾ ਜ਼ਰੀਏ ਭਾਰੀ ਮਾਤਰਾ ’ਚ ਕਾਲੇ ਧਨ ਨੂੰ ਰੋਟੇਟ ਕਰਦੀ ਹੈ। ਹੁਣ ਸਟੇਟ ਜੀ. ਐੱਸ. ਟੀ. ਵਿਭਾਗ ਤੋਂ ਬਾਅਦ ਈ. ਡੀ. ਆਪਣੀ ਕਾਰਵਾਈ ਲਈ ਟੀਮਾਂ ਭੇਜੇਗਾ।


Anuradha

Content Editor

Related News