ਪੋਤੇ ਨੂੰ ਇਨਸਾਫ ਦਿਵਾਉਣ ਲਈ ਦਾਦਾ 23 ਜੁਲਾਈ ਤੋਂ ਬੈਠੇਗਾ ਭੁੱਖ ਹੜਤਾਲ ''ਤੇ

07/17/2018 3:25:24 PM

ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ ਪਵਨ ਤਨੇਜਾ)— ਪੁਲਸ ਵਿਭਾਗ ਕੋਲੋਂ ਨਿਆਂ ਨਾ ਮਿਲਣ ਕਰਕੇ ਆਪਣੇ ਪੋਤੇ ਨੂੰ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਰਾਹੀਂ ਇਨਸਾਫ ਦਿਵਾਉਣ ਲਈ ਇਕ ਦਾਦਾ 23 ਜੁਲਾਈ ਤੋਂ ਡਿਪਟੀ ਕਮਿਸ਼ਨਰ ਦਫ਼ਤਰ ਦੇ ਅੱਗੇ ਭੁੱਖ ਹੜਤਾਲ 'ਤੇ ਬੈਠੇਗਾ। ਮਾਮਲਾ ਪਿੰਡ ਭਾਗਸਰ ਦੇ ਇਕ ਨੌਜਵਾਨ ਰਾਕੇਸ਼ ਕੁਮਾਰ ਪੁੱਤਰ ਜਗਜੀਤ ਸਿੰਘ ਦਾ ਹੈ, ਜਿਸ ਨੇ 4 ਜੁਲਾਈ ਨੂੰ ਜ਼ਹਿਰੀਲੀ ਦਵਾਈ ਪੀ ਲਈ ਸੀ ਤੇ ਹਸਪਤਾਲ ਵਿਚ ਇਲਾਜ ਅਧੀਨ ਉਕਤ ਨੌਜਵਾਨ ਨੇ ਪੁਲਸ ਨੂੰ 8-9 ਫਾਇਨਾਂਸਰਾਂ ਖਿਲਾਫ਼ ਬਿਆਨ ਦਿੱਤੇ ਸਨ ਕਿ ਇਨ੍ਹਾਂ ਕੋਲੋਂ ਤੰਗ ਆ ਕੇ ਮੈਂ ਸਪਰੇਅ ਪੀਤੀ ਹੈ। ਉਸ ਨੇ ਦੱਸਿਆ ਸੀ ਕਿ ਇਨ੍ਹਾਂ ਨੇ ਮੇਰੇ ਕੋਲੋਂ ਖਾਲੀ ਚੈੱਕ ਅਤੇ ਖਾਲੀ ਪ੍ਰਨੋਟਾਂ 'ਤੇ ਦਸਤਖਤ ਕਰਵਾਏ ਸਨ ਅਤੇ ਮੇਰਾ ਪਾਸਪੋਰਟ ਵੀ ਰੱਖ ਲਿਆ ਸੀ। ਸ਼ਿਕਾਇਤ ਕਰਨ ਦੇ ਬਾਵਜੂਦ ਵੀ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ।
ਰਾਕੇਸ਼ ਕੁਮਾਰ ਦਾ ਦਾਦਾ ਸੇਠ ਬਾਬੂ ਰਾਮ ਜੋ ਇਕ ਸਮਾਜ ਸੇਵਕ ਹੈ, ਨੇ ਅੱਜ ਸਵੇਰੇ ਦੱਸਿਆ ਕਿ ਪੁਲਸ ਕੋਲੋਂ ਇਨਸਾਫ਼ ਲੈਣ ਲਈ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਤੋਂ ਲੈ ਕੇ ਰਾਸ਼ਟਰਪਤੀ ਤੱਕ ਦਰਖਾਸਤਾਂ ਭੇਜੀਆਂ ਹਨ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਜਿਸ ਕਰਕੇ ਮਜਬੂਰੀ ਵੱਸ ਉਹ ਆਪਣੇ ਪੋਤੇ ਨੂੰ ਇਨਸਾਫ਼ ਦਿਵਾਉਣ ਲਈ 23 ਜੁਲਾਈ ਤੋਂ ਭੁੱਖ ਹੜਤਾਲ 'ਤੇ ਬੈਠਣਗੇ।