ਪੰਜਾਬ ਸਰਕਾਰ ਵਲੋਂ ਸਕੂਲ ਖੋਲ੍ਹਣ 'ਤੇ ਸਕੂਲਾਂ 'ਚ ਮੁੜ ਪਰਤੀਆਂ ਰੌਣਕਾਂ

10/20/2020 3:02:53 PM

ਭਵਾਨੀਗੜ੍ਹ (ਕਾਂਸਲ, ਵਿਕਾਸ, ਸੰਜੀਵ,): ਪੰਜਾਬ ਸਰਕਾਰ ਵਲੋਂ ਕੋਰੋਨਾ ਮਹਾਮਾਰੀ ਕਾਰਨ ਹੋਈ ਤਾਲਾਬੰਦੀ ਤੋਂ ਬਾਅਦ ਅੱਜ 7 ਮਹੀਨਿਆਂ ਬਾਅਦ ਪੰਜਾਬ 'ਚ 9ਵੀ ਜਮਾਤ ਤੋਂ 12 ਜਮਾਤ ਤੱਕ ਦੇ ਵਿਦਿਆਰਥੀਆਂ ਲਈ ਸਕੂਲਾਂ ਨੂੰ ਖੋਲ੍ਹ ਦੇਣ ਕਾਰਨ ਸਕੂਲਾਂ 'ਚ ਮੁੜ ਰੌਕਣਾਂ ਪਰਤ ਆਈਆਂ। ਅੱਜ ਸਥਾਨਕ ਸ਼ਹਿਰ ਦੇ ਦੋਵੇਂ ਸਰਕਾਰੀ ਸਕੂਲਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁੰਡੇ ਅਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦਾ ਦੌਰਾ ਕਰਨ ਮੌਕੇ ਸਕੂਲ ਖੁੱਲ੍ਹਣ ਕਾਰਨ ਸਕੂਲ ਪਹੁੰਚੇ। ਵਿਦਿਆਰਥੀਆਂ ਅਤੇ ਅਧਿਆਪਕਾਂ 'ਚ ਵੱਡੀ ਖੁਸ਼ੀ ਦਾ ਮਹੋਲ ਦੇਖਣ ਨੂੰ ਮਿਲਿਆ। ਇਕ-ਆਦ ਕਲਾਸ ਨੂੰ ਛੱਡ ਕੇ ਬਾਕੀ ਕਲਾਸਾਂ 'ਚ ਵਿਦਿਆਰਥੀ ਮਾਸਕ ਪਾ ਕੇ ਅਤੇ ਸਮਾਜ ਦੂਰੀ ਬਣਾ ਕੇ ਬੈਠੇ ਨਜ਼ਰ ਆਏ। ਇਸ ਮੌਕੇ ਦੋਵੇਂ ਸਕੂਲਾਂ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਸਕੂਲ 'ਚ ਦਾਖ਼ਲ ਹੋਣ ਸਮੇਂ ਵਿਦਿਆਰਥੀਆਂ ਅਤੇ ਅਧਿਆਪਕਾਂ ਦੋਵਾਂ ਦੇ ਹੱਥ ਸੈਨੇਟਾਈਜ਼ਰ ਨਾਲ ਚੰਗੀ ਤਰ੍ਹਾਂ ਸਾਫ ਕਰਵਾਏ ਗਏ ਅਤੇ ਨਾਲ ਹੀ ਨਾਨਟੱਚ ਥਰਮਾਮੀਟਰ ਨਾਲ ਤਾਪਮਾਨ ਦੀ ਜਾਂਚ ਕੀਤੀ ਗਈ।

ਪ੍ਰਬੰਧਕਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਸਕੂਲਾਂ ਨੂੰ ਪੂਰੀ ਤਰ੍ਹਾਂ ਸਨੈਟਾਇਜ਼ ਕਰਵਾਇਆ ਗਿਆ ਸੀ ਅਤੇ ਵਿਦਿਆਰਥੀਆਂ ਦੇ ਜਾਣ ਤੋਂ ਬਾਅਦ ਫਿਰ ਸਕੂਲ ਨੂੰ ਸਨੈਟਾਇਜ਼ ਕਰਵਾਇਆ ਜਾਵੇਗਾ। ਸਕੂਲਾਂ 'ਚ ਅੱਜ ਅਧਿਆਪਕਾਂ ਵੱਲੋਂ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਕੋਰੋਨਾ ਮਹਾਮਾਰੀ ਤੋਂ ਬਚਾਅ ਲਈ ਸਰਕਾਰ ਵਲੋਂ ਜਾਰੀ ਜ਼ਰੂਰੀ ਨਿਯਮਾਂ ਦੀ ਪਾਲਣਾ ਕਰਨ ਸਬੰਧੀ ਵੀ ਚੰਗੀ ਤਰ੍ਹਾਂ ਪ੍ਰੇਰਿਤ ਕੀਤਾ ਗਿਆ। ਅਧਿਆਪਕਾਂ ਨੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਰੋਜਾਨਾਂ ਸਾਫ-ਸੁਥਰੇ ਮਾਸਕ ਲਗਾ ਕੇ ਸਕੂਲ ਭੇਜਣ ਅਤੇ ਜਿਸ ਬੱਚੇ ਨੂੰ ਕੋਈ ਬੁਖਾਰ, ਖਾਂਸੀ ਜਾਂ ਜੁਕਾਮ ਵੈਗਰਾ ਦੀ ਸਮੱਸਿਆ ਹੋਵੇ ਤਾਂ ਉਸ ਨੂੰ ਸਕੂਲ ਨਾ ਭੇਜਿਆ ਜਾਵੇ। ਇਸ ਮੌਕੇ ਵਿਦਿਆਰਥੀਆਂ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਕਿਹਾ ਕਿ ਸਾਨੂੰ ਸਕੂਲ ਆ ਕੇ ਬਹੁਤ ਖੁਸ਼ੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸਕੂਲ ਵੱਲੋਂ ਭਾਵੇ ਆਨਲਾਇਨ ਕਲਾਸਾਂ ਲਗਾ ਕੇ ਸਾਡੀ ਪੜ੍ਹਾਈ ਨੂੰ ਜਾਰੀ ਰੱਖਿਆ ਗਿਆ ਸੀ ਪਰ ਅਸਲ ਪੜ੍ਹਾਈ ਸਕੂਲ 'ਚ ਆ ਅਧਿਆਪਕਾਂ ਦੇ ਸਾਹਮਣੇ ਹੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਅਸੀ ਕੋਵਿਡ-19 ਤੋਂ ਬਚਾਅ ਲਈ ਜਾਰੀ ਸਾਰੇ ਨਿਯਮਾਂ ਦੀ ਪੂਰੀ ਪਾਲਣਾ ਕਰਾਗੇ ਅਤੇ ਹੁਣ ਸਕੂਲਾਂ ਨੂੰ ਬੰਦ ਨਾ ਕੀਤਾ ਜਾਵੇ। ਸਕੂਲ ਬੰਦ ਹੋਣ ਨਾਲ ਸਾਡੇ ਬਹੁਤ ਜਿਆਦਾ ਨੁਕਸਾਨ ਹੋਇਆ ਹੈ।


Shyna

Content Editor

Related News