ਨੰਗ ਹੋਈ ਪੰਜਾਬ ਸਰਕਾਰ ਨੇ ਪੀ. ਆਰ. ਟੀ. ਸੀ. ਦੇ 180 ਕਰੋੜ ਰੁਪਏ ਰੋਕੇ

12/10/2019 5:08:04 PM

ਪਟਿਆਲਾ (ਜੋਸਨ): ਪੰਜਾਬ ਸਰਕਾਰ ਵੱਲ ਪੀ. ਆਰ. ਟੀ. ਸੀ. ਦੇ ਸਫਰ ਸਹੂਲਤਾਂ ਦੇ 180 ਕਰੋੜ ਰੁਪਏ ਬਕਾਇਆ ਰੋਕਣ ਕਾਰਣ ਅਤੇ ਅਦਾਰੇ ਅੰਦਰ ਦਲਾਲਾਂ ਰਾਹੀਂ ਕੁਰੱਪਸ਼ਨ ਖਿਲਾਫ਼ ਅੱਜ ਪੀ. ਆਰ. ਟੀ. ਸੀ. ਦੇ ਵਰਕਰਾਂ ਨੇ ਬੱਸ ਸਟੈਂਡ 'ਤੇ ਧਰਨਾ ਲਾ ਕੇ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਇਕ ਪਾਸੇ ਸਰਕਾਰ ਪੀ. ਆਰ. ਟੀ. ਸੀ. ਦਾ ਬੇੜਾ ਗਰਕ ਕਰ ਰਹੀ ਹੈ, ਦੂਜੇ ਪਾਸੇ ਮੈਨੇਜਮੈਂਟ ਦਲਾਲਾਂ ਰਾਹੀਂ ਕੁਰੱਪਸ਼ਨ ਕਰ ਰਹੀ ਹੈ, ਜਿਸ ਕਾਰਣ ਪੀ. ਆਰ. ਟੀ. ਸੀ ਦਾ ਬੇੜਾ ਡੁੱਬਣਾ ਤੈਅ ਹੋ ਗਿਆ ਹੈ। ਆਗੂਆਂ ਨੇ ਕਿਹਾ ਕਿ ਅੱਜ ਪੈਨਸ਼ਨ ਸਕੀਮ 1992 ਤੋਂ ਵਾਂਝੇ ਰਹਿ ਗਏ 500-600 ਮੁਲਾਜ਼ਮਾਂ ਨੂੰ ਪੈਨਸ਼ਨ ਦੇਣ ਵਾਸਤੇ ਮੈਨੇਜਮੈਂਟ ਟਾਲ-ਮਟੋਲ ਦੀ ਨੀਤੀ ਅਖਤਿਆਰ ਕੀਤੀ ਹੋਈ ਹੈ।

ਕਾਮਰੇਡ ਨਿਰਮਲ ਸਿੰਘ ਧਾਲੀਵਾਲ, ਭਿੰਦਰ ਸਿੰਘ, ਕੁਲਦੀਪ ਸਿੰਘ ਗਰੇਵਾਲ, ਰਵਿੰਦਰ ਪਟਵਾਰੀ, ਆਤਮਾ ਸਿੰਘ ਅਤੇ ਸੁਖਚਰਨ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਟਰਾਂਸਪੋਰਟ ਮਾਫੀਏ ਦੇ ਦਬਾਅ ਹੇਠਾਂ ਨਵੀਆਂ ਬੱਸਾਂ ਨਹੀਂ ਪੈਣ ਦੇ ਰਹੀ ਅਤੇ ਨਾ ਹੀ ਟਾਈਮ ਟੇਬਲ ਬਣਨ ਦੇ ਰਹੀ ਹੈ। ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੇ ਡੀ. ਏ. ਦੇ ਬਕਾਏ, ਪੇ-ਕਮਿਸ਼ਨ ਦੇ ਮਾਮਲੇ ਹੱਲ ਨਹੀਂ ਕੀਤੇ ਜਾ ਰਹੇ। ਕੇਂਦਰ ਸਰਕਾਰ ਮੁਲਾਜ਼ਮਾਂ-ਮਜ਼ਦੂਰਾਂ ਨਾਲ ਦੁਸ਼ਮਣ ਵਾਲਾ ਵਤੀਰਾ ਰੱਖ ਰਹੀ ਹੈ। ਪਬਲਿਕ ਸੈਕਟਰ ਦੇ ਅਦਾਰੇ ਕੌਡੀਆਂ ਦੇ ਭਾਅ ਵੇਚੇ ਜਾ ਰਹੇ ਹਨ। ਕਾਰਪੋਰੇਟ ਘਰਾਣਿਆਂ ਦੀ ਪੁਸ਼ਤ-ਪਨਾਹੀ ਕੀਤੀ ਜਾ ਰਹੀ ਹੈ।

ਧਾਲੀਵਾਲ ਨੇ ਵਰਕਰਾਂ ਨੂੰ ਸੁਚੇਤ ਕੀਤਾ ਕਿ ਵਰਕਿੰਗ ਕਲਾਸ ਇਕੱਠੇ ਹੋ ਕੇ ਇਨ੍ਹਾਂ ਨੀਤੀਆਂ ਖਿਲਾਫ ਜ਼ੋਰਦਾਰ ਸੰਘਰਸ਼ ਕਰ ਕੇ ਹੀ ਇਨ੍ਹਾਂ ਨੀਤੀਆਂ ਨੂੰ ਰੋਕਿਆ ਜਾ ਸਕਦਾ ਹੈ। ਦੇਸ਼ ਦੀਆਂ 10 ਪ੍ਰਮੁੱਖ ਟਰੇਡ ਯੂਨੀਅਨਾਂ ਅਤੇ ਫੈੱਡਰੇਸ਼ਨਾਂ ਵੱਲੋਂ ਮੰਗਾਂ (ਠੇਕੇਦਾਰ ਸਿਸਟਮ ਖਤਮ ਕਰੋ, ਆਊਟ-ਸੋਰਸਿੰਗ ਬੰਦ ਕਰੋ, ਪੱਕੇ ਵਰਕਰ ਭਰਤੀ ਕਰੋ, 60 ਸਾਲ ਤੋਂ ਵੱਧ ਦੀ ਉਮਰ ਦੇ ਹਰ ਵਿਅਕਤੀ ਨੂੰ ਘੱਟੋ-ਘੱਟ 5000 ਪੈਨਸ਼ਨ ਦਿੱਤੀ ਜਾਵੇ ਅਤੇ ਪਬਲਿਕ ਸੈਕਟਰ ਵੇਚਣਾ ਬੰਦ ਕੀਤਾ ਜਾਵੇ) ਸਬੰਧੀ 8 ਜਨਵਰੀ 2020 ਨੂੰ ਦੇਸ਼-ਵਿਆਪੀ ਹੜਤਾਲ ਕਰਨ ਦਾ ਸੱਦਾ ਦਿੱਤਾ ਹੈ।

ਇਕੱਠ ਨੂੰ ਰਾਮ ਸਰੂਪ ਅੱਗਰਵਾਲ, ਸੁਖਦੇਵ ਰਾਮ ਸੁੱਖੀ, ਹਰਨੇਕ ਸਿੰਘ ਨੈਣੇਵਾਲੀਆ, ਰਮੇਸ਼ ਕੁਮਾਰ ਭੱਟੀ, ਰਮੇਸ਼ ਕੁਮਾਰ, ਅਮਰਜੀਤ ਸਿੰਘ, ਟਹਿਲ ਸਿੰਘ, ਹਰਭਜਨ ਸਿੰਘ ਅਤੇ ਗੁਲਾਬ ਸਿੰਘ ਨੇ ਸੰਬੋਧਨ ਕਰਦਿਆਂ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਪੀ. ਆਰ. ਟੀ. ਸੀ. ਦੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਖਿਲਾਫ ਕੀਤੇ ਜਾ ਰਹੇ ਸੰਘਰਸ਼ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ।

Shyna

This news is Content Editor Shyna