ਪੰਜਾਬ ਸਰਕਾਰ ਨੂੰ ਬਠਿੰਡਾ ''ਚ ਬਣਨ ਜਾ ਰਹੇ ਵੱਡੇ ਫਾਰਮਾ ਪਾਰਕ ਸਬੰਧੀ ਸਨਅਤਕਾਰਾਂ ਵਲੋਂ ਮਿਲਿਆ ਭਰਵਾਂ ਹੁੰਗਾਰਾ

09/22/2020 5:18:56 PM

ਚੰਡੀਗੜ੍ਹ: ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਟੀਮ ਨੇ  ਬਠਿੰਡਾ ਵਿਖੇ ਬਣਾਏ ਜਾ ਰਹੇ ਵੱਡੇ ਫਾਰਮਾਂ ਪਾਰਕ ਲਈ ਉਦਯੋਗਪਤੀਆਂ ਨਾਲ ਵੀਡੀਓ ਕਾਨਫਰੰਸਿੰਗ ਕੀਤੀ। ਇਸ ਮੌਕੇ ਕੀਤੇ ਗਏ ਸਲਾਹ-ਮਸ਼ਵਰੇ ਦੌਰਾਨ ਉਦਯੋਗਿਕ ਖੇਤਰ ਦੇ ਵੱਡੇ ਨਿਵੇਸ਼ਕਾਰਾਂ ਅਤੇ ਅਕਾਦਮਿਕ ਆਗੂਆਂ ਨਾਲ ਰਣਨੀਤਕ ਵਿਚਾਰ ਵਟਾਂਦਰੇ ਦੌਰਾਨ ਭਰਵਾਂ ਹੁੰਗਾਰਾ ਮਿਲਿਆ ਹੈ।
ਵੈਬਿਨਾਰ 'ਚ ਭਾਰਤ ਭਰ (ਪੰਜਾਬ ਸਮੇਤ) ਅਤੇ ਯੂ.ਐੱਸ.ਏ. ਦੇ 50 ਤੋਂ ਵੱਧ ਉੱਘੇ ਫਾਰਮ ਉਦਯੋਗਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ।ਇਨ੍ਹਾਂ 'ਚ ਡਾ: ਰੈਡੀਜ਼, ਡਿਵਿਸ ਲੈਬਜ਼, ਆਈ.ਓ.ਐੱਲ ਕੈਮੀਕਲ, ਸਨ ਫਾਰਮਾਂ, ਨੈਕਟਰ ਲਾਈਫਸਾਇੰਸਸ, ਅਨੁਪਮ ਰਸਾਇਣ, ਸੀਕਿਉਐਂਟ ਸਾਇੰਟੀਫਿਕ, ਏ.ਐੱਮ.ਆਈ. ਲਾਈਫਸਾਇੰਸਸ, ਸੌਰਵ ਕੈਮੀਕਲਜ਼ ਆਦਿ ਸ਼ਾਮਲ ਹੋਏ। ਇਸ ਸੈਸ਼ਨ ਵਿਚ ਯੂ.ਐੱਨ.ਆਈ.ਡੀ.ਓ, ਐੱਨ.ਸੀ.ਐੱਲ, ਸੀ.ਐੱਸ.ਆਈ.ਆਰ, ਫਾਰਮਾ ਐਕਸਿਲ ਵਰਗੇ ਹੋਰ ਸਾਂਝੇਦਾਰ ਵੀ ਸ਼ਾਮਲ ਹੋਏ। 

ਸੈਸ਼ਨ ਦੀ ਸ਼ੁਰੂਆਤ ਭਾਰਤ ਸਰਕਾਰ ਦੇ ਫਾਰਮਾਸੂਟੀਕਲ ਵਿਭਾਗ ਦੇ ਸੰਯੁਕਤ ਸਕੱਤਰ ਸ੍ਰੀ ਨਵਦੀਪ ਰਿਨਵਾ ਵਲੋਂ ਭਾਰਤ ਸਰਕਾਰ ਦੀ ਥੋਕ ਡਰੱਗ ਪਾਰਕਾਂ”ਨੂੰ ਉਤਸ਼ਾਹਿਤ ਕਰਨ ਸਬੰਧੀ ਚਲਾਈ ਸਕੀਮ ਬਾਰੇ ਜਾਣਕਾਰੀ ਨਾਲ ਕੀਤੀ ਗਈ। ਇਸ ਉੱਚ ਪੱਧਰੀ ਗੱਲਬਾਤ 'ਚ ਇਨਵੈਸਟ ਪੰਜਾਬ ਅਤੇ ਮਕਾਨ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਵੀ ਸ਼ਿਰਕਤ ਕੀਤੀ। ਵਿਸ਼ੇਸ਼ ਕਰਕੇ ਫਾਰਮਾ ਇਕਾਈਆਂ ਲਈ ਪੰਜਾਬ ਨੂੰ ਇਕ ਤਰਜੀਹੀ ਨਿਵੇਸ਼ ਸਥਾਨ ਵਜੋਂ ਦਰਸਾਉਣ ਹਿੱਤ ਪੰਜਾਬ 'ਚ ਨਿਵੇਸ਼ ਦੇ ਫਾਇਦਿਆਂ ਬਾਰੇ ਇਕ ਸੰਖੇਪ ਝਾਤ ਪਾਉਣ ਤੋਂ ਇਲਾਵਾ ਬਠਿੰਡਾ ਵਿਖੇ ਲਗਭਗ 1300 ਏਕੜ ਰਕਬੇ 'ਚ ਬਣਨ ਜਾ ਰਹੇ 'ਥੋਕ ਡਰੱਗਜ਼ ਪਾਰਕ' ਸਬੰਧੀ ਉਦਯੋਗਪਤੀਆਂ ਨੂੰ ਜਾਣਕਾਰੀ ਦੇਣ 'ਤੇ ਮੁੱਖ ਜ਼ੋਰ ਦਿੱਤਾ ਗਿਆ।

ਇਸ ਮੀਟਿੰਗ ਨੇ ਪੰਜਾਬ 'ਚ ਫਾਰਮਾ ਇਕਾਈਆਂ ਦੀਆਂ ਜ਼ਰੂਰਤਾਂ ਨੂੰ ਸਮਝਣ ਅਤੇ ਸੂਬਾ ਸਰਕਾਰ ਦੇ ਵੱਡੇ ਡਰੱਗਜ਼ ਪਾਰਕ ਸਬੰਧੀ ਪ੍ਰਸਤਾਵ 'ਤੇ ਉਦਯੋਗਿਕ ਫੀਡਬੈਕ ਲੈਣ ਲਈ ਇਕ ਮੰਚ ਦਾ ਕੰਮ ਕੀਤਾ । ਸੂਬੇ ਦੇ ਨਿਵੇਸ਼ਕਾਂ ਲਈ ਢੁੱਕਵਾਂ ਮਾਹੌਲ ਸਿਰਜਣ ਲਈ ਕੀਤੇ ਅਗਾਂਹਵਧੂ ਸੁਧਾਰਾਂ ਅਤੇ ਪਹਿਲਕਦਮੀਆਂ ਲਈ ਉਦਯੋਗਪਤੀਆਂ ਨੇ ਪੰਜਾਬ ਸਰਕਾਰ ਦੀ ਸ਼ਲਾਘਾ ਕੀਤੀ। ਉਨ੍ਹਾਂ ਫਾਰਮਾ ਪਾਰਕ ਬਣਾਉਣ ਲਈ ਉਸਾਰੂ ਰਵੱਈਆ ਅਤੇ ਨਵੀਨਤਮ ਪਹੁੰਚ ਅਪਣਾਉਣ ਲਈ ਵੀ ਸੂਬਾ ਸਰਕਾਰ ਦੀ ਪ੍ਰਸੰਸ਼ਾ ਕੀਤੀ ।

ਇਸੇ ਦੌਰਾਨ ਸੂਬੇ ਦੀ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਸਰਕਾਰ ਅਤੇ ਉਦਯੋਗਾਂ ਦੇ ਡੂੰਘੇ ਸਬੰਧਾਂ 'ਤੇ ਚਾਨਣਾ ਪਾਇਆ। ਉਨਾਂ ਕਿਹਾ ਕਿ ਸੂਬੇ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਉਦਯੋਗਪਤੀ ਸਕਾਰਤਮਕ ਸਹਿਯੋਗ ਕਰ ਰਹੇ ਹਨ। ਵਿੱਤ ਮੰਤਰੀ ਨੇ ਵਾਜਬ ਕੀਮਤਾਂ 'ਤੇ ਬੁਨਿਆਦੀ ਢਾਂਚੇ ਅਤੇ ਉਦਯੋਗਾਂ ਨੂੰ ਪੂਰਨ ਸਹੂਲਤਾਂ ਦੇਣ ਦਾ ਵਿਸ਼ਵਾਸ ਜਤਾਇਆ।ਪੰਜਾਬ ਵਿਚ ਉੱਭਰ ਰਹੇ ਫਾਰਮਾ ਸੈਕਟਰ ਦੇ ਵਿਕਾਸ ਨੂੰ ਉਤਸ਼ਾਹਿਤ ਕਰਨ ਸਬੰਧੀ ਪੰਜਾਬ ਸਰਕਾਰ ਦੇ ਠੋਸ ਇਰਾਦਿਆਂ ਸਬੰਧੀ ਮੀਟਿੰਗ ਵਿਚ ਸ਼ਾਮਲ ਉਦਯੋਗਿਕ ਇਕਾਈਆਂ ਦੇ ਨੁਮਾਇੰਦਿਆਂ ਅਤੇ ਹੋਰ ਸੰਗਠਨਾਂ ਦੇ ਆਗੂਆਂ ਨੂੰ ਹਰ ਸੰਭਵ ਸਹਿਯੋਗ ਦੀ ਪੇਸ਼ਕਸ਼ ਕੀਤੀ।ਇਸ ਮੀਟਿੰਗ ਦੌਰਾਨ ਪੰਜਾਬ ਅਤੇ ਫਾਰਮਾ ਉਦਯੋਗ ਦੇ ਆਗੂਆਂ ਦਰਮਿਆਨ ਇੱਕ ਵਿਲੱਖਣ ਭਾਈਵਾਲੀ ਬਣੀ ਜਿਸ ਨਾਲ ਪੰਜਾਬ  ਸੂਬਾ ਭਾਰਤ ਵਿਚ ਫਾਰਮਾ ਉਦਯੋਗ ਲਈ ਸਭ ਤੋਂ ਬਿਹਤਰ ਥਾਂ ਵਜੋਂ ਉੱਭਰ ਕੇ ਸਾਹਮਣੇ ਆਵੇਗਾ।


Shyna

Content Editor

Related News