ਹਰਿਆਣਾ ਸਰਕਾਰ ਵੱਲੋਂ ਪੰਜਾਬੀ ਭਾਸ਼ਾ ਨਾਲ ਕੀਤਾ ਵਿਤਕਰਾ ਨਿੰਦਣਯੋਗ:ਪ੍ਰੋ: ਬਡੂੰਗਰ

01/03/2020 6:07:07 PM

ਨਾਭਾ (ਜਗਨਾਰ/ਭੂਪਾ): ਹਰਿਆਣਾ ਸਰਕਾਰ ਵੱਲੋਂ ਜੋ ਪੰਜਾਬੀ ਭਾਸ਼ਾ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ, ਉਹ ਅਤਿ ਨਿੰਦਣਯੋਗ ਹੈ। ਇਹ ਵਿਚਾਰ ਐਸ.ਜੀ.ਪੀ.ਸੀ. ਦੇ ਸਾ. ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਸਥਾਨਕ ਡੇਰਾ ਬਾਬਾ ਅਜਾਪਾਲ ਸਿੰਘ ਘੋੜਿਆਂਵਾਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੇ| ਉਨ੍ਹਾਂ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖਟੜ ਖੁਦ ਪੰਜਾਬੀ ਹੈ, ਦੇ ਬਾਵਜੂਦ ਉਨ੍ਹਾਂ ਨੂੰ ਪੰਜਾਬੀ ਭਾਸ਼ਾ ਪ੍ਰਤੀ ਅਜਿਹਾ ਫੈਸਲਾ ਨਹੀਂ ਲੈਣਾ ਚਾਹੀਦਾ,ਕਿਉਂਕਿ ਜੋ ਹਰਿਆਣਾ ਸੂਬੇ ਅੰਦਰ 70 ਪ੍ਰਤੀਸ਼ਤ ਦੇ ਕਰੀਬ ਪੰਜਾਬੀ ਲੋਕਾਂ ਦੀ ਆਬਾਦੀ ਹੈ|ਜਦੋਂ ਪ੍ਰੋ: ਬਡੂੰਗਰ ਨੂੰ ਪੀਲਭੀਤ 'ਚ ਨਗਰ ਕੀਰਤਨ ਕੱਢਣ ਨਾ ਦੇਣ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਸਿੱਧਾ ਸਿੱਖ ਧਰਮ ਤੇ ਹਮਲਾ ਹੈ, ਕਿਉਂ ਜੋ ਨਗਰ ਕੀਰਤਨ ਸਜਾਉਣ ਲਈ ਕਦੇ ਵੀ ਕਿਸੇ ਤੋਂ ਮਨਜੂਰੀ ਲੈਣ ਦੀ ਲੋੜ ਨਹੀਂ ਹੁੰਦੀ।

ਉਨ੍ਹਾਂ ਕਿਹਾ ਕਿ ਜਿਨ੍ਹਾਂ ਪੁਲਸ ਕਰਮਚਾਰੀਆਂ ਨੇ ਨਗਰ ਕੀਰਤਨ ਨੂੰ ਰੋਕਿਆ ਹੈ, ਉਨ੍ਹਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ, ਜੋ ਕਿ ਸੋਚੀ ਸਮਝੀ ਸਾਜਿਸ਼ ਤਹਿਤ ਹੋਇਆ ਹੈ। ਪਿਛਲੇ ਦਿਨਾਂ ਤੋਂ ਆ ਰਹੇ ਬਾਲ ਦਿਵਸ ਮਨਾਉਣ ਸਬੰਧੀ ਜੋ ਸਿਆਸਤਦਾਨਾਂ ਵੱਲੋਂ ਬਿਆਨ ਆ ਰਹੇ ਹਨ, ਸਬੰਧੀ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਸ੍ਰੀ ਫਤਿਹਗੜ੍ਹ ਸਾਹਿਬ ਦੀ ਲਾਸਾਨੀ ਸ਼ਹਾਦਤ ਨੂੰ ਕਦੇ ਵੀ ਬਾਲ ਦਿਵਸ ਨਾਲ ਨਹੀਂ ਜੋੜਿਆ ਜਾ ਸਕਦਾ, ਕਿਉਂ ਜੋ ਅਜਿਹੀ ਲਾਸਾਨੀ ਸ਼ਹਾਦਤ ਦੀ ਪੂਰੇ ਇਤਿਹਾਸ 'ਚ ਕਿਤੇ ਵੀ ਮਿਸਾਲ ਨਹੀਂ ਮਿਲਦੀ, ਜਿਸ ਕਰਕੇ ਸਿਆਸਤਦਾਨਾਂ ਨੂੰ ਅਜਿਹੇ ਬਿਆਨ ਨਹੀਂ ਦੇਣੇ ਚਾਹੀਦੇ।ਇਸ ਮੌਕੇ ਉਨ੍ਹਾਂ ਵੱਲੋਂ ਧੰਨ-ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੁੱਚੀ ਲੋਕਾਈ ਨੂੰ ਵਧਾਈਆਂ ਦਿੱਤੀਆਂ ਗਈਆਂ ਅਤੇ ਸਿੱਖ ਸੰਗਤਾਂ ਵੱਲੋਂ ਪ੍ਰੋ: ਬਡੂੰਗਰ ਨੂੰ ਸਿਰੋਪਾਓ ਦੇ ਕੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਜਗਜੀਤ ਸਿੰਘ ਖੋਖ, ਚਰਨਜੀਤ ਸਿੰਘ ਵਿਰਕ, ਦਰਸਨ ਸਿੰਘ ਖੋਖ, ਮੈਨੇਜਰ ਨਰਿੰਦਰਜੀਤ ਸਿੰਘ ਭਵਾਨੀਗੜ, ਜਸਵੀਰ ਸਿੰਘ ਵਜੀਦਪੁਰ, ਸਰਬਜੀਤ ਸਿੰਘ ਧੀਰੋਮਾਜਰਾ, ਮੇਜਰ ਸਿੰਘ ਸਕੌਹਾਂ, ਗਮਦੂਰ ਸਿੰਘ, ਦਵਿੰਦਰ ਸਿੰਘ ਆਦਿ ਵੀ ਮੌਜੂਦ ਸਨ।


Shyna

Content Editor

Related News