ਸਰਕਾਰੀ ਹਸਪਤਾਲ ''ਚ ਡਾਕਟਰਾਂ ਦੀ ਘਾਟ ਕਾਰਨ ਲੋਕਾਂ ਨੂੰ ਕਰਨਾ ਪੈ ਰਿਹੈ ਖੱਜਲ-ਖੁਆਰੀ ਸਾਹਮਣਾ

04/04/2022 9:52:43 PM

ਸੰਗਤ ਮੰਡੀ (ਮਨਜੀਤ) : ਆਮ ਤੌਰ ’ਤੇ ਲੋਕ ਵਧੀਆ ਇਲਾਜ ਕਰਵਾਉਣ ਲਈ ਨਿੱਜੀ ਹਸਪਤਾਲ ਨੂੰ ਤਰਜੀਹ ਦਿੰਦੇ ਹਨ ਪਰ ਘੁੱਦਾ ਦਾ ਸਬ-ਡਵੀਜ਼ਨਲ ਹਸਪਤਾਲ ਸਰਕਾਰ ਦੀਆਂ ਖਾਮੀਆਂ ਦੇ ਬਾਵਜੂਦ ਸਿਹਤ ਸਹੂਲਤਾਂ ਪੱਖੋਂ ਬਹੁਤ ਉੱਚਾ ਹੈ, ਜੇਕਰ ਇਥੇ ਡਾਕਟਰੀ ਸਟਾਫ਼ ਨੂੰ ਪੂਰਾ ਕਰ ਦਿੱਤਾ ਜਾਵੇ ਤਾਂ ਇਹ ਨਿੱਜੀ ਹਸਪਤਾਲਾਂ ਨੂੰ ਮਾਤ ਪਾਵੇਗਾ। ਦੱਸਣਾ ਬਣਦਾ ਹੈ ਕਿ ਸਾਲ 2009 ’ਚ ਉਸ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਆਪਣੀ ਨਿੱਜੀ ਦਿਲਚਸਪੀ ਨਾਲ 50 ਬੈੱਡਾਂ ਦਾ ਆਲੀਸ਼ਾਨ ਹਸਪਤਾਲ ਬਣਾਇਆ ਗਿਆ ਸੀ। ਬਾਦਲ ਵੱਲੋਂ ਦਿਹਾਤੀ ਲੋਕਾਂ ਨੂੰ ਵਧੀਆ ਤੇ ਸਸਤੀਆਂ ਸਿਹਤ ਸਹੂਲਤਾਂ ਦੇਣ ਦੇ ਮਕਸਦ ਨਾਲ ਇਸ ਹਸਪਤਾਲ ਨੂੰ ਸੂਬੇ ਦੇ ਪਹਿਲੇ 100 ਹਸਪਤਾਲਾਂ ਦੀ ਲਿਸਟ ’ਚ ਪਾਇਆ ਗਿਆ। ਇੱਥੇ ਡਾਕਟਰਾਂ ਦੀਆਂ ਕੁੱਲ ਅਸਾਮੀਆਂ 76 ਹਨ, ਜਿਨ੍ਹਾਂ ’ਚੋਂ 49 ਖਾਲੀ ਹਨ, ਸਿਰਫ 27 ਅਸਾਮੀਆਂ ਹੀ ਭਰੀਆਂ ਹੋਈਆਂ ਹਨ। ਇਸ ਹਸਪਤਾਲ ’ਚ ਬਠਿੰਡਾ ਜ਼ਿਲੇ ਦੇ ਦਰਜਨਾਂ ਪਿੰਡਾਂ ਤੋਂ ਲੋਕ ਆਪਣਾ ਇਲਾਜ ਕਰਵਾਉਣ ਆਉਂਦੇ ਹਨ ਪਰ ਡਾਕਟਰਾਂ ਦੀ ਘਾਟ ਕਾਰਨ ਉਨ੍ਹਾਂ ਨੂੰ ਖੱਜਲ-ਖੁਆਰੀ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ।

ਇਹ ਵੀ ਪੜ੍ਹੋ : ‘ਆਪ’ ਵਿਧਾਇਕ ਬਰਿੰਦਰ ਗੋਇਲ ਐਡਵੋਕੇਟ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

ਪਿੰਡਾਂ ’ਚੋਂ ਮਾਲਵਾ ਪੱਟੀ ਦਾ ਇਹ ਪਹਿਲਾ ਹਸਪਤਾਲ ਹੈ, ਜਿੱਥੇ ਗੋਡਿਆਂ ਦੇ ਆਪ੍ਰੇਸ਼ਨ ਹੁੰਦੇ ਹਨ ਅਤੇ ਕੂਹਣੀ ਬਦਲਣ ’ਚ ਇਸ ਹਸਪਤਾਲ ਨੂੰ ਪਿੰਡਾਂ ’ਚੋਂ ਪੰਜਾਬ ਦਾ ਪਹਿਲਾ ਹਸਪਤਾਲ ਹੋਣ ਦਾ ਮਾਣ ਹਾਸਲ ਹੈ। 2017 ਦੀਆਂ ਵਿਧਾਨ ਸਭਾ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ (ਬ) ਦੀ ਸਰਕਾਰ ਜਾਂਦਿਆਂ ਹੀ ਕਾਂਗਰਸ ਸਰਕਾਰ ਨੇ ਇਸ ਹਸਪਤਾਲ ਵੱਲ ਬਹੁਤਾ ਧਿਆਨ ਨਹੀਂ ਦਿੱਤਾ। ਕੋਰੋਨਾ ਦੌਰਾਨ ਆਕਸੀਜਨ ਦੀ ਘਾਟ ਨੂੰ ਪੂਰਾ ਕਰਨ ਲਈ ਇਸ ਹਸਪਤਾਲ ’ਚ ਆਕਸੀਜਨ ਪਲਾਂਟ ਵੀ ਲਾਇਆ ਗਿਆ, ਜਿੱਥੇ ਹੁਣ ਸਿੱਧੀ ਆਕਸੀਜਨ ਪਾਈਪਾਂ ਰਾਹੀਂ ਮਰੀਜ਼ਾਂ ਕੋਲ ਪਹੁੰਚਦੀ ਹੈ। ਹਸਪਤਾਲ ’ਚ ਇਲਾਜ ਕਰਵਾਉਣ ਆਉਣ ਵਾਲੇ ਲੋਕਾਂ ਲਈ ਆਰ. ਓ. ਅਤੇ ਠੰਡੇ ਪਾਣੀ ਦਾ ਪੂਰਾ ਇੰਤਜ਼ਾਮ ਹੈ। ਹਸਪਤਾਲ ’ਚ ਜੇਕਰ ਕਮੀਆਂ ਦੀ ਗੱਲ ਕਰੀਏ ਤਾਂ ਹਸਪਤਾਲ ਕੋਲ ਆਪਣੀ ਕੋਈ ਵੀ ਐਂਬੂਲੈਂਸ ਨਹੀਂ ਹੈ। ਮਰੀਜ਼ਾਂ ਨੂੰ ਲਿਜਾਣ ਲਈ ਲੋਕਾਂ ਨੂੰ ਆਪਣੇ ਨਿੱਜੀ ਵਾਹਨਾਂ ਦਾ ਹੀ ਸਹਾਰਾ ਲੈਣਾ ਪੈਂਦਾ ਹੈ। ਹਸਪਤਾਲ ’ਚ 10 ਸਟਾਫ਼ ਨਰਸਾਂ ਦੀ ਪੋਸਟ ਹੈ ਪਰ ਇਕ ਵੀ ਨਰਸ ਪੱਕੀ ਨਹੀਂ ਹੈ, ਸਭ ਕੰਟ੍ਰੈਕਟ ਬੇਸ ’ਤੇ ਰੱਖੀਆਂ ਹੋਈਆਂ ਹਨ। ਇਥੇ 22 ਦਰਜਾ-4 ਕਰਮਚਾਰੀ ਹਨ, ਜਿਨ੍ਹਾਂ ’ਚੋਂ ਸਿਰਫ 2 ਹੀ ਕੰਮ ਕਰਦੇ ਹਨ, ਬਾਕੀ ਸਭ ਪੋਸਟਾਂ ਖਾਲੀ ਪਈਆਂ ਹਨ। ਹਸਪਤਾਲ 'ਚ 14 ਸਪੈਸ਼ਲਿਸਟ ਡਾਕਟਰ ਹਨ, ਜਿਨ੍ਹਾਂ ’ਚੋਂ 4 ਪੋਸਟਾਂ ਖਾਲੀ ਹਨ, ਸਿਰਫ 10 ਡਾਕਟਰ ਮੌਜੂਦ ਹਨ, ਜਦਕਿ 2 ਫਾਰਮਾਸਿਸਟ, 2 ਐੱਲ. ਈ., ਇਕ ਅਕਾਊਂਟੈਂਟ, 2 ਡਰਾਈਵਰ, ਤੇ ਇਕ ਈ. ਐੱਮ. ਓ. ਦੀ ਪੋਸਟ ਖਾਲੀ ਪਈ ਹੈ।

ਇਹ ਵੀ ਪੜ੍ਹੋ : ਹੁਸ਼ਿਆਰਪੁਰ ਦੇ SSP ਨਿੰਬਾਲੇ ਦੇ ਤਬਾਦਲੇ ’ਤੇ ਭਖ਼ੀ ਸਿਆਸਤ, ਕਾਂਗਰਸੀ ਵਿਧਾਇਕਾਂ ਨੇ ਚੁੱਕੇ ਸਵਾਲ

‘ਆਪ’ ਦੀ ਸਰਕਾਰ ਬਣਨ ਨਾਲ ਲੋਕਾਂ ਨੂੰ ਜਾਗੀ ਉਮੀਦ
ਸੂਬੇ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਨਾਲ ਲੋਕਾਂ ਨੂੰ ਉਮੀਦ ਜਾਗੀ ਹੈ ਕਿ ਇਸ ਹਸਪਤਾਲ ਨੂੰ ਸਿਹਤ ਸਹੂਲਤਾਂ ਪੱਖੋਂ ਅੱਵਲ ਦਰਜੇ ਦਾ ਬਣਾਇਆ ਜਾਵੇਗਾ। ਕੁਝ ਦਿਨ ਪਹਿਲਾਂ ਵੀ ਹਸਪਤਾਲ ਦੇ ਅਮਲੇ ਵੱਲੋਂ ਬਠਿੰਡਾ ਦਿਹਾਤੀ ਤੋਂ 'ਆਪ' ਵਿਧਾਇਕ ਇੰਜ. ਅਮਿਤ ਰਤਨ ਕੋਟਫੱਤਾ ਨੂੰ ਹਸਪਤਾਲ ਦੀਆਂ ਕਮੀਆਂ ਬਾਰੇ ਲਿਖਤੀ ਤੌਰ ’ਤੇ ਦਿੱਤਾ ਗਿਆ, ਜਿਨ੍ਹਾਂ ਨੇ ਡਾਕਟਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਜਲਦ ਹੀ ਇਨ੍ਹਾਂ ਕਮੀਆਂ ਨੂੰ ਪੂਰਾ ਕਰਨਗੇ।

ਕੀ ਕਹਿੰਦੇ ਹਨ ਸੀਨੀਅਰ ਮੈਡੀਕਲ ਅਫ਼ਸਰ?
ਜਦੋਂ ਇਸ ਸਬੰਧੀ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ. ਨਵਦੀਪ ਕੌਰ ਸਰਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਹਸਪਤਾਲ ’ਚ ਮਰੀਜ਼ਾਂ ਲਈ ਹਰ ਤਰ੍ਹਾਂ ਦੀ ਸਹੂਲਤ ਦਾ ਪ੍ਰਬੰਧ ਹੈ ਪਰ ਸਟਾਫ਼ ਦੀ ਘਾਟ ਕਾਰਨ ਉਨ੍ਹਾਂ ਨੂੰ ਬਹੁਤ ਸਮੱਸਿਆ ਆ ਰਹੀ ਹੈ। ਇਸ ਸਬੰਧੀ ਉਨ੍ਹਾਂ ਵੱਲੋਂ ਸਿਵਲ ਸਰਜਨ ਤੋਂ ਇਲਾਵਾ ਹਲਕਾ ਵਿਧਾਇਕ ਕੋਟਫੱਤਾ ਨੂੰ ਵੀ ਅਸਾਮੀਆਂ ਨੂੰ ਪੂਰਾ ਕਰਨ ਲਈ ਲਿਖ ਕੇ ਦਿੱਤਾ ਗਿਆ ਹੈ।


Manoj

Content Editor

Related News