ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਵਿਰੁੱਧ 8 ਨੂੰ ਰਹੇਗਾ ਭਾਰਤ ਬੰਦ

01/06/2020 1:44:02 PM

ਮੋਗਾ (ਗੋਪੀ ਰਾਊਕੇ): 8 ਜਨਵਰੀ ਨੂੰ ਟਰੇਡ ਯੂਨੀਅਨਾਂ ਵੱਲੋਂ ਦੇਸ਼ ਵਿਆਪੀ ਹੜਤਾਲ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਭਾਰਤ ਬੰਦ ਦੇ ਮਸਲੇ ਨੂੰ ਲੈ ਕੇ ਭਾਰਤੀ ਕਮਿਊਨਿਸਟ ਪਾਰਟੀ ਮੋਗਾ ਵੱਲੋਂ ਜ਼ਿਲਾ ਕੌਂਸਲ ਦੀ ਹੋਈ ਮੀਟਿੰਗ ਦੀ ਪ੍ਰਧਾਨਗੀ ਕਾਮਰੇਡ ਜਗਜੀਤ ਸਿੰਘ ਧੂੜਕੋਟ ਨੇ ਕੀਤੀ। ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਪਾਰਟੀ ਦੇ ਜ਼ਿਲਾ ਸਕੱਤਰ ਕੁਲਦੀਪ ਸਿੰਘ ਭੋਲਾ ਨੇ ਕਿਹਾ ਕਿ ਫਿਰਕੂ ਧਰੂਵੀਕਰਨ (ਵੰਡਵਾਦੀ ਨੀਤੀ) ਅਤੇ ਦੇਸ਼ ਦੀਆਂ ਸੁਰੱਖਿਆ ਫੋਰਸਾਂ ਦੀ ਸਿਆਸੀ ਤੌਰ 'ਤੇ ਕਥਿਤ ਵਰਤੋਂ ਕਰ ਕੇ ਸੱਤਾ 'ਚ ਆਈ ਕੇਂਦਰ ਸਰਕਾਰ ਵੱਲੋਂ ਫਿਰਕੂ ਫਾਸ਼ੀਵਾਦੀ ਨੀਤੀ ਤਹਿਤ ਸੀ. ਏ. ਏ. ਅਤੇ ਐੱਨ. ਆਰ. ਸੀ. ਵਰਗੇ ਕਾਲੇ ਕਾਨੂੰਨ ਧੱਕੇ ਨਾਲ ਠੋਸ ਕੇ ਨਵਉਦਾਰਵਾਦ ਦੇ ਏਜੰਡੇ ਨੂੰ ਅੱਗੇ ਵਧਾਉਣਾ ਹੈ।

ਕਾਮਰੇਡ ਕੁਲਦੀਪ ਭੋਲਾ ਨੇ ਕਿਹਾ ਕਿ ਅਜਿਹੇ ਲੋਕ ਵਿਰੋਧੀ ਫੈਸਲਿਆਂ ਕਾਰਣ ਦੇਸ਼ ਭਰ ਦੀਆਂ ਟਰੇਡ ਯੂਨੀਅਨਾਂ ਵੱਲੋਂ 8 ਜਨਵਰੀ ਨੂੰ ਦੇਸ਼ ਵਿਆਪੀ ਹੜਤਾਲ ਅਤੇ ਦੇਸ਼ ਦੀਆਂ 250 ਤੋਂ ਵਧੇਰੇ ਕਿਸਾਨ ਜਥੇਬੰਦੀਆਂ ਵੱਲੋਂ ਇਸੇ ਦਿਨ 'ਪੇਂਡੂ ਭਾਰਤ ਬੰਦ' ਦਾ ਸੱਦਾ ਦਿੱਤਾ ਗਿਆ ਹੈ, ਜੋ ਕਿ ਬਿਲਕੁਲ ਵਾਜਿਬ ਸੱਦਾ ਹੈ। ਭਾਰਤੀ ਕਮਿਊਨਿਸਟ ਪਾਰਟੀ ਵੱਲੋਂ 8 ਜਨਵਰੀ ਦੇ ਭਾਰਤ ਬੰਦ ਦੇ ਸੱਦੇ ਦੀ ਪੁਰਜ਼ੋਰ ਹਮਾਇਤ ਕੀਤੀ ਗਈ ਹੈ। ਪਾਰਟੀ ਮੋਗਾ ਜ਼ਿਲੇ ਅੰਦਰ ਮਜ਼ਦੂਰ ਅਤੇ ਕਿਸਾਨ ਜਥੇਬੰਦੀਆਂ ਕੀਤੇ ਜਾਣ ਵਾਲੇ ਪ੍ਰੋਗਰਾਮਾਂ 'ਚ ਸ਼ਮੂਲੀਅਤ ਕਰੇਗੀ ਅਤੇ ਹੜਤਾਲ ਲਈ ਲਾਮਬੰਦੀ ਮੁਹਿੰਮ 'ਚ ਵੀ ਪੂਰਨ ਯੋਗਦਾਨ ਪਾਵੇਗੀ। ਇਸ ਮੌਕੇ ਸੁਖਜਿੰਦਰ ਮਹੇਸ਼ਰੀ, ਕਾ. ਮਹਿੰਦਰ ਧੂੜਕੋਟ, ਸਬਰਾਜ ਢੁੱਡੀਕੇ, ਕਾ. ਬਚਿੱਤਰ ਧੋਥੜ, ਕਾ. ਬਲਵਿੰਦਰ ਬੁੱਧ ਸਿੰਘ ਵਾਲਾ, ਕਾ. ਗੁਰਚਰਨ ਦਾਤੇਵਾਲ, ਜਗਸੀਰ ਖੋਸਾ, ਕਾ. ਕਰਮਬੀਰ ਬੱਧਨੀ, ਕਾ. ਗੁਰਦਿੱਤ ਦੀਨਾ, ਕਾ. ਸਿਕੰਦਰ ਮਧੇਕੇ, ਕਾ. ਜੁਗਿੰਦਰ ਪਾਲੀ, ਕਾ. ਮੰਗਤ ਬੁੱਟਰ, ਕਾ. ਮਲਕੀਤ ਚੜਿੱਕ, ਕਾ. ਸੇਵਕ ਸਿੰਘ ਮਾਹਲਾ ਆਦਿ ਆਗੂ ਵੀ ਹਾਜ਼ਰ ਸਨ।


Shyna

Content Editor

Related News