ਸਰਕਾਰ ਨੇ ਗੈਸ ਸਿਲੰਡਰ ਨੂੰ ਮਹਿੰਗਾ ਕਰ ਲੋਕਾਂ ਦਾ ਜਿਉਣਾ ਕੀਤਾ ਮੁਸ਼ਕਿਲ

02/14/2020 12:24:02 PM

ਮੋਗਾ (ਸੰਦੀਪ ਸ਼ਰਮਾ/ਗੋਪੀ ਰਾਉਕੇ): ਕੇਂਦਰ ਸਰਕਾਰ ਵੱਲੋਂ ਰਸੋਈ ਗੈਸ ਸਿਲੰਡਰ ਦੇ ਮੁੱਲ 'ਚ ਇਕ ਦਮ 150 ਰੁਪਏ ਵਾਧਾ ਕਰ ਕੇ ਸਿੱਧੇ ਤੌਰ 'ਤੇ ਗਰੀਬ ਅਤੇ ਮੱਧ ਵਰਗ ਦੇ ਪਰਿਵਾਰਾਂ ਦਾ ਪੇਟ ਭਰਨ ਲਈ ਰਸੋਈ 'ਚ ਰੋਟੀ ਤਿਆਰ ਕਰਨਾ ਵੀ ਦੁੱਭਰ ਕਰ ਦਿੱਤਾ ਹੈ। ਇਸ ਤਰ੍ਹਾਂ ਦੇ ਪਰਿਵਾਰਾਂ ਨਾਲ 'ਜਗ ਬਾਣੀ' ਵੱਲੋਂ ਇਸ ਮਾਮਲੇ 'ਚ ਵਿਸ਼ੇਸ਼ ਗੱਲਬਾਤ ਕਰਨ 'ਤੇ ਉਨ੍ਹਾਂ ਇਸ ਨੂੰ ਸਰਕਾਰਾਂ ਦੀਆਂ ਲੋਕ ਮਾਰੂ ਨੀਤੀਆਂ ਅਤੇ ਇਸ ਹੁਕਮ ਨੂੰ ਲੋੜਵੰਦ ਪਰਿਵਾਰਾਂ 'ਤੇ ਕਿਸੇ ਜ਼ੁਲਮ ਕਰਨ ਤੋਂ ਘੱਟ ਨਹੀਂ ਦੱਸਿਆ। ਘਰੇਲੂ ਔਰਤਾਂ ਨੇ ਕਿਹਾ ਕਿ ਪਹਿਲਾਂ ਤਾਂ ਵਰਤਮਾਨ ਰਾਜਸੀ ਸੂਬਾ ਸਰਕਾਰ ਨੇ ਝੂਠੇ ਵਾਅਦੀਆਂ ਦਾ ਡਰਾਮਾ ਰੱਚ ਕੇ ਵੋਟਾਂ ਹਾਸਲ ਕਰ ਬੇਰੋਜ਼ਗਾਰ ਨੌਜਵਾਨਾਂ ਸਮੇਤ ਹਰ ਵਰਗ ਦਾ ਸੋਸ਼ਣ ਕੀਤਾ ਹੈ ਅਤੇ ਰਹਿੰਦੀ ਸਹਿੰਦੀ ਕਸਰ ਕੇਂਦਰ ਸਰਕਾਰ ਦੇ ਇਹ ਲੋਕ ਮਾਰੂ ਹੁਕਮ ਕੱਢ ਰਹੇ ਹਨ।

ਸਰਕਾਰਾਂ ਆਮ ਲੋਕਾਂ ਦਾ ਕਰ ਰਹੀ ਜਿਉਣਾ ਮੁਹਾਰ : ਸੰਜੀਵ ਕੁਮਾਰੀ
ਸਰਕਾਰਾਂ ਬਿਨਾਂ ਸੋਚੇ ਸਮਝੇ ਹੀ ਆਪਣੇ ਫਰਮਾਨ ਜਾਰੀ ਕਰ ਦਿੰਦੀਆਂ ਹਨ ਇਹ ਗੱਲ ਬਿਨਾਂ ਸੋਚੇ-ਸਮਝੇ ਕਿ ਇਸ ਦਾ ਆਮ ਲੋਕਾਂ 'ਤੇ ਕੀ ਅਸਰ ਹੋਵੇਗਾ। ਜੇ ਰਸੋਈ ਨਾਲ ਸਬੰਧਤ ਮਹਿੰਗਾਈ ਦੀ ਗੱਲ ਕਰੀਏ ਤਾਂ ਪਹਿਲਾਂ ਹੀ ਨਿਰਧਾਰਿਤ ਬਜਟ ਨਾਲ ਰਸੋਈ ਚਲਾਉਣਾ ਮੁਸ਼ਕਿਲ ਹੋ ਗਿਆ ਹੈ। ਗੈਸ ਸਿਲੰਡਰ ਰਸੋਈ ਦੀ ਮੁੱਢਲੀ ਲੋੜਾਂ 'ਚ ਇਕ ਹੈ ਅਤੇ ਇਸ ਦਾ ਰੇਟ ਚੱਕ ਕੇ ਸਰਕਾਰ ਨੇ ਆਮ ਲੋਕਾਂ 'ਤੇ ਜੁਲਮ ਕੀਤਾ ਹੈ।

ਝੂਠੇ ਵਾਅਦੇ ਕਰ ਕੇ ਵੋਟਾਂ ਹਾਸਲ ਕਰਨਾ ਸ਼ਰਮਨਾਕ : ਮਨਜੀਤ ਕੌਰ
ਸਮੇਂ-ਸਮੇਂ 'ਤੇ ਸਰਕਾਰਾਂ ਵੱਲੋਂ ਝੂਠੇ ਵਾਅਦੇ ਕਰ ਕੇ ਆਮ ਲੋਕਾਂ ਨੂੰ ਰਿੱਝਾ ਕੇ ਵੋਟਾਂ ਤਾਂ ਹਾਸਲ ਕਰ ਲਈਆਂ ਜਾਂਦੀਆਂ ਹਨ ਪਰ ਕਿਸੇ ਵੀ ਪਾਰਟੀ ਦੇ ਉਮੀਦਵਾਰ ਦੇ ਜਿੱਤਣ ਤੋਂ ਬਾਦ ਆਮ ਵੋਟਰ ਦਾ ਹਾਲ ਵੀ ਨਹੀਂ ਪੁਛਣਾ ਮੁਨਾਸਿਬ ਨਹੀਂ ਸਮੱਝਿਆ ਜਾਂਦਾ। ਦੂਜੇ ਪਾਸੇ ਜਿੰਦਗੀ ਜਿਉਣ ਦੀਆਂ ਮੁੱਢਲੀਆਂ ਲੋੜਾਂ ਪ੍ਰਤੀ ਬੇਧਿਆਨੀ ਦੀ ਰਵੱਈਆ ਅਪਣਾ ਕੇ ਸਿੱਧੇ ਤੌਰ 'ਤੇ ਵੋਟਰ ਦਾ ਹਰ ਪੱਖੋਂ ਸੋਸਣ ਕੀਤਾ ਜਾਂਦਾ ਹੈ। ਜਿਸਦਾ ਉਦਾਹਰਨ ਗੈਸ ਸਿਲੰਡਰ 'ਚ ਇਕ ਦਮ 150 ਰੁਪਏ ਵਾਧਾ ਕਰਨਾ ਹੈ।

ਕਿਵੇਂ ਕਰਾਂਗੇ ਹੁਣ ਗੁਜ਼ਾਰਾ, ਪਰਿਵਾਰਕ ਮੈਂਬਰਾਂ ਲਈ ਰਸੋਈ 'ਚ ਰੋਟੀ ਤਿਆਰ ਕਰਨਾ ਵੀ ਹੋਇਆ ਔਖਾ : ਪ੍ਰਿੰਸੀਪਲ ਸਮੀਕਸ਼ਾ ਸ਼ਰਮਾ
ਗੈਸ ਸਿਲੰਡਰ ਦੇ ਇਕ ਦੱਮ ਰੇਟ ਵੱਧਣ ਨਾਲ ਪਰਿਵਾਰ ਲਈ ਰਸੋਈ 'ਚ ਖਾਣਾ ਤਿਆਰ ਕਰਨਾ ਹੀ ਬਹੁਤ ਔਖਾ ਹੋ ਗਿਆ ਹੈ। ਪਹਿਲਾਂ ਤਾਂ ਮਹਿੰਗਾਈ ਕਰ ਕੇ ਰਾਸ਼ਨ ਦਾ ਜੁਗਾੜ ਕਰਨਾ ਔਖਾ ਸੀ ਪਰ ਹੁਣ ਜੇ ਗੈਸ ਸਿਲੰਡਰ ਦੀ ਲੋੜ ਪਈ ਤਾਂ ਇਸ ਨੂੰ ਲੈਣ ਲਈ ਵੀ ਵਖਰਾ ਬਜਟ ਰੱਖਣ ਦੀ ਲੋੜ ਪਵੇਗੀ।

ਇਕ ਦਮ ਸਿਲੰਡਰ ਦੇ ਮੁੱਲ 'ਚ ਇੰਨਾ ਜ਼ਿਆਦਾ ਵਾਧਾ ਕਰਨਾ ਨਹੀਂ ਹੈ ਆਮ ਲੋਕਾਂ 'ਤੇ ਕਿਸੇ ਜੁਲਮ ਤੋਂ ਘੱਟ : ਰਾਜਸ੍ਰੀ ਸ਼ਰਮਾ
ਕੇਂਦਰ ਸਰਕਾਰ ਵੱਲੋਂ ਗੈਸ ਸਿਲੰਡਰ 'ਚ ਇਸ ਤਰ੍ਹਾਂ ਇਕ ਦਮ ਇੰਨਾ ਜ਼ਿਆਦਾ ਵਾਧਾ ਕਰਨਾ ਆਮ ਪਰਿਵਾਰਾਂ 'ਤੇ ਕਿਸੇ ਵੀ ਜ਼ੁਲਮ ਤੋਂ ਘੱਟ ਨਹੀਂ ਹੈ। ਪਹਿਲਾਂ ਤਾਂ ਰਸੋਈ 'ਚ ਰਾਸ਼ਨ ਲਈ ਸੋਚਨਾ ਪੈਂਦਾ ਸੀ ਪਰ ਹੁਣ ਗੈਸ ਸਿਲੰਡਰ ਨੇ ਰਸੋਈ ਚਲਾਉਣ ਦੀ ਚਿੰਤਾ ਨੂੰ ਵੀ ਵਧਾ ਦਿੱਤਾ ਹੈ।

ਕੀ ਕਰੀਏ ਆਮਦਨ ਤਾਂ ਉਨੀ ਹੈ, ਪਰ ਮਹਿੰਗਾਈ ਦਿਨੋਂ-ਦਿਨ ਰਹੀ ਹੈ ਵੱਧ : ਅਨੀਤਾ ਕਪੂਰ
ਜੇ ਆਮਦਨ 'ਚ ਹੋਣ ਵਾਲੇ ਵਾਧੇ ਦੀ ਗੱਲ ਕਰੀਏ ਤਾਂ ਇਹ ਤਾਂ ਇਕ ਨਿਰਧਾਰਤ ਸੀਮਾ ਤਹਿਤ ਹੀ ਹੋ ਰਿਹਾ ਹੈ ਪਰ ਜੇ ਮਹਿੰਗਾਈ ਦੀ ਗੱਲ ਕਰੀਏ ਤਾਂ ਇਹ ਤਾਂ ਬੇਲਗਾਮ ਢੰਗ ਨਾਲ ਹੋ ਰਹੀ ਹੈ। ਰਹਿੰਦੀ ਸਹਿੰਦੀ ਕਸਰ ਹੁਣ ਕੇਂਦਰ ਸਰਕਾਰ ਨੇ ਰਸੋਈ ਗੈਸ 'ਚ ਵਾਧਾ ਕਰ ਕੇ ਕਰ ਦਿੱਤੀ ਹੈ। ਉਨ੍ਹਾਂ ਦੀ ਸਮਝ 'ਚ ਨਹੀਂ ਆ ਰਿਹਾ ਕਿ ਕਰੀਏ ਤਾਂ ਕੀ ਕਰੀਏ। ਇਸ ਕਮਰ ਤੋੜ ਮਹਿੰਗਾਈ 'ਚ ਕਿਵੇਂ ਗੁਜ਼ਾਰਾ ਕੀਤਾ ਜਾਵੇ।


Shyna

Content Editor

Related News