ਸਰਕਾਰ ਵਲੋਂ ਕਿਸਾਨ ਪਰਿਵਾਰ ਦੀ ਸਾਰ ਨਾ ਲੈਣਾ ਮੰਦਭਾਗਾ: ਮੀਤ ਹੇਅਰ

12/11/2020 3:33:07 PM

ਭਵਾਨੀਗੜ੍ਹ (ਵਿਕਾਸ): ਆਮ ਆਦਮੀ ਪਾਰਟੀ ਦੇ ਬਰਨਾਲਾ ਤੋਂ ਵਿਧਾਇਕ ਅਤੇ ਸੂਬਾ ਯੂਥ ਵਿੰਗ ਦੇ ਪ੍ਰਧਾਨ ਮੀਤ ਹੇਅਰ ਅਤੇ ਯੂਥ ਆਗੂ ਨਰਿੰਦਰ ਕੌਰ ਅੱਜ ਮ੍ਰਿਤਕ ਕਿਸਾਨ ਬੀਬੀ ਗੁਰਮੇਲ ਕੌਰ ਦੇ ਘਰ ਉਨ੍ਹਾਂ ਦੇ ਪਿੰਡ ਘਰਾਚੋਂ ਵਿਖੇ ਦੁੱਖ ਦਾ ਪ੍ਰਗਟਾਵਾ ਕਰਨ ਪੁੱਜੇ। ਗੁਰਮੇਲ ਕੌਰ ਦੀ ਕਿਸਾਨ ਅੰਦੋਲਨ ਦੌਰਾਨ ਕਾਲਾਝਾੜ ਟੋਲ ਪਲਾਜ਼ਾ 'ਤੇ ਪ੍ਰਦਰਸ਼ਨ ਦੌਰਾਨ ਮੌਤ ਹੋ ਗਈ ਸੀ। ਪਰਿਵਾਰਕ ਮੈਂਬਰਾਂ ਨਾਲ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ 'ਆਪ' ਆਗੂਆਂ ਨੇ ਕਿਹਾ ਕਿ ਇਸ ਸਮੇਂ ਦੇਸ਼ ਦੀ ਕਿਸਾਨੀ ਨਾਜ਼ੁਕ ਦੌਰ 'ਚੋਂ ਲੰਘ ਰਹੀ ਹੈ ਅਤੇ ਮਾਤਾ ਗੁਰਮੇਲ ਕੌਰ ਨੇ ਲੋਕ ਹੱਕਾਂ ਦੀ ਰਖਵਾਲੀ ਲਈ ਆਪਣੇ ਪ੍ਰਾਣ ਤਿਆਗੇ ਹਨ।

ਕੇਂਦਰ ਦੀ ਮੋਦੀ ਸਰਕਾਰ ਦੀ ਆਲੋਚਨਾ ਕਰਦਿਆਂ ਮੀਤ ਹੇਅਰ ਨੇ ਕਿਹਾ ਕਿ ਸਰਕਾਰ ਦੇਸ਼ ਦਾ ਢਿੱਡ ਭਰਨ ਵਾਲੇ ਅੰਨਦਾਤਾ ਨਾਲ ਧੱਕਾ ਕਰ ਰਹੀ ਹੈ ਜਿਸ ਕਾਰਨ ਸੂਬੇ ਦੇ ਲੱਖਾਂ ਕਿਸਾਨ ਸੜਕਾਂ 'ਤੇ ਆਉਣ ਲਈ ਮਜਬੂਰ ਹੋਏ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਬਿਨਾਂ ਕਿਸੇ ਦੇਰੀ ਕੀਤਿਆਂ ਕਿਸਾਨਾਂ ਦੀਆਂ ਜਾਇਜ਼ ਮੰਗਾਂ ਮੰਨਦੇ ਹੋਏ ਉਨ੍ਹਾਂ 'ਤੇ ਜਬਰੀ ਥੋਪੇ ਗਏ ਕਾਲੇ ਕਾਨੂੰਨਾਂ ਨੂੰ ਵਾਪਸ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਅਤਿ ਮੰਦਭਾਗਾ ਹੈ ਕਿ ਕਿਸਾਨਾਂ ਨੂੰ ਆਪਣੀਆਂ ਮੰਗਾਂ ਮਨਵਾਉਣ ਲਈ ਠੰਢੀਆਂ ਰਾਤਾਂ 'ਚ ਸੜਕਾਂ 'ਤੇ ਰਾਤਾਂ ਗੁਜ਼ਾਰਨੀਆਂ ਪੈ ਰਹੀਆਂ ਹਨ।

ਸੂਬੇ ਦੀ ਕੈਪਟਨ ਸਰਕਾਰ ਪਾਸੋਂ ਸ਼ਹੀਦ ਦੇ ਪਰਿਵਾਰ ਲਈ ਆਰਥਿਕ ਮਦਦ ਦੀ ਮੰਗ ਕਰਦਿਆਂ 'ਆਪ' ਆਗੂ ਨੇ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਦੀ ਬਾਂਹ ਫੜ੍ਹਨੀ ਚਾਹੀਦੀ ਹੈ ਅਤੇ ਲੋਕ ਹੱਕਾਂ ਖ਼ਾਤਰ ਆਪਣੀ ਜਾਨ ਨਿਛਾਵਰ ਕਰਨ ਵਾਲੇ ਪਰਿਵਾਰ ਦੀਆਂ ਮੰਗਾਂ ਨੂੰ ਪੂਰਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਤਿ ਮੰਦਭਾਗਾ ਹੈ ਕਿ ਕਈ ਦਿਨ ਬੀਤ ਜਾਣ ਤੋਂ ਬਾਅਦ ਵੀ ਸਰਕਾਰ ਦਾ ਕੋਈ ਵੀ ਨੁਮਾਇੰਦਾ ਕਿਸਾਨ ਪਰਿਵਾਰ ਨੂੰ ਨਹੀਂ ਮਿਲਿਆ ਹੈ ਜੋ ਅਤਿ ਮੰਦਭਾਗਾ ਹੈ।

Shyna

This news is Content Editor Shyna