''ਕੁੜੀਆਂ ਹੀ ਵੱਡੀਆਂ ਹੋ ਕੇ ਸ਼ਹੀਦ ਭਗਤ ਸਿੰਘ ਤੇ ਰਾਜਗੁਰੂ ਵਰਗੇ ਸੂਰਮਿਆਂ ਦੀਆਂ ਮਾਵਾਂ ਬਣਦੀਆਂ ਨੇ''-ਭਗਵੰਤ ਮਾਨ

09/09/2018 12:06:43 PM

ਸੰਗਰੂਰ(ਬੇਦੀ, ਹਰਜਿੰਦਰ)— ਅਕਾਲ ਡਿਗਰੀ ਕਾਲਜ ਫ਼ਾਰ ਵੂਮੈਨ, ਸੰਗਰੂਰ ਵਿਖੇ ਹੋਏ ਪ੍ਰੋਗਰਾਮ ਦੌਰਾਨ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਕੁੜੀਆਂ ਵੀ ਮੁੰਡਿਆਂ ਦੇ ਸਮਾਨ ਹੀ ਹੁੰਦੀਆਂ ਹਨ। ਜਦੋਂ ਨਵਜਾਤ ਬੱਚੀਆਂ ਜਨਮ ਲੈਂਦੀਆਂ ਹਨ, ਉਹ ਮੁੰਡਾ ਜਾਂ ਕੁੜੀ ਨਹੀਂ ਸਗੋਂ ਇਕ ਬੱਚਾ ਹੀ ਹੁੰਦੀਆਂ ਹਨ। ਇਹ ਕੁੜੀਆਂ ਹੀ ਵੱਡੀਆਂ ਹੋ ਕੇ ਸ਼ਹੀਦ ਭਗਤ ਸਿੰਘ ਤੇ ਰਾਜਗੁਰੂ ਵਰਗੇ ਸੂਰਮਿਆਂ ਦੀਆਂ ਮਾਵਾਂ ਬਣਦੀਆਂ ਹਨ। ਕਲਪਨਾ ਚਾਵਲਾ ਵਰਗੀਆਂ ਮਹਾਨ ਸ਼ਖ਼ਸੀਅਤਾਂ ਵਾਂਗ ਆਪਣੀ ਜਿੱਤ ਦੇ ਝੰਡੇ ਲਹਿਰਾਉਂਦੀਆਂ ਹਨ। ਸਫ਼ਲਤਾ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਖਤ ਮਿਹਨਤ ਹੀ ਸਫ਼ਲਤਾ ਦੀ ਕੁੰਜੀ ਹੈ। ਉਨ੍ਹਾਂ ਨੇ ਕੈਮੇਗਲੀ ਟਕਾਸ ਅਤੇ ਹੋਰ ਸਫ਼ਲ ਸ਼ਖ਼ਸੀਅਤਾਂ ਦੇ ਜੀਵਨ ਦੀਆਂ ਉਦਾਹਰਣਾਂ ਦੇ ਕੇ ਬੱਚੀਆਂ ਨਾਲ ਜੀਵਨ ਫਲਸਫੇ ਦੀਆਂ ਗੱਲਾਂ ਸਾਂਝੀਆਂ ਕੀਤੀਆਂ। ਉਨ੍ਹਾਂ ਨੇ ਮੌਜੂਦਾ ਸਿੱਖਿਆ ਪ੍ਰਣਾਲੀ ਨੂੰ ਕਿੱਤਾਮੁਖੀ ਬਣਾਉਣ 'ਤੇ ਜ਼ੋਰ ਦਿੱਤਾ।

ਇਸ ਮੌਕੇ ਅਮਨ ਅਰੋੜਾ ਐੱਮ. ਐੱਲ. ਏ. ਸੁਨਾਮ ਨੇ ਵੀ ਵਿਦਿਆਰਥਣਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਕੁੜੀਆਂ ਨਾਲ ਜਬਰ-ਜ਼ਨਾਹ ਦੀਆਂ ਵਧ ਰਹੀਆਂ ਘਟਨਾਵਾਂ ਦੀ ਨਿੰਦਾ ਕੀਤੀ ਤੇ ਕੁੜੀਆਂ ਨੂੰ ਡਟ ਕੇ ਇਹੋ ਜਿਹੀਆਂ ਬੁਰਾਈਆਂ ਦਾ ਸਾਹਮਣਾ ਕਰਨ ਲਈ ਪ੍ਰੇਰਿਤ ਕੀਤਾ। ਪ੍ਰੋਗਰਾਮ ਵਿਚ ਮਸ਼ਹੂਰ ਗੀਤਕਾਰ ਤੇ ਆਮ ਆਦਮੀ ਪਾਰਟੀ ਦੇ ਵਰਕਰ ਸਰਦਾਰ ਬੱਚਨ ਬੇਦਿਲ ਵੀ ਮੌਜੂਦ ਰਹੇ। ਇਸ ਮੌਕੇ ਕਾਲਜ ਪ੍ਰਿੰ. ਡਾ. ਸੁਖਮੀਨ ਸਿੱਧੂ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਕਾਲਜ ਮੈਨੇਜਮੈਂਟ ਡਾਇਰੈਕਟਰ ਡਾ. ਹਰਜੀਤ ਕੌਰ ਨੇ ਮੁੱਖ ਮਹਿਮਾਨਾਂ ਦਾ ਧੰਨਵਾਦ ਕੀਤਾ। ਪ੍ਰੋਗਰਾਮ ਵਿਚ ਕਾਲਜ ਪ੍ਰੈਜ਼ੀਡੈਂਟ ਕਰਨਵੀਰ ਸਿੰਘ ਸਿਬੀਆ ਅਤੇ ਮੈਨੇਜਮੈਂਟ ਮੈਂਬਰ ਬੀਰਇੰਦਰ ਸਿੰਘ ਸਿਬੀਆ ਵੀ ਮੌਜੂਦ ਰਹੇ।


Related News