ਵਰਕ ਪਰਮਿਟ ਦੇ ਆਧਾਰ ’ਤੇ ਮਲੇਸ਼ੀਆ ਗਈ ਲਡ਼ਕੀ ਨੂੰ ਬਣਾਇਆ ਬੰਧਕ

07/16/2019 6:06:59 AM

ਮੋਗਾ, (ਆਜ਼ਾਦ)- ਕਸਬਾ ਸਮਾਲਸਰ ਨਿਵਾਸੀ ਸਾਬਕਾ ਮਹਿਲਾ ਸੰਮਤੀ ਮੈਂਬਰ ਦੀ ਬੇਟੀ ਨੂੰ ਵਰਕ ਪਰਮਿਟ ਦੇ ਆਧਾਰ ’ਤੇ ਮਲੇਸ਼ੀਆ ਲਿਜਾ ਕੇ ਇਕ ਔਰਤ ਵੱਲੋਂ ਘਰ ’ਚ ਬੰਧਕ ਬਣਾ ਕੇ ਰੱਖਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਜਾਂਚ ਦੇ ਬਾਅਦ ਤਿੰਨ ਵਿਰੁੱਧ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

ਕੀ ਹੈ ਸਾਰਾ ਮਾਮਲਾ

ਜ਼ਿਲਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ’ਚ ਸਾਬਕਾ ਮਹਿਲਾ ਸੰਮਤੀ ਮੈਂਬਰ ਬਲਵੀਰ ਕੌਰ ਨੇ ਕਿਹਾ ਕਿ ਅਸੀਂ ਇਕ ਰਿਸ਼ਤੇਦਾਰ ਜਸਵਿੰਦਰ ਸਿੰਘ ਉਰਫ ਗੱਬਰ ਨਿਵਾਸੀ ਪਿੰਡ ਸਮਾਲਸਰ, ਜੋ ਲੋਕਾਂ ਨੂੰ ਵਿਦੇਸ਼ ਭੇਜਣ ਦਾ ਕੰਮ ਕਰਦਾ ਹੈ, ਨਾਲ ਆਪਣੀ ਬੇਟੀ ਨੂੰ ਵਿਦੇਸ਼ ਭੇਜਣ ਦੀ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਉਹ ਤੁਹਾਡੀ ਬੇਟੀ ਨੂੰ ਵਰਕ ਪਰਮਿਟ ਦੇ ਆਧਾਰ ’ਤੇ ਮਲੇਸ਼ੀਆ ਭੇਜ ਦੇਵੇਗਾ। ਮੈਨੂੰ ਕਈ ਟਰੈਵਲ ਏਜੰਟ ਜਾਣਦੇ ਹਨ, ਜਿਸ ’ਤੇ ਡੇਢ ਲੱਖ ਰੁਪਏ ਦੇ ਕਰੀਬ ਖਰਚਾ ਆਵੇਗਾ ਅਤੇ 15 ਹਜ਼ਾਰ ਰੁਪਏ ਮਹੀਨਾ ਤਨਖਾਹ ਦੇ ਇਲਾਵਾ ਰਿਹਾਇਸ਼ ਮੁਫਤ ਮਿਲੇਗੀ। ਉਸ ਨੇ ਸਾਡੀ ਗੁਰਮੀਤ ਸਿੰਘ ਨਿਵਾਸੀ ਪਿੰਡ ਡਾਲਾ ਅਤੇ ਲਖਵੀਰ ਸਿੰਘ ਉਰਫ ਲੱਖਾ ਨਿਵਾਸੀ ਪਿੰਡ ਪੰਜਗਰਾਈਂ ਖੁਰਦ ਨਾਲ ਗੱਲਬਾਤ ਕਰਵਾਈ। ਸ਼ਿਕਾਇਤ ਕਰਤਾ ਨੇ ਕਿਹਾ ਕਿ ਅਸੀਂ ਕਥਿਤ ਦੋਸ਼ੀ ਜਸਵਿੰਦਰ ਸਿੰਘ ਨੂੰ 1 ਲੱਖ 20 ਹਜ਼ਾਰ ਰੁਪਏ ਦੇ ਇਲਾਵਾ ਆਪਣੀ ਬੇਟੀ ਦਾ ਪਾਸਪੋਰਟ ਅਤੇ ਹੋਰ ਦਸਤਾਵੇਜ਼ ਦੇ ਦਿੱਤੇ, ਜਿਨ੍ਹਾਂ ਨੇ ਮੇਰੀ ਬੇਟੀ ਨੂੰ ਦਸੰਬਰ 2018 ’ਚ ਮਲੇਸ਼ੀਆ ’ਚ ਭੇਜ ਦਿੱਤਾ

ਮਲੇਸ਼ੀਆ ’ਚ ਕੀਤਾ ਜਾਂਦਾ ਰਿਹਾ ਤੰਗ-ਪ੍ਰੇਸ਼ਾਨ

ਬਲਵੀਰ ਕੌਰ ਦੀ ਲਡ਼ਕੀ ਨੇ ਦੋਸ਼ ਲਾਇਆ ਕਿ ਮਲੇਸ਼ੀਆ ਜਾਣ ਤੋਂ ਬਾਅਦ ਕਥਿਤ ਦੋਸ਼ੀ ਗੁਰਮੀਤ ਸਿੰਘ ਦਾ ਇਕ ਰਿਸ਼ਤੇਦਾਰ ਉਥੇ ਰਹਿੰਦਾ ਹੈ, ਜਿਸ ਨੇ ਮੈਨੂੰ ਪਾਲੋਂ ਨਾਂ ਦੀ ਇਕ ਔਰਤ ਕੋਲ ਛੱਡ ਦਿੱਤਾ, ਜਿਸ ਨੇ ਮੈਨੂੰ ਉਥੋਂ ਦੀ ਇਕ ਸਿਟੀਜ਼ਨ ਔਰਤ ਜੈਸਮੀਨ ਕੋਲ ਕੰਮ ਕਰਨ ਲਈ ਭੇਜ ਦਿੱਤਾ। ਉਕਤ ਮਹਿਲਾ ਨੇ ਮੇਰਾ ਪਾਸਪੋਰਟ ਅਤੇ ਮੇਰੀ ਨਕਦੀ ਆਪਣੇ ਕੋਲ ਰੱਖ ਲਈ, ਉਥੇ ਮੈਂ ਕਰੀਬ 20 ਦਿਨ ਤੱਕ ਕੰਮ ਕੀਤਾ। ਉਕਤ ਔਰਤ, ਜੋ ਇਮੀਗ੍ਰੇਸ਼ਨ ਦਾ ਕੰਮ ਕਰਦੀ ਹੈ, ਜਾਂਦੇ ਸਮੇਂ ਬਾਹਰ ਤੋਂ ਜਿੰਦਰਾ ਲਾ ਕੇ ਚਲੀ ਗਈ ਅਤੇ ਮੈਨੂੰ ਬੰਧਕ ਬਣਾ ਕੇ ਰੱਖਦੀ ਅਤੇ ਖਾਣਾ ਵੀ ਘੱਟ ਦਿੰਦੀ ਅਤੇ ਮੈਨੂੰ ਤੰਗ-ਪ੍ਰੇਸ਼ਾਨ ਵੀ ਕਰਦੀ ਰਹਿੰਦੀ, ਜਦ ਮੈਂ ਉਕਤ ਔਰਤ ਤੋਂ ਤਨਖਾਹ ਦੇ ਪੈਸੇ ਦੇਣ ਲਈ ਕਿਹਾ ਤਾਂ ਉਸ ਨੇ ਮੈਨੂੰ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਮੈਂ ਕਿਹਾ ਕਿ ਜੇਕਰ ਮੈਨੂੰ ਪੈਸੇ ਨਹੀਂ ਦੇਣੇ ਤਾਂ ਮੈਨੂੰ ਵਾਪਸ ਇੰਡੀਆ ਭੇਜਣ ਦਾ ਪ੍ਰਬੰਧਕ ਕਰ ਦਿਓ, ਜਿਸ ’ਤੇ ਉਸ ਨੇ ਕਿਹਾ ਕਿ ਮੈਂ ਤਾਂ ਉਸ ਨੂੰ ਦੋ ਲੱਖ ਰੁਪਏ ’ਚ ਖਰੀਦ ਕੀਤਾ ਹੈ। ਮੇਰੇ ਪੈਸੇ ਦੇ ਦਿਓ ’ਤੇ ਚਲੀ ਜਾ। ਮੇਰੇ ਵਾਰ-ਵਾਰ ਕਹਿਣ ’ਤੇ ਉਸ ਨੇ ਮੇਰੀ ਮਾਂ ਨਾਲ ਮੇਰੀ ਗੱਲਬਾਤ ਕਰਵਾਈ ਤਾਂ ਮੈਂ ਇਸ ਦੀ ਜਾਣਕਾਰੀ ਦਿੱਤੀ, ਜੇਕਰ ਤੁਸੀਂ ਮੈਨੂੰ ਜਿਊਂਦਾ ਦੇਖਣਾ ਚਾਹੁੰਦੇ ਹੋ ਤਾਂ ਦੋ ਲੱਖ ਰੁਪਏ ਦਾ ਪ੍ਰਬੰਧ ਕਰ ਕੇ ਭੇਜ ਦਿਉ ਅਤੇ ਉਕਤ ਔਰਤ ਨੇ ਮੈਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ।

ਜ਼ਮੀਨ ਅਤੇ ਸੋਨਾ ਗਿਰਵੀ ਰੱਖ ਕੇ ਬੇਟੀ ਨੂੰ ਵਾਪਸ ਬੁਲਾਇਆ

ਬਲਵੀਰ ਕੌਰ ਨੇ ਕਿਹਾ ਕਿ ਮੇਰੀ ਬੇਟੀ ਦੀ ਫੋਨ ’ਤੇ ਗੱਲ ਹੋਣ ਦੇ ਬਾਅਦ ਮੈਂ ਕਥਿਤ ਦੋਸ਼ੀ ਟਰੈਵਲ ਏਜੰਟਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਮੇਰੀ ਕੋਈ ਗੱਲ ਨਾ ਸੁਣੀ, ਜਿਸ ’ਤੇ ਮੈਂ ਪਿੰਡ ਦੇ ਮੋਹਤਬਰ ਵਿਅਕਤੀਆਂ ਰਾਹੀਂ ਪੁਲਸ ਨੂੰ ਸ਼ਿਕਾਇਤ ਪੱਤਰ ਵੀ ਦਿੱਤਾ ਅਤੇ ਕਿਹਾ ਕਿ ਕਿਸੇ ਤਰ੍ਹਾਂ ਮੇਰੀ ਬੇਟੀ ਨੂੰ ਮਲੇਸ਼ੀਆ ਤੋਂ ਵਾਪਸ ਲਿਆਓ ਅਤੇ ਅਸੀਂ ਗੱਡੀ ਦੀ ਵਿਕਰੀ ਕਰ ਕੇ ਸੋਨੇ ਦੇ ਗਹਿਣੇ ਅਤੇ ਜ਼ਮੀਨ ਨੂੰ ਗਿਰਵੀ ਰੱਖ ਕੇ ਉਥੇ ਰਹਿੰਦੇ ਪਿੰਡ ਗੱਜਣ ਵਾਲਾ ਦੇ ਕੁੱਝ ਵਿਅਕਤੀਆਂ ਰਾਹੀਂ ਆਪਣੀ ਬੇਟੀ ਨੂੰ ਪੈਸੇ ਭੇਜੇ, ਜਿਨ੍ਹਾਂ ਨੇ ਉਸ ਨੂੰ ਵਾਪਸ ਭੇਜਣ ’ਚ ਸਹਾਇਤਾ ਕੀਤੀ। ਇਸ ਤਰ੍ਹਾਂ ਕਥਿਤ ਦੋਸ਼ੀਆਂ ਨੇ ਆਪਸ ਵਿਚ ਮਿਲੀਭੁਗਤ ਕਰ ਕੇ ਸਾਡੇ ਨਾਲ 1 ਲੱਖ 20 ਹਜ਼ਾਰ ਰੁਪਏ ਦੀ ਧੋਖਾਦੇਹੀ ਕੀਤੀ। ਇਸ ਦੇ ਇਲਾਵਾ ਸਾਡੇ ਹੋਰ ਵੀ 50-60 ਹਜ਼ਾਰ ਰੁਪਏ ਖਰਚ ਹੋ ਗਏ।

ਕੀ ਹੋਈ ਕਾਰਵਾਈ

ਜ਼ਿਲਾ ਪੁਲਸ ਮੁਖੀ ਮੋਗਾ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਹੋਏ ਇਸ ਦੀ ਜਾਂਚ ਐਂਟੀ ਹਿਊਮਨ ਟ੍ਰੈਫੀਕਿੰਗ ਸੈੱਲ ਮੋਗਾ ਦੇ ਇੰਚਾਰਜ ਵੇਦ ਪ੍ਰਕਾਸ਼ ਨੂੰ ਕਰਨ ਦਾ ਹੁਕਮ ਦਿੱਤਾ ਗਿਆ, ਜਿਨ੍ਹਾਂ ਨੇ ਦੋਵਾਂ ਧਿਰਾਂ ਨੂੰ ਆਪਣਾ ਪੱਖ ਪੇਸ਼ ਕਰਨ ਲਈ ਬੁਲਾਇਆ। ਜਾਂਚ ਦੇ ਬਾਅਦ ਸ਼ਿਕਾਇਤ ਕਰਤਾ ਦੇ ਦੋਸ਼ ਸਹੀ ਪਾਏ ਜਾਣ ’ਤੇ ਥਾਣਾ ਸਮਾਲਸਰ ਵਿਚ ਬਲਵੀਰ ਕੌਰ ਦੇ ਬਿਆਨਾਂ ’ਤੇ ਕਥਿਤ ਦੋਸ਼ੀ ਟਰੈਵਲ ਏਜੰਟਾਂ ਜਸਵਿੰਦਰ ਸਿੰਘ ਉਰਫ ਗੱਬਰ ਸਿੰਘ ਨਿਵਾਸੀ ਪਿੰਡ ਸਮਾਲਸਰ, ਗੁਰਮੀਤ ਸਿੰਘ ਨਿਵਾਸੀ ਪਿੰਡ ਡਾਲਾ ਅਤੇ ਲਖਵੀਰ ਸਿੰਘ ਉਰਫ ਲੱਖਾ ਨਿਵਾਸੀ ਪਿੰਡ ਪੰਜਗਰਾਈਂ ਖੁਰਦ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਜਾਂਚ ਥਾਣਾ ਸਮਾਲਸਰ ਦੇ ਸਹਾਇਕ ਥਾਣੇਦਾਰ ਜਗਸੀਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਬਾਕੀ ਹੈ।

Bharat Thapa

This news is Content Editor Bharat Thapa