ਦਵਾਈ ਲੈਣ ਆਏ ਨਸ਼ੇੜੀ ਵਲੋਂ ਹਸਪਤਾਲ 'ਚ ਹੰਗਾਮਾ, ਥਾਣੇਦਾਰ ਨਾਲ ਕੀਤੀ ਬਦਸਲੂਕੀ

05/12/2020 1:47:36 PM

ਗਿੱਦੜਬਾਹਾ (ਚਾਵਲਾ): ਸਥਾਨਕ ਸਿਵਲ ਹਸਪਤਾਲ ਦੇ ਓਟ ਕਲੀਨਿਕ 'ਚ ਦਵਾਈ ਲੈਣ ਆਏ ਨਸ਼ੇੜੀ ਵਲੋਂ ਹਸਪਤਾਲ ਵਿਚ ਹੰਗਾਮਾ ਕਰਨ, ਹਸਪਤਾਲ ਦੇ ਓਟ ਸੈਂਟਰ ਵਿਚ ਡਿਊਟੀ ਨਿਭਾਅ ਰਹੇ ਸਟਾਫ ਨਾਲ ਗਾਲੀ-ਗਲੋਚ ਅਤੇ ਡਿਊਟੀ 'ਤੇ ਤੈਨਾਤ ਪੁਲਸ ਅਧਿਕਾਰੀ ਦੀ ਵਰਦੀ ਨੂੰ ਹੱਥ ਪਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦੇ ਵਾਰਡ ਅਟੈਂਡੈਂਟ ਅਮਨਦੀਪ ਨੇ ਦੱਸਿਆ ਕਿ ਗੁਲਾਬ ਸਿੰਘ ਵਾਸੀ ਭਾਰੂ 2018 ਵਿਚ ਵੀ ਓਟ ਕਲੀਨਿਕ ਤੋਂ ਦਵਾਈ ਲੈਂਦਾ ਰਿਹਾ ਹੈ ਪਰ ਉਸ ਸਮੇਂ ਵੀ ਸਟਾਫ ਨਾਲ ਦੁਰਵਿਵਹਾਰ ਦੇ ਚੱਲਦਿਆਂ ਉਸ ਦੀ ਰਜਿਸਟ੍ਰੇਸ਼ਨ ਰੱਦ ਕਰ ਦਿੱਤੀ ਗਈ ਸੀ ਅਤੇ ਕੁਝ ਦਿਨ ਪਹਿਲਾਂ ਉਹ ਸਾਡੇ ਕੋਲ ਨਸ਼ਾ ਛੱਡਣ ਸਬੰਧੀ ਸਾਡੇ ਕੋਲ ਨਵੀਂ ਰਜਿਸਟ੍ਰੇਸ਼ਨ ਲਈ ਆਇਆ ਸੀ ਅਤੇ ਹਸਪਤਾਲ ਵਲੋਂ ਉਸ ਨੂੰ 28 ਅਪ੍ਰੈਲ ਦਾ ਸਮਾਂ ਦਿੱਤਾ ਗਿਆ ਸੀ ਅਤੇ ਉਕਤ ਵਿਅਕਤੀ 28 ਅਪ੍ਰੈਲ ਨੂੰ ਹਸਪਤਾਲ ਨਹੀਂ ਆਇਆ ਅਤੇ ਅੱਜ ਨਿਰਧਾਰਿਤ ਸਮੇਂ ਤੋਂ ਬਾਅਦ ਆ ਕੇ ਉਸ ਨੇ ਰਜਿਸਟ੍ਰੇਸ਼ਨ ਦਾ ਕਿਹਾ ਤਾਂ ਉਨ੍ਹਾਂ ਵਲੋਂ ਉਸ ਨੂੰ ਮੰਗਲਵਾਰ ਆਉਣ ਲਈ ਕਿਹਾ ਤਾਂ ਉਸ ਨੇ ਮੰਦਾ ਬੋਲਣਾ ਸ਼ੁਰੂ ਕਰ ਦਿੱਤਾ ਅਤੇ ਵੀ.ਡੀ.ਓ. ਬਣਾਉਣ ਲੱਗਾ ਅਤੇ ਹਸਪਤਾਲ ਸਟਾਫ ਨਾਲ ਦੁਰਵਿਵਹਾਰ ਕਰਨ ਲੱਗਾ, ਜਿਸ ਤੋਂ ਬਾਅਦ ਉਸ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ।

ਡਿਊਟੀ 'ਤੇ ਤੈਨਾਤ ਏ. ਐੱਸ. ਆਈ. ਅੰਗਰੇਜ਼ ਸਿੰਘ ਨੇ ਦੱਸਿਆ ਕਿ ਜਦ ਉਸ ਨੇ ਉਕਤ ਵਿਅਕਤੀ ਨੂੰ ਬਾਹਰ ਜਾਣ ਦਾ ਕਿਹਾ ਤਾਂ ਉਸ ਨੇ ਮੇਰੀ ਵਰਦੀ ਨੂੰ ਹੱਥ ਪਾ ਲਿਆ ਅਤੇ ਮੈਨੂੰ ਮੰਦਾ ਬੋਲਣ ਲੱਗਾ, ਜਿਸ ਤੋਂ ਬਾਅਦ ਉਨ੍ਹਾਂ ਉਸ ਨੂੰ ਕਾਬੂ ਕਰ ਲਿਆ ਅਤੇ ਉਸ ਨੂੰ ਥਾਣਾ ਗਿੱਦੜਬਾਹਾ ਭੇਜ ਦਿੱਤਾ। ਸਿਵਲ ਹਸਪਤਾਲ ਦੇ ਐੱਸ.ਐੱਮ.ਓ. ਡਾ. ਪ੍ਰਦੀਪ ਸਚਦੇਵਾ ਨੇ ਦੱਸਿਆ ਕਿ ਉਨ੍ਹਾਂ ਡੀ.ਐਸ.ਪੀ. ਗਿੱਦੜਬਾਹਾ ਨੂੰ ਫੋਨ ਕਰ ਕੇ ਉਕਤ ਵਿਅਕਤੀ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਜਦ ਇਸ ਸਬੰਧੀ ਡੀ. ਐੱਸ. ਪੀ. ਗਿੱਦੜਬਾਹਾ ਗੁਰਤੇਜ ਸਿੰਘ ਸੰਧੂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਫਿਲਹਾਲ ਉਨ੍ਹਾਂ ਨੂੰ ਕੋਈ ਲਿਖਤੀ ਸ਼ਿਕਾਇਤ ਨਹੀਂ ਮਿਲੀ, ਲਿਖਤੀ ਸ਼ਿਕਾਇਤ ਮਿਲਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।


Shyna

Content Editor

Related News