ਚੋਰ ਗਿਰੋਹ ਦੇ ਦੋ ਮੈਂਬਰ ਗ੍ਰਿਫ਼ਤਾਰ, ਚੋਰੀ ਦੇ 27 ਮੋਟਰਸਾਈਕਲ ਬਰਾਮਦ : ਐੱਸ.ਐੱਸ.ਪੀ.

03/31/2021 5:04:55 PM

ਫ਼ਿਰੋਜ਼ਪੁਰ (ਕੁਮਾਰ): ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਨੇ ਐੱਸ.ਐੱਚ.ਓ. ਮਨੋਜ ਕੁਮਾਰ ਦੀ ਦੇਖ-ਰੇਖ ਹੇਠ ਸਬ -ਇੰਸਪੈਕਟਰ ਸੁਖਚੈਨ ਸਿੰਘ ਦੀ ਅਗਵਾਈ ਹੇਠ ਚੋਰ ਗਿਰੋਹ ਦੇ 2 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਤੋਂ ਚੋਰੀ ਦੇ 27 ਮੋਟਰਸਾਈਕਲ ਬਰਾਮਦ ਹੋਏ ਹਨ ਅਤੇ ਇਨ੍ਹਾਂ ਦਾ ਇੱਕ ਸਾਥੀ ਫਰਾਰ ਹੈ, ਜਿਸ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਸ ਛਾਪੇਮਾਰੀ ਕਰ ਰਹੀ ਹੈ। ਇਹ ਜਾਣਕਾਰੀ ਦਿੰਦੇ ਹੋਏ ਐਸ.ਐਸ.ਪੀ. ਫਿਰੋਜ਼ਪੁਰ ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਗਸ਼ਤ ਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਦੌਰਾਨ ਪੁਲਸ ਨੂੰ ਇਹ ਗੁਪਤ ਸੂਚਨਾ ਮਿਲੀ ਸੀ ਕਿ ਗੁਰਪ੍ਰੀਤ ਸਿੰਘ ਉਰਫ ਗੋਰਾ ਅਤੇ ਨੀਰਜ ਉਰਫ਼ ਨਿਰੀ ਪੁੱਤਰੋ ਤਰਲੋਕ ਚੰਦ ਵਾਸੀ ਬਸਤੀ ਸ਼ੇਖਾਂ ਵਾਲੀ ਮੋਟਰਸਾਈਕਲ ਚੋਰੀ ਕਰਨ ਅਤੇ ਅੱਗੇ ਵੇਚਣ ਦਾ ਧੰਦਾ ਕਰਦੇ ਹਨ ਅਤੇ ਉਨ੍ਹਾਂ ਨੇ ਕੁਝ ਮੋਟਰਸਾਈਕਲ ਚੋਰੀ ਕਰਕੇ ਵੇਚਣ ਦੇ ਲਈ ਗੁਰਪ੍ਰੀਤ ਸਿੰਘ ਗੁਰਾ ਦੇ ਭਰਾ ਮਨਪ੍ਰੀਤ ਸਿੰਘ ਉਰਫ ਸੋਨੂੰ ਦੇ ਕੋਲ ਰੱਖੇ ਹੋਏ ਹਨ ਅਤੇ ਗੁਰਪ੍ਰੀਤ ਸਿੰਘ ਤੇ ਨੀਰਜ ਚੋਰੀ ਕੀਤੇ ਹੋਏ ਮੋਟਰਸਾਈਕਲ ਵੇਚਣ ਦੇ ਲਈ ਬਸਤੀ ਭੱਟੀਆਂ ਵਾਲੀ ਦੇ ਏਰੀਆ ਵਿਚ ਡੇਅਰੀ ਦੇ ਕੋਲ ਖੜ੍ਹੇ ਗਾਹਕਾਂ ਦਾ ਇੰਤਜ਼ਾਰ ਕਰ ਰਹੇ ਹਨ।

ਉਨ੍ਹਾਂ ਦੱਸਿਆ ਕਿ ਇਸ ਗੁਪਤ ਸੂਚਨਾ ਦੇ ਆਧਾਰ ਤੇ ਜਦ ਪੁਲਸ ਨੇ ਰੇਡ ਕਰਕੇ ਗੁਰਪ੍ਰੀਤ ਅਤੇ ਨੀਰਜ ਨੂੰ ਕਾਬੂ ਕੀਤਾ ਤਾਂ ਉਨ੍ਹਾਂ ਕੋਲੋਂ ਚੋਰੀ ਦੇ 27 ਮੋਟਰਸਾਈਕਲ ਬਰਾਮਦ ਹੋਏ। ਉਨ੍ਹਾਂ ਦੱਸਿਆ ਕਿ ਗੁਰਪ੍ਰੀਤ ਉਰਫ ਗੋਰਾ ਦੇ ਖ਼ਿਲਾਫ਼ ਥਾਣਾ ਲੱਖੋ ਕੇ ਬਹਿਰਾਮ ਵਿਚ ਮਾਮਲਾ ਦਰਜ ਹੈ ਅਤੇ ਨੀਰਜ ਉਰਫ ਨੀਰੀ ਦੇ ਖਿਲਾਫ ਥਾਣਾ ਸਿਟੀ ਵਿਚ ਤਿੰਨ ਅਪਰਾਧਿਕ ਮੁਕੱਦਮੇ ਦਰਜ ਹਨ। ਉਨ੍ਹਾਂ ਦੱਸਿਆ ਕਿ ਮਨਪ੍ਰੀਤ ਸਿੰਘ ਉਰਫ ਸੋਨੂੰ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਸ ਵੱਲੋਂ ਛਾਪਾਮਾਰੀ ਕੀਤੀ ਜਾ ਰਹੀ ਹੈ ਅਤੇ ਫੜ੍ਹੇ ਗਏ ਚੋਰ ਗਿਰੋਹ ਦੇ ਮੈਂਬਰਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਇਨ੍ਹਾਂ ਦਾ ਪੁਲਸ ਰਿਮਾਂਡ ਲਿਆ ਜਾਵੇਗਾ ਤੇ ਇਨ੍ਹਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਗਰੋਹ ਤੋਂ ਹੋਰ ਵੀ ਕਈ ਚੋਰੀਆਂ ਦੇ ਚੋਰੀ ਦੇ ਵਾਹਨਾਂ ਆਦਿ ਬਰਾਮਦ ਹੋਣ ਦੀ ਸੰਭਾਵਨਾ ਹੈ। ਇਸ ਮੌਕੇ ’ਤੇ ਡੀ.ਐਸ.ਪੀ. ਸਿਟੀ ਫਿਰੋਜਪੁਰ ਬਰਿੰਦਰ ਸਿੰਘ, ਐਸ.ਐਚ.ਓ. ਇੰਸਪੈਕਟਰ ਮਨੋਜ ਕੁਮਾਰ ਅਤੇ ਹੋਰ ਪੁਲਿਸ ਅਧਿਕਾਰੀ ਵੀ ਮੋਜੂਦ ਸਨ।


Shyna

Content Editor

Related News