ਸ਼ਹੀਦ ਸਿਪਾਹੀ ਪਰਗਟ ਸਿੰਘ ਦਾ ਜੱਦੀ ਪਿੰਡ ਵਿਖੇ ਸਰਕਾਰੀ ਸਨਮਾਨਾਂ ਨਾਲ ਕੀਤਾ ਅੰਤਿਮ ਸੰਸਕਾਰ

05/10/2021 1:04:49 PM

ਚੰਡੀਗੜ/ਡੇਰਾ ਬਾਬਾ ਨਾਨਕ : ਸਿਆਚੀਨ ਗਲੇਸ਼ੀਅਰ ’ਚ ਬਰਫ਼ੀਲੇ ਤੂਫਾਨ ਕਾਰਨ ਬਰਫ਼ ਦੇ ਤੋਦਿਆਂ ਹੇਠ ਦੱਬ ਜਾਣ ਕਾਰਨ ਸ਼ਹੀਦ ਹੋਏ ਸਿਪਾਹੀ ਪਰਗਟ ਸਿੰਘ ਦਾ ਅੱਜ ਸ਼ਹੀਦ ਦੇ ਜੱਦੀ ਪਿੰਡ ਦਬੁਰਜੀ ਨੇੜੇ ਡੇਰਾ ਬਾਬਾ ਨਾਨਕ (ਗੁਰਦਾਸਪੁਰ) ਵਿਖੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ।  21 ਪੰਜਾਬ ਦਾ ਸਿਪਾਹੀ ਪਰਗਟ ਸਿੰਘ ਆਪਣੇ ਪਿੱਛੇ ਪਿਤਾ ਸ. ਪ੍ਰੀਤਮ ਸਿੰਘ, ਮਾਤਾ ਸਰਦਾਰਨੀ ਸੁਖਵਿੰਦਰ ਕੌਰ ਅਤੇ ਦੋ ਭੈਣਾਂ ਛੱਡ ਗਿਆ। ਇਸ ਮੌਕੇ ਪੰਜਾਬ ਸਰਕਾਰ ਤਰਫੋ ਕੈਬਨਿਟ ਮੰਤਰੀ  ਸੁਖਜਿੰਦਰ ਸਿੰਘ ਰੰਧਾਵਾ ਵਲੋਂ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਅਰਪਨ ਕੀਤੇ ਗਏ ਅਤੇ ਸ਼ਹੀਦ ਦੇ ਪਰਿਵਾਰ ਨਾਲ ਦੁੱਖ ਸਾਝਾ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸਨਰ ਮੁਹੰਮਦ ਇਸਫਾਕ ਅਤੇ ਐੱਸ. ਡੀ. ਐੱਮ ਅਰਸਦੀਪ ਸਿੰਘ ਲੁਬਾਣਾ ਵੀ ਹਾਜ਼ਰ ਸਨ। ਸਿਪਾਹੀ ਪਰਗਟ ਸਿੰਘ ਦੀ ਸ਼ਹਾਦਤ ਨੂੰ ਸਿਜਦਾ ਕਰਦਿਆਂ  ਸੁਖਜਿੰਦਰ ਸਿੰਘ ਰੰਧਾਵਾ ਨੇ ਸ਼ਹੀਦ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਸ਼ਹੀਦ ਦੇਸ ਅਤੇ ਕੌਮ ਦਾ ਸਰਮਾਇਆ ਹੁੰਦੇ ਹਨ ਅਤੇ ਸਿਪਾਹੀ ਪਰਗਟ ਸਿੰਘ ਦੀ ਸ਼ਹਾਦਤ ਨੌਜਵਾਨਾਂ ਲਈ ਪ੍ਰੇਰਨਾ ਦਾ ਸਰੋਤ ਹੈ ਅਤੇ ਉਸ ਉਪਰ ਸਾਨੂੰ ਸਾਰਿਆਂ ਨੂੰ ਬਹੁਤ ਮਾਣ ਹੈ। 
ਰੰਧਾਵਾ ਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ਹੀਦ ਸਿਪਾਹੀ ਦੇ ਪਰਿਵਾਰ ਨੂੰ 50 ਲੱਖ ਰੁਪਏ ਐਕਸ ਗ੍ਰੇਸੀਆ ਅਤੇ ਇਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਪਰਿਵਾਰ ਨੂੰ ਵਿਸ਼ਵਾਸ ਦਿਵਾਇਆ ਕਿ ਸੂਬਾ ਸਰਕਾਰ ਅਤੇ ਉਹ ਨਿੱਜੀ ਤੌਰ ’ਤੇ ਉਨ੍ਹਾਂ ਦੇ ਦੁੱਖ ਵਿੱਚ ਸਰੀਕ ਹਨ ਅਤੇ ਪਰਿਵਾਰ ਨੂੰ ਹਰ ਤਰ੍ਹਾਂ ਦੀ ਮਦਦ ਦੇਣ ਦਾ ਵੀ ਵਿਸਵਾਸ ਦਿਵਾਇਆ। ਜ਼ਿਕਰਯੋਗ ਹੈ ਕਿ 25 ਅਪਰੈਲ 2021 ਨੂੰ ਸਿਆਚੀਨ ਗਲੇਸੀਅਰ ’ਚ ਭਿਆਨਕ ਬਰਫੀਲਾ ਤੂਫਾਨ ਆਇਆ ਸੀ, ਜਿਸ ’ਚ 21 ਪੰਜਾਬ ਦੇ ਦੋ ਸਿਪਾਹੀ ਅਮਰਦੀਪ ਸਿੰਘ (ਬਰਨਾਲਾ) ਅਤੇ ਪ੍ਰਭਜੋਤ ਸਿੰਘ (ਮਾਨਸਾ) ਸ਼ਹੀਦ ਹੋ ਗਏ ਸਨ। ਪਰਗਟ ਸਿੰਘ ਨੂੰ ਬਰਫ ਹੇਠੋਂ ਕੱਢ ਕੇ 27 ਅਪਰੈਲ 2021 ਨੂੰ ਚੰਡੀਗੜ੍ਹ ਕਮਾਂਡ ਹਸਪਤਾਲ ਲਿਆਂਦਾ ਗਿਆ ਸੀ, ਜਿੱਥੇ ਉਹ ਕੱਲ (8 ਮਈ) ਹਾਈਪੋਥਰਮਿਆ ਅਤੇ ਗੁਰਦੇ ਦੀ ਗੰਭੀਰ ਸੱਟ ਕਾਰਨ ਸ਼ਹੀਦ ਹੋ ਗਿਆ।

 

Anuradha

This news is Content Editor Anuradha