ਸਹੁਰੇ ਪਰਿਵਾਰ ਖਿਲਾਫ ਕਾਰਵਾਈ ਸਬੰਧੀ ਹਾਈਵੇ ’ਤੇ ਲਾਇਆ ਧਰਨਾ

12/11/2019 8:48:54 PM

ਬੁਢਲਾਡਾ,(ਬਾਂਸਲ)- ਇਕ ਵਿਆਹੁਤਾ ਔਰਤ ਵੱਲੋਂ ਕੀਤੀ ਆਤਮ-ਹੱਤਿਆ ਦੇ ਮਾਮਲੇ ’ਚ ਸਹੁਰੇ ਪਰਿਵਾਰ ਦੇ ਖਿਲਾਫ ਪੁਲਸ ਵੱਲੋਂ ਮੁਕੱਦਮਾ ਦਰਜ ਨਾ ਕੀਤੇ ਜਾਣ ’ਤੇ ਰੋਸ ਵਜੋਂ ਮ੍ਰਿਤਕ ਦੇ ਪੇਕੇ ਪਰਿਵਾਰ ਪਿੰਡ ਲਦਾਲ ਅਤੇ ਹੋਰ ਲੋਕਾਂ ਵੱਲੋਂ ਗੁਰੂ ਨਾਨਕ ਕਾਲਜ ਚੌਕ ’ਤੇ ਧਰਨਾ ਲਾ ਕੇ ਪੁਲਸ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਹਰਵਿੰਦਰ ਸਿੰਘ ਲਦਾਲ ਨੇ ਕਿਹਾ ਕਿ ਪਿੰਡ ਲਦਾਲ ਦੀ ਰਾਜਿੰਦਰਪਾਲ ਕੌਰ ਪੁੱਤਰੀ ਅਜਾਇਬ ਸਿੰਘ ਦਾ ਕੁਝ ਸਾਲ ਪਹਿਲਾਂ ਪਿੰਡ ਦਾਤੇਵਾਸ ਦੇ ਬਿੱਕਰ ਸਿੰਘ ਨਾਲ ਵਿਆਹ ਕੀਤਾ ਗਿਆ ਸੀ ਪਰ ਸਹੁਰੇ ਪਰਿਵਾਰ ਵੱਲੋਂ ਤੰਗ-ਪ੍ਰੇਸ਼ਾਨ ਕਰਨ ’ਤੇ ਰਾਜਿੰਦਰਪਾਲ ਕੌਰ ਨੂੰ ਆਤਮ-ਹੱਤਿਆ ਕਰਨ ਲਈ ਮਜਬੂਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਧਰਨਾ ਅਤੇ ਚੱਕਾ ਜਾਮ ਕਰਨਾ ਸਾਡੀ ਮਜਬੂਰੀ ਬਣ ਗਈ ਹੈ ਕਿਉਂਕਿ ਪੁਲਸ ਪੀਡ਼ਤਾਂ ਨੂੰ ਇਨਸਾਫ ਦੇਣ ਲਈ ਤਿਆਰ ਨਹੀਂ।

ਸੰਸਕਾਰ ਦੀ ਅਫਵਾਹ ਕਾਰਣ ਲੋਕਾਂ ਘੇਰਿਆ ਦਾਤੇਵਾਸ ਦਾ ਸ਼ਮਸ਼ਾਨਘਾਟ

ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਮ੍ਰਿਤਕਾ ਰਾਜਿੰਦਰਪਾਲ ਕੌਰ ਦੇ ਦੋਸ਼ੀਆਂ ਖਿਲਾਫ ਤੁਰੰਤ ਪੁਲਸ ਕਾਰਵਾਈ ਦੀ ਮੰਗ ਕੀਤੀ ਗਈ। ਦੂਸਰੇ ਪਾਸੇ ਪੁਲਸ ਦੇ ਉੱਚ ਅਧਿਕਾਰੀ ਮੌਕੇ ’ਤੇ ਪੁੱਜ ਕੇ ਧਰਨਾਕਾਰੀਆਂ ਨਾਲ ਗੱਲਬਾਤ ਕਰਦੇ ਰਹੇ ਪਰ ਅਚਾਨਕ ਧਰਨੇ ’ਤੇ ਬੈਠੇ ਲੋਕਾ ਨੂੰ ਸੂਚਨਾ ਮਿਲੀ ਕਿ ਪੁਲਸ ਪਿੰਡ ਦਾਤੇਵਾਸ ਦੇ ਕੁਝ ਲੋਕਾਂ ਦੇ ਸਹਿਯੋਗ ਨਾਲ ਮ੍ਰਿਤਕਾ ਰਾਜਿੰਦਰਪਾਲ ਕੌਰ ਦਾ ਸੰਸਕਾਰ ਕਰਨਾ ਚਾਹੁੰਦੀ ਹੈ ਅਤੇ ਲੋਕਾਂ ਨੇ ਦਾਤੇਵਾਸ ਦਾ ਸ਼ਮਸ਼ਾਨਘਾਟ ਘੇਰ ਲਿਆ ਪਰ ਸ਼ਮਸ਼ਾਨਘਾਟ ਤੱਕ ਲਾਸ਼ ਪਹੁੰਚ ਨਾ ਸਕੀ। ਇਸ ਸਬੰਧੀ ਐੱਸ. ਐੱਚ. ਓ. ਸਦਰ ਜਸਵਿੰਦਰ ਕੌਰ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਕਿਹਾ ਕਿ ਮ੍ਰਿਤਕਾ ਦੇ ਵਾਰਸਾਂ ਦੇ ਬਿਆਨ ਤੋਂ ਬਾਅਦ ਹੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਮ੍ਰਿਤਕਾ ਦਾ ਸੰਸਕਾਰ ਕਰਨ ਸਬੰਧੀ ਫੈਲੀ ਅਫਵਾਹ ਨੂੰ ਮੁੱਢੋਂ ਨਕਾਰਦਿਆਂ ਕਿਹਾ ਕਿ ਪੁਲਸ ਕਿਸੇ ਨੂੰ ਵੀ ਅਮਨ-ਕਾਨੂੰਨ ਦੀ ਵਿਵਸਥਾ ਭੰਗ ਕਰਨ ਨਹੀਂ ਦੇਵੇਗੀ। ਇਸ ਮੌਕੇ ਸਰਪੰਚ ਬਲਰਾਜ ਸਿੰਘ ਧਲੇਵਾ, ਜੋਗਿੰਦਰ ਸਿੰਘ, ਸੂਬਾ ਸਿੰਘ, ਅਜੈਬ ਸਿੰਘ, ਜਗਸੀਰ ਸਿੰਘ, ਹਰਵਿੰਦਰ ਸਿੰਘ, ਰਾਜ ਸਿੰਘ ਅਕਲੀਆ, ਬਲਵਿੰਦਰ ਸਿੰਘ ਘੋਡ਼ੇਨਾਬ ਬਲਾਕ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਲਹਿਰਾਗਾਗਾ ਆਦਿ ਹਾਜ਼ਰ ਸਨ।

 

Bharat Thapa

This news is Content Editor Bharat Thapa