RBSK ਅਧੀਨ ਜਮਾਂਦਰੂ ਦਿਲ ਦੀ ਬੀਮਾਰੀ ਵਾਲੇ 217 ਬੱਚਿਆਂ ਦਾ ਕੀਤਾ ਮੁਫ਼ਤ ਇਲਾਜ  : ਬਲਬੀਰ ਸਿੱਧੂ

09/06/2021 10:16:46 PM

ਚੰਡੀਗੜ੍ਹ (ਬਿਊਰੋ)-ਕੋਰੋਨਾ ਸੰਕਟ ਕਾਰਨ ਸਾਰੇ ਸਕੂਲ ਅਤੇ ਆਂਗਨਵਾੜੀ ਕੇਂਦਰ ਮਾਰਚ, 2020 ਤੋਂ ਮਾਰਚ, 2021 ਤੱਕ ਬੰਦ ਰਹੇ, ਜਦਕਿ ਇਸ ਸਮੇਂ ਦੌਰਾਨ ਰਾਸ਼ਟਰੀ ਬਾਲ ਸਿਹਤ ਕਾਰਯਕ੍ਰਮ (ਆਰ. ਬੀ. ਐੱਸ. ਕੇ.) ਅਧੀਨ ਸਰਜਰੀ ਨਾਲ ਜਮਾਂਦਰੂ ਦਿਲ ਦੀ ਬੀਮਾਰੀ ਵਾਲੇ 217 ਬੱਚਿਆਂ ਅਤੇ ਪੀ. ਆਈ. ਡੀ. ਡੀ. (ਪ੍ਰਾਇਮਰੀ ਇਮਿਊਨੋ ਘਾਟ ਰੋਗ) ਤੋਂ ਪੀੜਤ 18 ਬੱਚਿਆਂ ਦਾ ਮੁਫ਼ਤ ਇਲਾਜ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਸਾਰੀਆਂ 258 ਆਰ.ਬੀ.ਐੱਸ.ਕੇ. ਮੋਬਾਈਲ ਹੈਲਥ ਟੀਮਾਂ ਕੋਵਿਡ-19 ਸਬੰਧੀ ਡਿਊਟੀਆਂ ’ਚ ਤਾਇਨਾਤ ਕੀਤੀਆਂ ਗਈਆਂ ਸਨ ਕਿਉਂਕਿ ਮਹਾਮਾਰੀ ਕਾਰਨ ਸਾਰੇ ਸਕੂਲ ਅਤੇ ਆਂਗਨਵਾੜੀ ਕੇਂਦਰ ਬੰਦ ਸਨ। ਉਨ੍ਹਾਂ ਕਿਹਾ ਕਿ ਕੋਵਿਡ ਡਿਊਟੀ ਨਿਭਾਉਣ ਤੋਂ ਇਲਾਵਾ ਆਰ.ਬੀ.ਐੱਸ.ਕੇ. ਟੀਮਾਂ ਪੰਜਾਬ ਦੇ ਸਾਰੇ ਬੱਚਿਆਂ ਦੇ ਸਿਹਤਮੰਦ ਬਚਪਨ ਨੂੰ ਉਤਸ਼ਾਹਿਤ ਕਰਨ ਅਤੇ ਸੁਰੱਖਿਅਤ ਰੱਖਣ ਲਈ ਅਣਥੱਕ ਮਿਹਨਤ ਕਰ ਰਹੀਆਂ ਹਨ, ਜਿਸ ਤਹਿਤ ਸਕੂਲੀ ਬੱਚਿਆਂ ਨੂੰ ਐਮਰਜੈਂਸੀ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਗਈਆਂ।

ਉਨ੍ਹਾਂ ਕਿਹਾ ਕਿ ਆਰ. ਬੀ. ਐੱਸ. ਕੇ. ਇੱਕ ਮਹੱਤਵਪੂਰਨ ਪਹਿਲਕਦਮੀ ਹੈ, ਜਿਸ ਦਾ ਉਦੇਸ਼ ਜਨਮ ਤੋਂ ਲੈ ਕੇ 18 ਸਾਲ ਤੱਕ ਦੇ ਬੱਚਿਆਂ ’ਚ 4 ‘ਡੀ’ ਭਾਵ ਜਨਮ ਸਮੇਂ ਨੁਕਸ, ਕਮੀਆਂ, ਬਚਪਨ ਦੀਆਂ ਬੀਮਾਰੀਆਂ, ਵਿਕਾਸ ’ਚ ਦੇਰੀ ਸਮੇਤ ਅਪਾਹਜਤਾ ਦੀ ਜਲਦ ਪਛਾਣ ਅਤੇ ਇਨ੍ਹਾਂ ਦਾ ਇਲਾਜ ਮੁਹੱਈਆ ਕਰਵਾਉਣਾ ਹੈ। ਇਹ ਪ੍ਰੋਗਰਾਮ ਬੱਚਿਆਂ ਦੀ ਸਿਹਤ ਜਾਂਚ ਅਤੇ ਸ਼ੁਰੂਆਤੀ ਦਖ਼ਲ ਲਈ ਇੱਕ ਯੋਜਨਾਬੱਧ ਪਹੁੰਚ ਆਪਣਾਉਣ ਦੀ ਮੰਗ ਕਰਦਾ ਹੈ। ਸਿੱਧੂ ਨੇ ਦੱਸਿਆ ਕਿ ਬੱਚੇ ਦੇ ਜੀਵਨ ਦੇ ਸ਼ੁਰੂਆਤੀ ਸਾਲ ਬਚਾਅ ਅਤੇ ਵਿਕਾਸ ਦੋਵਾਂ ਲਈ ਸਭ ਤੋਂ ਮਹੱਤਵਪੂਰਨ ਹੁੰਦੇ ਹਨ ਅਤੇ ਇਹ ਪ੍ਰੋਗਰਾਮ ਬੱਚਿਆਂ ਦੀ ਜਾਂਚ ਕਰਨ, ਡਾਕਟਰੀ ਸਹਾਇਤਾ ਦੀ ਜ਼ਰੂਰਤ ਵਾਲੀਆਂ ਸਿਹਤ ਸਥਿਤੀਆਂ ਦੀ ਪਛਾਣ ਕਰਨ ਅਤੇ ਜਲਦ ਦਖ਼ਲ ਨੂੰ ਯਕੀਨੀ ਬਣਾਉਣ ਲਈ ਇੱਕ ਮਹੱਤਵਪੂਰਨ ਪਹਿਲਕਦਮੀ ਹੈ। ਸਿਹਤ ਸੇਵਾਵਾਂ (ਪਰਿਵਾਰ ਭਲਾਈ) ਦੇ ਡਾਇਰੈਕਟਰ ਡਾ. ਅੰਦੇਸ਼ ਕੰਗ ਨੇ ਆਰ. ਬੀ. ਐੱਸ. ਕੇ. ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਭਾਰਤ ਸਰਕਾਰ ਦੇ ਅਨੁਮਾਨ ਅਨੁਸਾਰ ਦੇਸ਼ ’ਚ ਅਪੰਗਤਾਵਾਂ ਸਮੇਤ ਜਮਾਂਦਰੂ ਨੁਕਸ, ਕਿਸੇ ਤੱਤ ਦੀ ਕਮੀ, ਬਚਪਨ ਦੀਆਂ ਵਿਸ਼ੇਸ਼ ਬੀਮਾਰੀਆਂ ਅਤੇ ਸਰੀਰਕ ਵਿਕਾਸ ’ਚ ਕਮੀ ਦੇ ਮਾਮਲੇ ਪਾਏ ਜਾਂਦੇ ਹਨ ਅਤੇ ਇਸ ਸਬੰਧੀ ਸਮਾਂ ਰਹਿੰਦਿਆਂ ਪਤਾ ਲਗਾਉਣਾ ਅਤੇ ਹੱਲ ਬਹੁਤ ਜ਼ਰੂਰੀ ਹੈ। ਭਾਰਤ ਸਰਕਾਰ ਦੇ ਅਨੁਮਾਨਾਂ ਅਨੁਸਾਰ 6 ਫੀਸਦੀ ਬੱਚੇ ਜਮਾਂਦਰੂ ਨੁਕਸਾਂ ਨਾਲ ਪੈਦਾ ਹੁੰਦੇ ਹਨ, 10 ਫੀਸਦੀ ਬੱਚੇ ਘੱਟ ਵਿਕਾਸ ਤੋਂ ਪ੍ਰਭਾਵਿਤ ਹੁੰਦੇ ਹਨ, ਜਿਸ ਨਾਲ ਦਿਵਿਆਂਗਤਾ ਹੁੰਦੀ ਹੈ। ਇਸ ਤੋਂ ਇਲਾਵਾ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦਰ 4 ਫੀਸਦੀ ਅਤੇ 10 ਫੀਸਦੀ ਨਵਜਾਤ ਮੌਤ ਦਰ ਜਨਮ ਸਮੇਂ ਦੇ ਨੁਕਸਾਂ ਦਾ ਕਾਰਨ ਹੈ। ਉਨ੍ਹਾਂ ਕਿਹਾ ਕਿ ਮੁੱਢਲੇ ਪੜਾਅ ’ਚ ਹੀ ਦਖਲ ਦਿੱਤਾ ਜਾਵੇ ਤਾਂ ਵੱਡਾ ਲਾਭ ਪਹੁੰਚਦਾ ਹੈ, ਜਿਸ ’ਚ ਮੌਤ ਤੋਂ ਬਚਾਅ ਦੇ ਨਤੀਜਿਆਂ ’ਚ ਸੁਧਾਰ, ਕੁਪੋਸ਼ਣ ’ਚ ਕਮੀ, ਬੌਧਿਕ ਵਿਕਾਸ ਅਤੇ ਵਿੱਦਿਅਕ ਪ੍ਰਾਪਤੀ ਵਿੱਚ ਵਾਧਾ ਅਤੇ ਸਾਡੇ ਨਾਗਰਿਕਾਂ ਦੇ ਜੀਵਨ ਦੀ ਗੁਣਵੱਤਾ ’ਚ ਸਮੁੱਚੇ ਸੁਧਾਰ ਸ਼ਾਮਲ ਹਨ।

ਆਰ. ਬੀ. ਐੱਸ. ਕੇ. ਦੇ ਸਟੇਟ ਪ੍ਰੋਗਰਾਮ ਅਫਸਰ ਡਾ. ਸੁਖਦੀਪ ਕੌਰ ਨੇ ਦੱਸਿਆ ਕਿ ਇਹ ਪ੍ਰੋਗਰਾਮ 0-18 ਸਾਲ ਦੀ ਉਮਰ ਦੇ ਪੰਜਾਬ ਦੇ 3.7 ਮਿਲੀਅਨ ਬੱਚਿਆਂ ਨੂੰ ਕਵਰ ਕਰਦਾ ਹੈ। ਨਵੇਂ ਜਨਮੇ ਬੱਚਿਆਂ ਦੀ ਸਰਕਾਰੀ ਹਸਪਤਾਲਾਂ ਤੇ ਘਰ ’ਚ ਦੋਵਾਂ ਥਾਵਾਂ ’ਤੇ ਸਕ੍ਰੀਨਿੰਗ ਕਰਨਾ ਇਸ ਦੀ ਰਣਨੀਤੀ ਦਾ ਇੱਕ ਮਹੱਤਵਪੂਰਨ ਹਿੱਸਾ ਹੈ। 26,966 ਆਂਗਣਵਾੜੀਆਂ ਦੀ ਸਹਾਇਤਾ ਨਾਲ ਸਾਲ ’ਚ ਦੋ ਵਾਰ 6 ਸਾਲ ਤੱਕ ਦੇ ਪ੍ਰੀ-ਸਕੂਲ ਬੱਚਿਆਂ ਦੀ ਨਿਯਮਿਤ ਸਿਹਤ ਜਾਂਚ ਕੀਤੀ ਜਾਂਦੀ ਹੈ ਤੇ 19,671 ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ’ਚ ਪੜ੍ਹਦੇ 6 ਤੋਂ 18 ਸਾਲ ਦੇ ਬੱਚਿਆਂ ਦੀ ਵੀ ਸਾਲ ’ਚ ਇੱਕ ਵਾਰ ਸਿਹਤ ਜਾਂਚ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਉਹ ਸਾਰੇ ਬੱਚੇ ਜਿਨ੍ਹਾਂ ਨੂੰ 33 ਬੀਮਾਰੀਆਂ ’ਚੋਂ ਕਿਸੇ ਬੀਮਾਰੀ ਹੋਣ ’ਤੇ ਡਾਇਗਨੋਜ਼ ਕੀਤਾ ਜਾਂਦਾ ਹੈ, ਫਾਲੋਅਪ ਰੈਫਰਲ ਸਹਾਇਤਾ ਅਤੇ ਸਰਜਰੀ ਆਦਿ ਲਈ ਟਰੱਜ਼ਰੀ ਪੱਧਰ ਦੀਆਂ ਸਿਹਤ ਸੰਸਥਾਵਾਂ, ਜਿਵੇਂ ਪੀ.ਜੀ.ਆਈ. ਚੰਡੀਗੜ੍ਹ, ਸੀ.ਐੱਮ.ਸੀ., ਡੀ.ਐੱਮ.ਸੀ., ਫੋਰਟਿਸ ਹਸਪਤਾਲ, ਮੋਹਾਲੀ ਅਤੇ ਤਿੰਨ ਮੈਡੀਕਲ ਕਾਲਜ ਅੰਮ੍ਰਿਤਸਰ, ਫਰੀਦਕੋਟ ਅਤੇ ਪਟਿਆਲਾ ’ਚ ਮੁਫਤ ਇਲਾਜ ਮੁਹੱਈਆ ਕਰਵਾਇਆ ਜਾਂਦਾ ਹੈ ।
 


Manoj

Content Editor

Related News