ਖੇਤ ’ਚ ਮੋਬਾਇਲ ਟਾਵਰ ਲਗਵਾਉਣ ਦਾ ਝਾਂਸਾ ਦੇ ਕੇ ਮਾਰੀ ਠੱਗੀ, ਮਾਮਲਾ ਦਰਜ

12/01/2020 8:17:35 PM

ਅਮਰਗਡ਼੍ਹ,(ਡਿੰਪਲ)- ਪਿੰਡ ਅਲੀਪੁਰ ਦੇ ਇਕ ਵਿਅਕਤੀ ਨਾਲ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਪਾਲਸੀਆਂ ਕਰਨ ਦਾ ਝਾਂਸਾ ਦੇ ਕੇ 60 ਲੱਖ ਰੁਪਏ ਦੀ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਅਮਰਗਡ਼੍ਹ ਵਿਖੇ ਦਰਜ ਮਾਮਲੇ ਮੁਤਾਬਕ ਭਜਨ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਅਲੀਪੁਰ ਨੇ ਦੱਸਿਆ ਕਿ ਸੁਮਿਤ ਕੁਮਾਰ, ਰਾਜਦੀਪ ਮਾਨ, ਧਰਮ ਸਿੰਘ, ਰਾਮ ਮੂਰਤੀ ਮਿਸ਼ਰਾ, ਕਰਨਦੀਪ, ਗੁਰਦੀਪ ਸਿੰਘ, ਅਸ਼ੋਕ ਮਹਿਤਾ, ਡੀ. ਐੱਸ. ਰੰਧਾਵਾ ਅਤੇ ਵਰਿੰਦਰ ਅਧਿਕਾਰੀ ਵਾਸੀ ਨਵੀਂ ਦਿੱਲੀ ਆਦਿ ਨੇ ਆਪਣੇ ਆਪ ਨੂੰ ਐੱਚ. ਡੀ. ਐੱਫ. ਸੀ ਅਤੇ ਬਜਾਜ ਅਲਾਇੰਜ਼ ਦੇ ਮੁਲਾਜ਼ਮ ਦੱਸਦੇ ਹੋਏ ਮੈਨੂੰ ਗੁੰਮਰਾਹ ਕਰ ਕੇ ਪਾਲਸੀਆਂ ਕਰਨ ਅਤੇ ਖੇਤ ’ਚ ਮੋਬਾਇਲ ਟਾਵਰ ਲਗਵਾਉਣ ਲਈ 20 ਤੋਂ 25 ਲੱਖ ਦਾ ਲੋਨ ਕਰਨ ਦਾ ਝਾਂਸਾ ਦਿੱਤਾ। ਪ੍ਰੋਸੈਸਿੰਗ ਫੀਸ ਵਜੋਂ ਮੇਰੇ ਪਾਸੋਂ ਵੱਖ-ਵੱਖ ਬੈਂਕ ਖਾਤਿਆਂ 60 ਲੱਖ ਰੁਪਏ ਟਰਾਂਸਫਰ ਕਰਵਾ ਲਏ। ਮੈਨੂੰ ਲੋਨ ਸੈਂਕਸ਼ਨ ਦੇ ਸਪੀਡ ਪੋਸਟ ਰਾਹੀਂ ਭੇਜੇ ਗਏ ਜਾਅਲੀ ਦਸਤਾਵੇਜ਼ਾਂ ਸਮੇਤ 29 ਲੱਖ 80 ਹਜ਼ਾਰ 562 ਰੁਪਏ ਦਾ ਮੇਰੇ ਨਾਂ ਦਾ ਚੈੱਕ ਵੀ ਭੇਜਿਆ ਜੋ ਬੈਂਕ ’ਚ ਲਗਵਾਉਣ ’ਤੇ ਬਾਊਂਸ ਹੋ ਗਿਆ। ਉਪਰੋਕਤ ਵਿਅਕਤੀਆਂ ’ਚ ਗਿਰੋਹ ਦੇ ਸਰਗਣਾ ਧਰਮ ਸਿੰਘ ਨੇ ਮੈਨੂੰ ਆਪਣੇ ਦਫ਼ਤਰ ਬਠਿੰਡਾ ਵਿਖੇ ਬੁਲਾਇਆ। ਜਦੋਂ ਮੈਂ ਬਠਿੰਡਾ ਪਹੁੰਚਿਆ ਤਾਂ ਉੱਥੇ ਉਨ੍ਹਾਂ ਦਾ ਕੋਈ ਦਫ਼ਤਰ ਨਹੀਂ ਸੀ, ਜਿਸ ਤੋਂ ਬਾਅਦ ਮੈਂ ਉਨ੍ਹਾਂ ਦੇ ਦੱਸੀ ਜਗ੍ਹਾ ’ਤੇ ਦਿੱਲੀ ਪਹੁੰਚਿਆ ਤਾਂ ਉਥੇ ਉਪਰੋਕਤ ਵਿਅਕਤੀਆਂ ’ਚੋਂ ਕੋਈ ਨਹੀਂ ਮਿਲਿਆ।

ਭਜਨ ਸਿੰਘ ਨੇ ਦੱਸਿਆ ਕਿ ਠੱਗੀ ਮਾਰਨ ਵਾਲੇ ਜ਼ਿਆਦਾਤਰ ਵਿਅਕਤੀਆਂ ਦੇ ਫੋਨ ਬੰਦ ਆ ਰਹੇ ਹਨ। ਜੇਕਰ ਇਨ੍ਹਾਂ ’ਚੋਂ ਕਿਸੇ ਵਿਅਕਤੀ ਨਾਲ ਫੋਨ ’ਤੇ ਗੱਲ ਹੁੰਦੀ ਹੈ ਤਾਂ ਮੈਨੂੰ ਲਾਅਰਾ ਲਾਉਂਦੇ ਹੋਏ ਮੇਰੇ ਕੋਲੋਂ ਆਪਣੇ ਖਾਤਿਆਂ ’ਚ ਹੋਰ ਪੈਸੇ ਪਵਾਉਣ ਦੀ ਮੰਗ ਕਰਦੇ ਹਨ। ਥਾਣਾ ਅਮਰਗਡ਼੍ਹ ਵਿਖੇ ਭਜਨ ਸਿੰਘ ਦੀ ਸ਼ਿਕਾਇਤ ’ਤੇ 60 ਲੱਖ ਰੁਪਏ ਦੀ ਠੱਗੀ ਦਾ ਮਾਮਲਾ ਦਰਜ ਕਰ ਅਗਲੀ ਕਾਰਵਾਈ ਆਰੰਭ ਦਿੱਤੀ ਹੈ।


Bharat Thapa

Content Editor

Related News