ਬੈਂਕ ’ਚ ਨੌਕਰੀ ਦਿਵਾਉਣ ਦੇ ਨਾਂ ’ਤੇ ਨੌਜਵਾਨ ਨਾਲ 48 ਹਜ਼ਾਰ ਦੀ ਠੱਗੀ

08/13/2022 12:50:25 PM

ਚੰਡੀਗੜ੍ਹ (ਸੁਸ਼ੀਲ) : ਆਈ. ਸੀ. ਆਈ. ਬੈਂਕ 'ਚ ਸੁਪਰਵਾਈਜ਼ਰ ਦੀ ਨੌਕਰੀ ਦਿਵਾਉਣ ਦੇ ਨਾਂ ’ਤੇ ਮਲੋਆ ਦੇ ਨੌਜਵਾਨ ਨਾਲ 48 ਹਜ਼ਾਰ 270 ਰੁਪਏ ਦੀ ਠੱਗੀ ਹੋ ਗਈ। ਪੈਸੇ ਲੈਣ ਤੋਂ ਬਾਅਦ ਨਾ ਤਾਂ ਉਸ ਨੂੰ ਨੌਕਰੀ ਮਿਲੀ ਅਤੇ ਨਾ ਹੀ ਪੈਸੇ ਵਾਪਸ ਕੀਤੇ ਗਏ। ਇਸ ਤੋਂ ਦੁਖ਼ੀ ਹੋ ਕੇ ਮਲੋਆ ਨਿਵਾਸੀ ਦਿਲਬਾਗ ਸਿੰਘ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਮਾਮਲੇ ਦੀ ਜਾਂਚ ਤੋਂ ਬਾਅਦ ਸਾਈਬਰ ਸੈੱਲ ਨੇ ਦਿਲਬਾਗ ਦੀ ਸ਼ਿਕਾਇਤ ’ਤੇ ਅਣਪਛਾਤੇ ਖ਼ਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕਰ ਲਿਆ ਹੈ।

ਦਿਲਬਾਗ ਸਿੰਘ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸ ਨੂੰ 12 ਜੁਲਾਈ ਨੂੰ ਫੋਨ ਆਇਆ। ਫੋਨ ਕਰਨ ਵਾਲੇ ਨੇ ਸੈਕਟਰ-40 ਦੇ ਆਈ. ਸੀ. ਆਈ. ਬੈਂਕ 'ਚ ਸੁਪਰਵਾਈਜ਼ਰ ਦੀ ਨੌਕਰੀ ਸਬੰਧੀ ਕਿਹਾ। ਮੈਂ ਹਾਂ ਕਰ ਦਿੱਤੀ ਅਤੇ ਵ੍ਹਟਸਐਪ ਰਾਹੀਂ ਉਕਤ ਵਿਅਕਤੀ ਦੇ ਨੰਬਰ ’ਤੇ ਆਪਣੇ ਕਾਗਜ਼ ਭੇਜ ਦਿੱਤੇ। ਇਸ ਤੋਂ ਬਾਅਦ ਉਸ ਨੇ ਪ੍ਰੋਸੈਸਿੰਗ ਫ਼ੀਸ ਦੇ 2 ਹਜ਼ਾਰ ਰੁਪਏ ਮੰਗੇ ਤਾਂ ਮੈਂ ਦੇ ਦਿੱਤੇ। ਉਸ ਤੋਂ ਬਾਅਦ ਵੱਖ-ਵੱਖ ਫ਼ੀਸਾਂ ਦੇਣ ਲਈ ਕਿਹਾ। ਮੈਂ ਕੁੱਲ 48 ਹਜ਼ਾਰ 270 ਰੁਪਏ ਦੇ ਦਿੱਤੇ ਪਰ ਬਾਅਦ 'ਚ ਉਸ ਨੂੰ ਨੌਕਰੀ ਨਹੀਂ ਮਿਲੀ। ਪੈਸੇ ਲੈ ਕੇ ਫੋਨ ਚੁੱਕਣਾ ਬੰਦ ਕਰ ਦਿੱਤਾ। ਸਾਈਬਰ ਸੈੱਲ ਨੇ ਮਾਮਲੇ ਦੀ ਜਾਂਚ ਕਰ ਕੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।       
 


Babita

Content Editor

Related News