ਬੈਂਕ ਨਾਲ 1.22 ਕਰੋਡ਼ ਦੀ ਠੱਗੀ, 5 ਗ੍ਰਿਫ਼ਤਾਰ

09/27/2019 3:26:35 PM

ਪਟਿਆਲਾ (ਬਲਜਿੰਦਰ)—ਬੈਂਕ ਦੇ ਪ੍ਰੀ-ਪੇਡ ਏ. ਟੀ. ਐੱਮ. ਕਾਰਡਾਂ ਨਾਲ ਛੇੜਛਾੜ ਕਰ ਕੇ ਕਾਰਡਾਂ ਦੀ ਲਿਮਿਟ ਤੋਂ ਵੱਧ 1 ਕਰੋੜ 22 ਲੱਖ ਰੁਪਏ ਕਢਵਾ ਕੇ ਬੈਂਕ ਨਾਲ ਠੱਗੀ ਕਰਨ ਵਾਲੇ 3 ਵਿਅਕਤੀਆਂ ਅਤੇ 2 ਔਰਤਾਂ ਨੂੰ ਠੱਗੀ ਦੇ ਪੈਸੇ ਨਾਲ ਖਰੀਦੇ ਸੋਨੇ, ਕਾਰ ਅਤੇ ਐਕਟਿਵਾ ਸਮੇਤ ਪਟਿਆਲਾ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਐੱਸ. ਐੱਸ. ਪੀ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਜਨ ਸਮਾਲ ਫਾਇਨਾਂਸ ਬੈਂਕ ਲਿਮਟਿਡ ਦੇ ਪ੍ਰੀ-ਪੇਡ ਏ. ਟੀ. ਐੱਮ. ਕਾਰਡਾਂ ਨਾਲ ਛੇੜਛਾੜ ਕਰ ਕੇ 1 ਕਰੋੜ 22 ਲੱਖ ਰੁਪਏ ਦੀ ਠੱਗੀ ਦੇ ਕੇਸ 'ਚ ਪਟਿਆਲਾ ਪੁਲਸ ਨੇ ਕੁਲਦੀਪ ਕੌਰ, ਅਮਰਜੀਤ ਸਿੰਘ, ਗੁਰਲਾਲ ਸਿੰਘ ਉਰਫ ਲਾਲ, ਨਰਿੰਦਰ ਕੌਰ ਅਤੇ ਕਰਮਜੀਤ ਸਿੰਘ ਉਰਫ਼ ਸੋਨੂੰ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਖਿਲਾਫ ਥਾਣਾ ਤ੍ਰਿਪੜੀ ਵਿਚ ਕੇਸ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਬੈਂਕ ਨਾਲ ਸਵਾ ਕਰੋੜ ਦੀ ਠੱਗੀ ਕਰਨ ਵਾਲਿਆਂ ਵਿਚ ਕੋਈ ਵੀ ਵਿਅਕਤੀ ਆਈ. ਟੀ. ਮਾਹਰ ਨਹੀਂ ਹੈ। ਇਨ੍ਹਾਂ ਵਿਚੋਂ ਅਮਰਜੀਤ ਸਿੰਘ (50) ਅਤੇ ਨਰਿੰਦਰ ਕੌਰ (53) ਪੰਜਵੀਂ ਪਾਸ, ਗੁਰਲਾਲ ਸਿੰਘ (23) ਅਤੇ ਕਰਮਜੀਤ ਸਿੰਘ (29) 12ਵੀਂ ਪਾਸ ਅਤੇ ਕੁਲਦੀਪ ਕੌਰ (45) ਅਨਪੜ੍ਹ ਹੈ।

ਐੱਸ. ਐੱਸ. ਪੀ. ਨੇ ਦਿੰਦਿਆ ਦੱਸਿਆ ਕਿ ਜਨ ਸਮਾਲ ਫਾਇਨਾਂਸ ਬੈਂਕ ਲਿਮਟਿਡ ਤ੍ਰਿਪੜੀ ਪਟਿਆਲਾ ਦੇ ਮੈਨੇਜਰ ਦੇਵਨ ਸੇਠ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਨ੍ਹਾਂ ਦੇ ਬੈਂਕ ਵਿਚ ਲੋਕਾਂ ਦੇ ਬੱਚਤ ਖਾਤੇ, ਚਾਲੂ ਖਾਤੇ, ਐੱਫ. ਡੀਜ਼ ਅਤੇ ਲੋਕਾਂ ਦੇ ਨਿਵੇਸ਼ ਦਾ ਪੈਸਾ ਹੈ। ਬੈਂਕ ਵੱਲੋ ਆਮ ਲੋਕਾਂ ਨੂੰ ਗਰੁੱਪ ਲੋਨ ਮੁਹੱਈਆ ਕਰਵਾਇਆ ਜਾਂਦਾ ਹੈ। ਬੈਂਕ ਵੱਲੋਂ ਕੁਲਦੀਪ ਕੌਰ ਪਤਨੀ ਅਮਰਜੀਤ ਸਿੰਘ ਅਤੇ ਰਾਜਬੀਰ ਕੌਰ ਪਤਨੀ ਹਰਜੀਤ ਸਿੰਘ ਵਾਸੀ ਰਸੂਲਪੁਰ ਜੌੜਾ ਜ਼ਿਲਾ ਪਟਿਆਲਾ ਦਾ 2015 ਵਿਚ 30,000-30,000 ਰੁਪਏ ਦਾ ਲੋਨ ਪਾਸ ਕੀਤਾ ਸੀ। ਸਮੇਂ ਸਿਰ ਲੋਨ ਦੀ ਵਾਪਸੀ ਕਰਨ 'ਤੇ ਇਨ੍ਹਾਂ ਨੇ ਬੈਂਕ ਵਿਚ ਫਿਰ ਲੋਨ ਲਈ ਅਪਲਾਈ ਕੀਤਾ। ਪਹਿਲਾਂ ਲਏ ਗਏ ਲੋਨ ਦੇ ਅਦਾਇਗੀ ਟਰੈਕ ਨੂੰ ਦੇਖਦੇ ਹੋਏ ਇਨ੍ਹਾਂ ਨੂੰ 2017 ਵਿਚ 45,000-45,000 ਰੁਪਏ ਅਤੇ ਮਾਰਚ 2019 ਵਿਚ 60000-60,000 ਰੁਪਏ ਪ੍ਰਤੀ ਵਿਅਕਤੀ ਗਰੁੱਪ ਲੋਨ ਮੁਹੱਈਆ ਕਰਵਾ ਕੇ ਇਕ-ਇਕ ਪ੍ਰੀ-ਪੇਡ ਏ. ਟੀ. ਐੱਮ. ਕਾਰਡ ਦਿੱਤਾ ਗਿਆ ਸੀ। ਇਕ-ਦੋ ਮਹੀਨਿਆਂ ਤੋ ਬੈਂਕ ਮੈਨੇਜਰ ਨੇ ਵੇਖਿਆ ਕਿ ਇਨ੍ਹਾਂ ਕਾਰਡਾਂ ਰਾਹੀਂ ਲਿਮਿਟ ਤੋਂ ਕਾਫੀ ਵੱਧ ਟਰਾਂਜੈਕਸ਼ਨਾਂ ਅਣ-ਅਧਿਕਾਰਤ ਤੌਰ 'ਤੇ ਵੱਖ-ਵੱਖ ਏ. ਟੀ. ਐੱਮਜ਼, ਪੈਟਰੋਲ ਪੰਪਾਂ ਅਤੇ ਹੋਰ ਥਾਵਾਂ 'ਤੇ ਕੀਤੀਆਂ ਗਈਆਂ ਹਨ।

ਐੱਸ. ਐੱਸ. ਪੀ. ਸਿੱਧੂ ਨੇ ਦੱਸਿਆ ਕਿ ਕੁਲਦੀਪ ਕੌਰ ਨੇ ਰਾਜਵੀਰ ਕੌਰ ਨੂੰ ਵਿਸ਼ਵਾਸ ਵਿਚ ਲੈ ਕੇ ਉਸ ਦਾ ਏ. ਟੀ. ਐੱਮ. ਕਾਰਡ ਲੈ ਲਿਆ ਸੀ। ਆਪਣੇ ਲੜਕੇ ਗੁਰਲਾਲ ਸਿੰਘ ਉਰਫ ਲਾਲ ਅਤੇ ਪਤੀ ਅਮਰਜੀਤ ਸਿੰਘ ਨਾਲ ਮਿਲ ਕੇ 2 ਮਹੀਨਿਆਂ ਵਿਚ ਕਾਰਡ 195 ਵਾਰ ਵਰਤ ਕੇ 59 ਲੱਖ 5 ਹਜ਼ਾਰ 431 ਰੁਪਏ, ਕੁਲਦੀਪ ਕੌਰ ਦੀ ਨਣਦ ਨਰਿੰਦਰ ਕੌਰ ਅਤੇ ਉਸ ਦੇ ਲੜਕੇ ਕਰਮਜੀਤ ਸਿੰਘ ਉਰਫ ਸੋਨੂੰ ਵੱਲੋਂ ਪਿਛਲੇ 2 ਮਹੀਨਿਆਂ ਵਿਚ ਕਾਰਡ 443 ਵਾਰ ਵਰਤ ਕੇ 62 ਲੱਖ 99 ਹਜ਼ਾਰ 110 ਰੁਪਏ ਦੀਆਂ ਲਿਮਿਟਾਂ ਤੋ ਵੱਧ ਟਰਾਂਜੈਕਸ਼ਨਾਂ ਕਰ ਕੇ ਇਸ ਠੱਗੀ ਦੀ ਰਕਮ ਨਾਲ ਸੋਨੇ ਦੇ ਗਹਿਣੇ, ਘਰੇਲੂ ਸਾਮਾਨ, ਕੱਪੜੇ, ਨਵੀਂ ਬੋਲੈਰੋ, ਆਲਟੋ ਅਤੇ ਐਕਟਿਵਾ ਖਰੀਦ ਲਈ। ਇਸ ਤੋਂ ਇਲਾਵਾ ਪੈਟਰੋਲ ਪੰਪਾਂ ਤੋਂ ਕਾਫੀ ਮਾਤਰਾ ਵਿਚ ਕਾਰਡ ਰਾਹੀਂ ਪੈਟਰੋਲ ਅਤੇ ਡੀਜ਼ਲ ਪੁਆ ਕੇ ਬੈਂਕ ਨਾਲ 1 ਕਰੋੜ 22 ਲੱਖ ਰੁਪਏ ਦੀ ਠੱਗੀ ਕੀਤੀ ਹੈ।
ਐੱਸ. ਐੱਸ. ਪੀ. ਨੇ ਦੱਸਿਆ ਕਿ ਮਾਮਲੇ ਦੀ ਜਾਂਚ ਲਈ ਐੱਸ. ਪੀ. ਡੀ. ਹਰਮੀਤ ਸਿੰਘ ਹੁੰਦਲ ਦੀ ਅਗਵਾਈ ਹੇਠ ਸੀ. ਆਈ. ਏ. ਸਟਾਫ ਦੇ ਇੰਚਾਰਜ ਇੰਸ. ਸ਼ਮਿੰਦਰ ਸਿੰਘ, ਇੰਚਾਰਜ ਸਾਈਬਰ ਸੈੱਲ ਅਤੇ ਐੱਸ. ਐੱਚ. ਓ. ਥਾਣਾ ਤ੍ਰਿਪੜੀ ਹਰਜਿੰਦਰ ਸਿੰਘ ਢਿੱਲੋਂ ਦੀ ਟੀਮ ਦਾ ਗਠਨ ਕੀਤਾ ਗਿਆ। ਟੀਮ ਨੇ ਤਫਤੀਸ਼ ਤੋਂ ਬਾਅਦ ਕੁਲਦੀਪ ਕੌਰ, ਅਮਰਜੀਤ ਸਿੰਘ, ਗੁਰਲਾਲ ਸਿੰਘ ਉਰਫ ਲਾਲ ਨੂੰ ਬੋਲੈਰੋ ਕਾਰ ਸਮੇਤ ਸਿਉਨਾ ਚੌਕ ਤੋਂ ਅਤੇ ਨਰਿੰਦਰ ਕੌਰ ਤੇ ਉਸ ਦੇ ਲੜਕੇ ਕਰਮਜੀਤ ਸਿੰਘ ਉਰਫ ਸੋਨੂੰ ਨੂੰ ਉਨ੍ਹਾਂ ਦੇ ਘਰੋਂ ਰਣਜੀਤ ਨਗਰ ਪਟਿਆਲਾ ਤੋਂ ਗ੍ਰਿਫਤਾਰ ਕਰ ਲਿਆ।

ਐੱਸ. ਐੱਸ. ਪੀ. ਨੇ ਦੱਸਿਆ ਕਿ ਕੁਲਦੀਪ ਕੌਰ, ਅਮਰਜੀਤ ਸਿੰਘ ਅਤੇ ਇਨ੍ਹਾਂ ਦੇ ਲੜਕੇ ਗੁਰਲਾਲ ਸਿੰਘ ਉਰਫ ਲਾਲ ਤੋਂ 325 ਗ੍ਰਾਮ ਸੋਨੇ ਦੇ ਗਹਿਣੇ, ਬੋਲੈਰੋ ਕਾਰ, ਐਕਟਿਵਾ ਅਤੇ ਨਰਿੰਦਰ ਕੌਰ ਅਤੇ ਉਸ ਦੇ ਲੜਕੇ ਕਰਮਜੀਤ ਸਿੰਘ ਉਰਫ ਸੋਨੂੰ ਤੋਂ ਘਰ ਦੇ ਸਟੋਰ 'ਚ ਦੱਬੇ ਅੱਧਾ ਕਿਲੋ ਸੋਨੇ ਦੇ ਗਹਿਣੇ ਬਰਾਮਦ ਕਰਵਾਏ ਗਏ ਹਨ। ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਕਾਫੀ ਮਾਤਰਾ ਵਿਚ ਸੋਨੇ ਦੇ ਗਹਿਣੇ ਹੋਰ ਬੈਂਕਾਂ ਵਿਚ ਰੱਖ ਕੇ ਲੋਨ ਲਿਆ ਹੋਇਆ ਹੈ। ਲੋਨ 'ਤੇ ਲਿਆ ਪੈਸਾ ਇਨ੍ਹਾਂ ਦੇ ਵੱਖ-ਵੱਖ ਬੈਂਕ ਖਾਤਿਆਂ ਵਿਚ ਜਮ੍ਹਾ ਹੈ। ਪੁਲਸ ਨੇ ਗ੍ਰਿਫਤਾਰੀ ਤੋਂ ਬਾਅਦ ਉਕਤ ਵਿਅਕਤੀਆਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ। ਚਾਰ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਹੈ।
ਇਸ ਮੌਕੇ ਐੱਸ. ਪੀ. ਸਿਟੀ ਵਰੁਣ ਸ਼ਰਮਾ, ਐੱਸ. ਪੀ. ਹੈੱਡਕੁਆਰਟਰ ਨਵਨੀਤ ਸਿੰਘ ਬੈਂਸ, ਐੱਸ. ਪੀ. ਟ੍ਰੈਫਿਕ ਪਲਵਿੰਦਰ ਸਿੰਘ ਚੀਮਾ, ਐੱਸ. ਪੀ. ਡੀ. ਹਰਮੀਤ ਸਿੰਘ ਹੁੰਦਲ ਅਤੇ ਥਾਣਾ ਤ੍ਰਿਪੜੀ ਦੇ ਐੱਸ. ਐੱਚ. ਓ. ਹਰਜਿੰਦਰ ਸਿੰਘ ਢਿੱਲੋਂ ਵੀ ਹਾਜ਼ਰ ਸਨ।

Shyna

This news is Content Editor Shyna