ਹਿੱਸੇਦਾਰ ਨੇ ਹੜੱਪੀ ਪ੍ਰਾਪਰਟੀ, ਲਾਇਆ 15 ਲੱਖ 90 ਹਜ਼ਾਰ ਦੀ ਮਾਰੀ ਠੱਗੀ

07/10/2019 11:28:50 AM

ਮੋਗਾ (ਆਜ਼ਾਦ)—ਪਿੰਡ ਰਾਊਕੇ ਕਲਾਂ ਨਿਵਾਸੀ ਜਗਰੂਪ ਸਿੰਘ ਨੇ ਆਪਣੇ ਹਿੱਸੇਦਾਰ 'ਤੇ ਧੋਖੇ ਨਾਲ ਪ੍ਰਾਪਰਟੀ ਹੜੱਪ ਕੇ 15 ਲੱਖ 90 ਹਜ਼ਾਰ ਰੁਪਏ ਦੀ ਠੱਗੀ ਕੀਤੇ ਜਾਣ ਦਾ ਦੋਸ਼ ਲਾਇਆ ਹੈ। ਇਸ ਸਬੰਧੀ ਪੁਲਸ ਵੱਲੋਂ ਜਾਂਚ ਦੇ ਬਾਅਦ ਮਾਮਲਾ ਦਰਜ ਕਰ ਕੇ ਕਥਿਤ ਦੋਸ਼ੀ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ।

ਕੀ ਹੈ ਸਾਰਾ ਮਾਮਲਾ
ਜਗਰੂਪ ਸਿੰਘ ਪੁੱਤਰ ਪਿਆਰਾ ਸਿੰਘ ਨੇ ਡਾਇਰੈਕਟਰ ਜਨਰਲ ਆਫ ਪੁਲਸ ਚੰਡੀਗੜ੍ਹ ਨੂੰ ਲਿਖੇ ਸ਼ਿਕਾਇਤ ਪੱਤਰ ਵਿਚ ਕਿਹਾ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਸ਼ਰਾਬ ਦਾ ਕਾਰੋਬਾਰ ਕਰਦਾ ਆ ਰਿਹਾ ਹੈ। ਮੈਂ 2011-12 'ਚ ਰਾਜੇਸ਼ ਕੁਮਾਰ ਪੁੱਤਰ ਸੁਰਿੰਦਰ ਸਿੰਘ ਨਿਵਾਸੀ ਟੀਚਰ ਕਾਲੋਨੀ ਮੋਗਾ ਨਾਲ ਸ਼ਰਾਬ ਦੇ ਕਾਰੋਬਾਰ ਵਿਚ ਹਿੱਸੇਦਾਰੀ ਕੀਤੀ ਸੀ। ਇਸ ਦੌਰਾਨ ਅਸੀਂ ਪ੍ਰਾਪਰਟੀ ਦਾ ਵੀ ਕੰਮ ਕਰਨ ਲੱਗੇ। ਉਸ ਨੇ ਕਿਹਾ ਕਿ 2014 ਵਿਚ ਅਸੀਂ ਕੁਝ ਪ੍ਰਾਪਰਟੀ ਖਰੀਦੀ, ਜਿਸ 'ਤੇ ਮੈਂ ਆਪਣੇ ਹਿੱਸੇ ਦੇ 19 ਲੱਖ ਰੁਪਏ ਆਪਣੇ ਹਿੱਸੇਦਾਰ ਰਾਜੇਸ਼ ਕੁਮਾਰ ਨੂੰ ਆਪਣੇ ਅਤੇ ਆਪਣੀ ਪਤਨੀ ਦੇ ਖਾਤੇ 'ਚੋਂ ਟਰਾਂਸਫਰ ਕਰਵਾ ਦਿੱਤੇ। ਸਾਡਾ ਸ਼ਰਾਬ ਦਾ ਕਾਰੋਬਾਰ ਠੀਕ ਚੱਲਦਾ ਰਿਹਾ। ਮੈਂ 2016-17 'ਚ ਉਸ ਤੋਂ ਵੱਖ ਹੋ ਗਿਆ। ਜਦ ਮੈਂ ਪ੍ਰਾਪਰਟੀ ਦਾ ਹਿਸਾਬ ਕਰਨ ਲਈ ਕਿਹਾ ਤਾਂ ਉਹ ਟਾਲ-ਮਟੋਲ ਕਰਨ ਲੱਗਾ ਅਤੇ ਬਾਅਦ ਵਿਚ ਮੈਨੂੰ ਪਤਾ ਲੱਗਾ ਕਿ ਉਸ ਨੇ ਉਕਤ ਪ੍ਰਾਪਰਟੀ ਆਪਣੀ ਪਤਨੀ ਡਿੰਪਲ ਰਾਣੀ ਦੇ ਨਾਂ ਕਰਵਾ ਦਿੱਤੀ, ਜਦ ਮੈਂ ਰਾਜੇਸ਼ ਕੁਮਾਰ ਤੋਂ ਪੈਸੇ ਵਾਪਸ ਮੰਗੇ ਤਾਂ ਉਹ ਟਾਲ-ਮਟੋਲ ਕਰਨ ਲੱਗਾ। ਮੇਰੇ ਵਾਰ-ਵਾਰ ਕਹਿਣ 'ਤੇ ਉਸ ਨੇ ਮੈਨੂੰ 19 ਲੱਖ ਰੁਪਏ 'ਚੋਂ ਤਿੰਨ ਲੱਖ 10 ਹਜ਼ਾਰ ਰੁਪਏ ਵਾਪਸ ਕਰ ਦਿੱਤੇ, ਜਦਕਿ 15 ਲੱਖ 90 ਹਜ਼ਾਰ ਰੁਪਏ ਵਾਪਸ ਨਹੀਂ ਕੀਤੇ ਅਤੇ ਉਸ ਨੇ ਇਸ ਤਰ੍ਹਾਂ ਮੇਰੇ ਨਾਲ ਧੋਖਾਦੇਹੀ ਕੀਤੀ ਹੈ।

ਕੀ ਹੋਈ ਪੁਲਸ ਕਾਰਵਾਈ
ਇਸ ਮਾਮਲੇ ਦੀ ਜਾਂਚ ਐੱਸ.ਪੀ. ਆਈ ਮੋਗਾ ਵੱਲੋਂ ਕੀਤੀ ਗਈ। ਜਾਂਚ ਸਮੇਂ ਪਤਾ ਲੱਗਾ ਕਿ ਸ਼ਿਕਾਇਤ ਕਰਤਾ ਜਗਰੂਪ ਸਿੰਘ ਅਤੇ ਰਾਜੇਸ਼ ਕੁਮਾਰ ਦੀ ਠੇਕਿਆਂ 'ਚ ਹਿੱਸੇਦਾਰੀ ਸੀ ਅਤੇ ਇਸ ਦੇ ਨਾਲ ਹੀ ਉਹ ਪ੍ਰਾਪਰਟੀ ਦੀ ਖਰੀਦੋ-ਫਰੋਖ਼ਤ ਦਾ ਵੀ ਕੰਮ ਕਰਦੇ ਸਨ। ਰਾਜੇਸ਼ ਕੁਮਾਰ ਨੇ ਜਗਰੂਪ ਸਿੰਘ ਨੂੰ ਦੱਸਿਆ ਕਿ ਉਸ ਨੇ ਇਕ ਪਲਾਟ ਆਪਣੀ ਪਤਨੀ ਡਿੰਪਲ ਦੇ ਨਾਂ ਖਰੀਦਿਆ ਹੈ ਅਤੇ ਇਕ ਕੋਠੀ ਜੋ ਉਸ ਨੇ ਆਪਣੇ ਇਕ ਹੋਰ ਰਿਸ਼ਤੇਦਾਰ ਦੇ ਨਾਂ 'ਤੇ ਖਰੀਦ ਕੀਤੀ ਹੈ। ਹੁਣ ਮੈਨੂੰ ਪੈਸਿਆਂ ਦੀ ਜ਼ਰੂਰਤ ਹੈ ਅਤੇ ਮੈਂ ਪਲਾਟ ਅਤੇ ਕੋਠੀ ਨੂੰ ਵੇਚਣਾ ਚਾਹੁੰਦਾ ਹਾਂ ਜੇਕਰ ਤੁਸੀਂ ਪੈਸੇ ਦੇ ਦਿਉ ਇਸ ਵਿਚ ਕਾਫੀ ਮੁਨਾਫਾ ਆ ਜਾਵੇਗਾ, ਜਿਸ 'ਤੇ ਜਗਰੂਪ ਸਿੰਘ ਨੇ ਦੋਨੋਂ ਪ੍ਰਾਪਰਟੀਆਂ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ ਕਿ ਉਕਤ ਪ੍ਰਾਪਰਟੀਆਂ ਦੀ ਕੀਮਤ 66 ਲੱਖ ਰੁਪਏ ਦੇ ਕਰੀਬ ਹੈ। ਜਗਰੂਪ ਸਿੰਘ ਨੇ ਓ.ਬੀ.ਸੀ. ਬੈਂਕ ਦੇ ਆਪਣੇ ਅਤੇ ਆਪਣੀ ਪਤਨੀ ਦੇ ਖਾਤੇ 'ਚੋਂ ਵੱਖ-ਵੱਖ ਤਰੀਕਾਂ 'ਚ 19 ਲੱਖ ਰੁਪਏ ਉਨ੍ਹਾਂ ਦੇ ਖਾਤੇ ਵਿਚ ਟਰਾਂਸਫਰ ਕਰ ਦਿੱਤੇ, ਜਦ ਉਸ ਨੇ ਉਕਤ ਪ੍ਰਾਪਰਟੀ ਵਿਚੋਂ ਬਣਦਾ ਹਿੱਸਾ ਆਪਣੇ ਨਾਂ ਕਰਵਾਉਣ ਦੇ ਲਈ ਕਿਹਾ ਤਾਂ ਰਾਜੇਸ਼ ਕੁਮਾਰ ਨੇ ਉਸ ਦੇ ਨਾਂ 'ਤੇ ਪ੍ਰਾਪਰਟੀ ਨਹੀਂ ਕਰਵਾਈ ਅਤੇ ਬਾਅਦ ਵਿਚ ਟਾਲ-ਮਟੋਲ ਕਰਨ ਲੱਗਾ। ਜਦ ਉਸਨੇ ਪੈਸਿਆਂ ਦੀ ਮੰਗ ਕੀਤੀ ਤਾਂ ਵਾਰ-ਵਾਰ ਕਹਿਣ 'ਤੇ ਤਿੰਨ ਲੱਖ 10 ਹਜ਼ਾਰ ਰੁਪਏ ਉਸ ਨੂੰ ਹੌਲੀ-ਹੌਲੀ ਕਰ ਕੇ ਵਾਪਸ ਕਰ ਦਿੱਤੇ, ਜਦਕਿ 15 ਲੱਖ 90 ਹਜ਼ਾਰ ਰੁਪਏ ਵਾਪਸ ਨਹੀਂ ਕੀਤੇ। ਇਸ ਤਰ੍ਹਾਂ ਉਸ ਨੇ ਜਗਰੂਪ ਸਿੰਘ ਨੂੰ ਪ੍ਰਾਪਰਟੀ ਵਿਚ ਹਿੱਸਾ ਪਾਉਣ ਦਾ ਵਿਸ਼ਵਾਸ ਦੁਆ ਕੇ ਉਸ ਨਾਲ ਧੋਖਾਦੇਹੀ ਕੀਤੀ ਹੈ। ਜਾਂਚ ਦੇ ਬਾਅਦ ਜ਼ਿਲਾ ਪੁਲਸ ਮੁਖੀ ਮੋਗਾ ਦੇ ਹੁਕਮ 'ਤੇ ਥਾਣਾ ਸਿਟੀ ਮੋਗਾ ਵਿਚ ਰਾਜੇਸ਼ ਕੁਮਾਰ ਪੁੱਤਰ ਸੁਰਿੰਦਰ ਸਿੰਘ ਨਿਵਾਸੀ ਟੀਚਰ ਕਾਲੋਨੀ ਜ਼ੀਰਾ ਰੋਡ ਮੋਗਾ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਸੁਖਜੀਤ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਕਥਿਤ ਦੋਸ਼ੀ ਦੀ ਗ੍ਰਿਫਤਾਰੀ ਬਾਕੀ ਹੈ।

Shyna

This news is Content Editor Shyna