ਧੋਖਾਧੜੀ  ਨਾਲ ਮੰਗਵਾਇਆ ਮਾਲ, ਪੈਸੇ ਮੰਗਣ ’ਤੇ ਕੀਤੀ ਕੁੱਟਮਾਰ, ਦਿੱਤੀ ਨਹਿਰ ’ਚ ਸੁੱਟਣ ਦੀ ਧਮਕੀ

10/26/2021 1:09:56 PM

ਫਿਰੋਜ਼ਪੁਰ (ਕੁਮਾਰ): ਕਥਿਤ ਰੂਪ ’ਚ ਸਾਜਿਸ਼ ਤਹਿਤ ਹਜ਼ਾਰਾਂ ਰੁਪਏ ਦਾ ਮਾਲ ਮੰਗਵਾਉਣ ਅਤੇ ਪੈਸੇ ਮੰਗਣ ’ਤੇ ਡੰਡਿਆਂ ਨਾਲ ਕੁੱਟਣ, ਥੱਪੜ ਮਾਰਨ ਤੇ ਮਾਰਕੇ ਨਹਿਰ ਵਿਚ ਸੁੱਟਣ ਦੀਆਂ ਧਮਕੀਆਂ ਦੇਣ ਦੇ ਦੋਸ਼ਾਂ ਤਹਿਤ ਥਾਣਾ ਕੈਂਟ ਫਿਰੋਜ਼ਪੁਰ ਦੀ ਪੁਲਸ ਨੇ ਆਈ.ਪੀ.ਸੀ. ਦੀਆਂ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।

ਇਹ ਜਾਣਕਾਰੀ ਦਿੰਦੇ ਹੋਏ ਏ.ਐਸ.ਆਈ. ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਅਧਿਕਾਰੀਆਂ ਨੂੰ ਦਿੱਤੀ ਲਿਖ਼ਤੀ ਸ਼ਿਕਾਇਤ ਅਤੇ ਬਿਆਨਾਂ ਵਿਚ ਸ਼ਿਕਾਇਤਕਰਤਾ ਸਤੀਸ਼ ਕੁਮਾਰ ਪੁੱਤਰ ਮੁਰਾਰੀ ਲਾਲ ਨੇ ਦੋਸ਼ ਲਗਾਉਂਦੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਸ ਦਾ ਮੁੰਡਾ ਸ਼ੁਭਮ ਦੁਕਾਨ ’ਤੇ ਬੈਠਾ ਹੋਇਆ ਸੀ ਤਾਂ ਓਂਕਾਰ ਸਿੰਘ ਪੁੱਤਰ ਬਗੀਚਾ ਸਿੰਘ ਉਨ੍ਹਾਂ ਦੀ ਦੁਕਾਨ ’ਤੇ ਆਇਆ ਅਤੇ ਉਸ ਨੇ ਲੜਕੇ ਨੂੰ ਕਿਹਾ ਕਿ ਉਸ ਨੂੰ ਪਸ਼ੂਆਂ ਦੇ ਲਈ ਫੀਡ ਦੀ ਲੋੜ ਹੈ ਅਤੇ ਉਸ ਨੇ ਦੁਕਾਨ ਵਿਚੋਂ ਸ਼ੁੱਧ ਗੋਲਡ ਦੀਆਂ 15 ਬੋਰੀਆਂ ਤੇ 3 ਫੀਡ ਦੀਆਂ ਬੋਰੀਆਂ, 10 ਬੋਰੀਆਂ ਚੋਕਰ, 10 ਬੋਰੀਆਂ ਵੜੇਵਿਆਂ ਦੀ ਖਲ, 10 ਬੋਰੀਆਂ ਸਰੋਂ ਦੀ ਖਲ ਕੱਢਵਾ ਲਈ ਤੇ ਕਹਿਣ ਲੱਗਾ ਕਿ ਉਹ ਪਰਸ ਆਪਣੇ ਘਰ ਭੁੱਲ ਆਇਆ ਹੈ ਤੇ ਉਸ ਦਾ ਘਰ ਕਰੀਬ 20 ਕਿਲੋਮੀਟਰ ਦੂਰ ਹੈ ਤੇ ਉਸ ਨੂੰ ਘਰ ਤੋਂ ਦੁਆਰਾ ਆਉਣਾ ਮੁਸ਼ਕਲ ਹੋ ਜਾਵੇਗਾ, ਇਸ ਲਈ ਮਾਲ ਉਸ ਦੇ ਘਰ ਪਹੁੰਚਾ ਦਿਓ ਤੇ ਉਥੇ ਹੀ ਉਹ ਇਸ ਮਾਲ ਦੇ ਕਰੀਬ 51 ਹਜ਼ਾਰ ਰੁਪਏ ਦੀ ਪੇਮੈਂਟ ਕਰ ਦੇਵੇਗਾ। ਸ਼ਿਕਾਇਤਕਰਤਾ ਅਨੁਸਾਰ ਜਦ ਉਹ ਉਨ੍ਹਾਂ ਨੇ ਮਾਲ ਘਰ ਭੇਜ ਦਿੱਤਾ ਤਾਂ ਬਗੀਚਾ ਸਿੰਘ, ਅਵਤਾਰ ਸਿੰਘ, ਨਿਰਵੈਰ ਸਿੰਘ, ਓਂਕਾਰ ਸਿੰਘ, ਗੱਬਰ ਸਿੰਘ, ਪਰਗਟ ਸਿੰਘ ਤੇ ਅਣਪਛਾਤੇ ਹੋਰ ਆਦਮੀ ਤੇ ਔਰਤਾਂ ਨੇ ਮਾਲ ਜ਼ਬਰਦਸਤੀ ਆਪਣੇ ਘਰ ਉਤਰਵਾ ਲਿਆ ਤੇ ਜਦ ਸ਼ਿਕਾਇਤਕਰਤਾ ਨੇ ਮਾਲ ਦੇ ਪੈਸੇ ਮੰਗੇ ਤਾਂ ਨਾਮਜ਼ਦ ਲੋਕਾਂ ਨੇ ਡੰਡਿਆਂ ਨਾਲ ਉਸ ਨੂੰ ਕੁੱਟਮਾਰ ਕੀਤੀ, ਉਸ ਦੇ ਥੱਪੜ ਮਾਰੇ ਤੇ ਮਾਰ ਕੇ ਨਹਿਰ ਵਿਚ ਸੁੱਟਣ ਦੀਆਂ ਧਮਕੀਆਂ ਦਿੱਤੀਆਂ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਮਾਮਲਾ ਦਰਜ ਕਰਦੇ ਹੋਏ ਨਾਮਜ਼ਦ ਵਿਅਕਤੀਆਂ ਨੂੰ ਫੜ੍ਹਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। 


Shyna

Content Editor

Related News