ਚਾਰ ਕਤਲ ਕਰਨ ਵਾਲੇ ਦੋਸ਼ੀ ਨੂੰ ਸੁਣਾਈ ਫਾਂਸੀ ਦੀ ਸਜ਼ਾ

10/22/2020 9:34:27 PM

ਸ੍ਰੀ ਮੁਕਤਸਰ ਸਾਹਿਬ,(ਰਿਣੀ, ਪਵਨ ਤਨੇਜਾ)-ਜੱਜ ਅਰੁਣ ਵਸ਼ਿਸ਼ਟ ਦੀ ਅਦਾਲਤ ਨੇ ਫੈਸਲਾ ਸੁਣਾਉਂਦਿਆਂ ਚਾਰ ਕਤਲ ਕਰਨ ਵਾਲੇ  ਦੋਸ਼ੀ ਪਲਵਿੰਦਰ ਸਿੰਘ ਨੂੰ ਫਾਂਸੀ ਤੇ ਉਸ ਦੀ ਸਹਿਯੋਗੀ ਔਰਤ ਕਰਮਜੀਤ ਕੌਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਜ਼ਿਲ੍ਹਾ ਅਟਾਰਨੀ ਨਵਦੀਪ ਗਿਰਧਰ ਤੇ ਬਚਾਅ ਪੱਖ ਦੇ ਵਕੀਲ ਮਨਜਿੰਦਰ ਸਿੰਘ ਬਰਾੜ ਨੇ ਜਾਣਕਾਰੀ ਦਿੱਤੀ ਕਿ ਪਲਵਿੰਦਰ ਸਿੰਘ ਦੇ ਸਬੰਧ ਉਸਦੇ ਸੀਰੀ ਨਿਰਮਲ ਸਿੰਘ ਦੀ ਪਤਨੀ ਕਰਮਜੀਤ ਕੌਰ ਦੇ ਨਾਲ ਸਨ। ਉਨ੍ਹਾਂ ਦੇ ਸਬੰਧਾਂ ਵਿੱਚ ਉਸਦਾ ਸੀਰੀ ਨਿਰਮਲ ਸਿੰਘ, ਪਲਵਿੰਦਰ ਦੀ ਪਤਨੀ ਸਰਬਜੀਤ ਕੌਰ ਤੇ ਉਸਦੇ ਦੋ ਬੱਚੇ ਜਸ਼ਨਪ੍ਰੀਤ ਸਿੰਘ (4) ਤੇ ਉਸਦੀ ਪੁੱਤਰੀ ਗਗਨਦੀਪ ਕੌਰ (6) ਰੋੜ੍ਹਾ ਬਣ ਰਹੇ ਸਨ, ਜਿੰਨ੍ਹਾਂ ਨੂੰ ਰਸਤੇ ਵਿੱਚੋਂ
ਹਟਾਉਣ ਲਈ ਉਨ੍ਹਾਂ ਯੋਜਨਾ ਬਣਾਈ। ਯੋਜਨਾ ਦੇ ਅਨੁਸਾਰ ਪਲਵਿੰਦਰ ਸਿੰਘ ਨੇ ਆਪਣੀ ਪਤਨੀ ਸਰਬਜੀਤ ਕੌਰ ਦੇ ਨਾਂਅ ਦੋ ਇੰਸ਼ੋਰੈਂਸ ਪਾਲਿਸੀਆਂ ਐਕਸੀਡੈਂਟ ਰਾਈਡਰ ਸਮੇਤ ਖਰੀਦੀਆਂ ਸਨ ਤੇ ਨਿਰਮਲ ਸਿੰਘ ਦੇ ਨਾਂਅ 'ਤੇ ਦੋ ਇੰਸ਼ੋਰੈਂਸ ਪਾਲਿਸੀਆਂ ਐਕਸੀਡੈਂਟ ਰਾਈਡਰ ਸਮੇਤ ਘਟਨਾ ਤੋਂ 11 ਦਿਨ ਪਹਿਲਾਂ ਖ਼ਰੀਦੀਆਂ ਸਨ।

ਪਲਵਿੰਦਰ ਸਿੰਘ ਨੇ ਪੁਰਾਣੀ ਮਾਰੂਤੀ ਕਾਰ ਖ਼ਰੀਦੀ ਤੇ 20 ਜੂਨ 2015 ਨੂੰ ਆਪਣੀ ਪਤਨੀ ਨੂੰ ਦਵਾਈ ਦੁਆਉਣ ਦੇ ਬਹਾਨੇ ਕਾਰ ਵਿੱਚ ਆਪਣੀ ਪਤਨੀ ਸਰਬਜੀਤ ਕੌਰ, ਸੀਰੀ ਨਿਰਮਲ ਸਿੰਘ, ਆਪਣੇ ਪੁੱਤਰ ਜਸ਼ਨਪ੍ਰੀਤ ਸਿੰਘ ਤੇ ਪੁੱਤਰੀ ਗਗਨਦੀਪ ਕੌਰ ਨੂੰ ਕਾਰ ਵਿੱਚ ਬਿਠਾ ਲਿਆ ਤੇ ਕਾਰ ਨੂੰ ਗੰਗ ਨਹਿਰ ਵਿੱਚ ਜਾਣਬੁੱਝ ਕੇ ਸੁੱਟ ਦਿੱਤਾ ਤੇ ਖੁਦ ਖਿੜਕੀ ਖੋਲ੍ਹਕੇ ਨਹਿਰ ਤੋਂ ਬਾਹਰ ਆ ਗਿਆ ਤੇ ਰੌਲਾ ਪਾਇਆ ਤੇ ਲੋਕਾਂ ਨੂੰ ਇਕੱਠੇ ਕੀਤਾ। ਉਨ੍ਹਾਂ ਦੱਸਿਆ ਕਿ ਦੋਵਾਂ ਨੇ ਸੋਚੀ ਸਮਝੀ ਸਾਜਿਸ਼ ਤਹਿਤ ਇਸਨੂੰ ਦੁਰਘਟਨਾ ਦਾ ਨਾਂਅ ਦੇਣ ਦੀ ਕੋਸ਼ਿਸ਼ ਕੀਤੀ ਸੀ। ਇਸ ਵਿੱਚ ਦੋਸ਼ੀ ਦੀ ਪਤਨੀ, ਸੀਰੀ ਤੇ ਦੋਵੇਂ ਬੱਚਿਆਂ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ 27 ਜਨਵਰੀ 2016 ਨੂੰ ਦੋਸ਼ੀ ਪਲਵਿੰਦਰ ਸਿੰਘ ਤੇ ਕਰਮਜੀਤ ਕੌਰ ਨੇ ਵਿਆਹ ਕਰਵਾ ਕੇ ਅਦਾਲਤ ਤੋਂ ਪੋਟੈਕਸ਼ਨ ਪਟੀਸ਼ਨ ਕਰ ਦਿੱਤੀ। ਮਾਮਲਾ ਦਰਜ ਹੋਣ ਦੇ ਬਾਅਦ ਸਾਰੇ ਤੱਥ ਸਾਹਮਣੇ ਆ ਗਏ। ਅਦਾਲਤ ਨੇ ਕੇਸ ਨੂੰ ਰੇਅਰ ਆਫ਼ ਰੇਅਰੈਸਟ ਹੋਣ ਦੇ ਕਾਰਨ ਦੋਸ਼ੀ ਪਲਵਿੰਦਰ ਸਿੰਘ ਨੂੰ ਫ਼ਾਂਸੀ ਤੇ ਉਸਦੀ ਸਹਿਯੋਗੀ ਔਰਤ ਕਰਮਜੀਤ ਕੌਰ ਨੂੰ ਉਮਰ ਕੈਦ ਦੀ ਸਜਾ ਸੁਣਾ ਦਿੱਤੀ ਹੈ।


Deepak Kumar

Content Editor

Related News