ਸੀਵਰੇਜ ਦੇ ਗੰਦੇ ਪਾਣੀ ਨਾਲ ਚਾਰ ਏਕੜ ਕਣਕ ਦੀ ਫਸਲ ਹੋਈ ਖਰਾਬ, ਮੁਆਵਜੇ ਲਈ ਕਿਸਾਨ ਦੀ ਗੁਹਾਰ

05/18/2020 12:30:34 PM

ਬੁਢਲਾਡਾ(ਮਨਜੀਤ) - ਪਿਛਲੇ ਲੰਮੇ ਸਮੇਂ ਤੋਂ ਬੁਢਲਾਡਾ ਸ਼ਹਿਰ ਦੇ ਸੀਵਰੇਜ ਟ੍ਰੀਟਮੈਂਟ ਪਲਾਂਟ ਤੋਂ ਗੰਦੇ ਪਾਣੀ ਦੀ ਨਿਕਾਸੀ ਲਈ ਪਾਈਆਂ ਸੀਵਰੇਜ ਪਾਈਪਾਂ ਜੋ ਕਿ ਅਹਿਮਦਪੁਰ ਦੇ ਚੋਅ ਡਰੇਨ ਵਿਚ ਜਾਂਦੀਆਂ ਹਨ। ਹੁਣ ਇਨ੍ਹਾਂ ਪਾਈਪਾਂ ਦੇ ਕਈ ਥਾਂ ਤੋਂ ਟੁੱਟ ਜਾਣ ਕਾਰਨ ਕਿਸਾਨਾਂ ਦੀਆਂ ਫਸਲਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਜਦੋਂਕਿ ਮਹਿਕਮੇ ਵਲੋਂ ਇਸ ਨੂੰ ਠੀਕ ਕਰਵਾਉਣ ਦੀ ਬਜਾਏ ਇਨ੍ਹਾਂ ਪਾਇਪਾਂ ਦੇ ਨਾਲ-ਨਾਲ ਖਾਲੇ ਪੱਟ ਕੇ ਡੰਗ ਸਾਰਿਆ ਜਾ ਰਿਹਾ ਹੈ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀੜਤ ਕਿਸਾਨ ਬੇਅੰਤ ਸਿੰਘ ਪੁੱਤਰ ਅਵਤਾਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਗੰਦੇ ਪਾਣੀ ਦੀ ਨਿਕਾਸੀ ਲਈ ਪਾਈਆਂ ਪਾਇਪਾਂ ਦੀ ਲੀਕੇਜ ਕਾਰਨ ਉਸ ਦਾ ਚਾਰ ਏਕੜ ਰਕਬਾ ਮਾਰ ਹੇਠ ਆਉਂਦਾ ਹੈ ਅਤੇ ਪਿਛਲੇ ਦਿਨੀਂ ਉਸ ਦੀ ਬੀਜੀ ਕਣਕ ਵੀ ਤੇਜਾਬੀ ਪਾਣੀ ਨਾਲ ਖਰਾਬ ਹੋ ਗਈ। ਜਿਸ ਦੇ ਮੁਆਵਜੇ ਦੀ ਮੰਗ ਸੰਬੰਧੀ ਦਰਖਾਸਤ ਡੀ.ਸੀ ਮਾਨਸਾ ਨੂੰ ਦਿੱਤੀ ਹੋਈ ਹੈ।  ਉਨ੍ਹਾਂ ਜਿਲ੍ਹਾ ਡਿਪਟੀ ਕਮਿਸ਼ਨਰ ਅਤੇ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਕਿ ਪਾਇਪਾਂ ਨੂੰ ਠੀਕ ਕਰਵਾ ਕੇ ਉਨ੍ਹਾਂ ਦੇ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇ।  ਇਸ ਸੰਬੰਧੀ ਐੱਸ.ਡੀ.ਓ ਸੀਵਰੇਜ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਸੰਬੰਧੀ ਐਕਸੀਅਨ ਨਾਲ ਮੀਟਿੰਗ ਹੋ ਚੁੱਕੀ ਹੈ। ਜਲਦੀ ਹੀ ਪਾਇਪਾਂ ਬਦਲੀਆਂ ਜਾਣਗੀਆਂ। 


Harinder Kaur

Content Editor

Related News