ਤਨਖਾਹਾਂ ਨਾ ਮਿਲਣ ਕਾਰਣ ਜੰਗਲਾਤ ਵਿਭਾਗ ਦੇ ਕਾਮੇ ਪ੍ਰੇਸ਼ਾਨ

12/12/2019 7:18:39 PM

ਗਿੱਦਡ਼ਬਾਹਾ, (ਬੇਦੀ/ਚਾਵਲਾ)- ਜੰਗਲਾਤ ਵਰਕਰ ਯੂਨੀਅਨ ਗਿੱਦਡ਼ਬਾਹਾ ਦੇ ਵਰਕਰਾਂ ਵਲੋਂ ਅਹਿਮ ਮੀਟਿੰਗ ਕਰਕੇ ਜੰਗਲਾਤ ਕਾਮਿਆਂ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ ਵਿਚਾਰ-ਚਰਚਾ ਕੀਤੀ ਗਈ। ਜ਼ਿਲਾ ਪ੍ਰਧਾਨ ਸੁਖਮੰਦਰ ਸਿੰਘ ਅਤੇ ਸੰਤਾ ਸਿੰਘ ਛੱਤਿਆਣਾ ਜ਼ਿਲਾ ਸਕੱਤਰ ਨੇ ਪ੍ਰੈੱਸਨੋਟ ਰਾਹੀਂ ਜਾਣਕਾਰੀ ਦਿੱਤੀ। ਉਕਤ ਆਗੂਆਂ ਨੇ ਵਿਭਾਗ ਤੇ ਰੋਸ ਪ੍ਰਗਟ ਕਰਦਿਆਂ ਦੱਸਿਆ ਕਿ ਜੰਗਲਾਤ ਕਾਮਿਆਂ ਨੂੰ ਪਿਛਲੇ ਲੰਬੇ ਸਮੇਂ ਤੋਂ ਤਨਖਾਹਾਂ ਨਾ ਮਿਲਣ ਕਰਕੇ ਪ੍ਰੇਸ਼ਾਨੀ ਦੇ ਆਲਮ ’ਚ ਹਨ, ਕਿਉਂਕਿ ਆਰਥਕ ਹਾਲਤ ਮਾਡ਼ੇ ਹੋਣ ਕਰਕੇ ਪਰਿਵਾਰ ਦਾ ਗੁਜ਼ਾਰਾ ਚਲਾਉਣਾ ਬਡ਼ਾ ਮੁਸ਼ਕਲ ਹੋ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਪਿਛਲੇ ਦਿਨੀਂ ਰੇਂਜ ਅਫਸਰ ਨਾਲ ਯੂਨੀਅਨ ਦੇ ਆਗੂਆਂ ਦੀ ਮੀਟਿੰਗ ਹੋਈ ਤੇ ਉਨ੍ਹਾਂ ਯਕੀਨ ਦਿਵਾਇਆ ਸੀ ਕਿ ਜਲਦੀ ਹੀ ਸਾਰੇ ਕਾਮਿਆਂ ਦੀਆਂ ਰਹਿੰਦੀਆਂ ਤਨਖਾਹਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਬਲਾਕ ਅਫ਼ਸਰ ਨੂੰ ਕਿਹਾ ਸੀ ਕਿ ਕਾਮਿਆਂ ਦੀਆਂ ਦਸੰਬਰ 2019 ਤੱਕ ਰਹਿੰਦੀਆਂ ਤਨਖਾਹਾਂ ਦਾ ਹਿਸਾਬ ਬਣਾ ਕੇ ਦੱਸਿਆ ਜਾਵੇ। ਉਨ੍ਹਾਂ ਦੱਸਿਆ ਕਿ ਬਲਾਕ ਅਫ਼ਸਰ ਨੇ ਸਾਰੇ ਕਾਮਿਆਂ ਨੂੰ ਗਿੱਦਡ਼ਬਾਹਾ ਨਰਸਰੀ ’ਤੇ ਬੁਲਾਇਆ ਸੀ ਪਰ ਨਾ ਤਾਂ ਆਪ ਆਏ ਤੇ ਨਾ ਹੀ ਕਿਸੇ ਵਣ ਗਾਰਡ ਨੇ ਆ ਕੇ ਸਾਡੀ ਸਾਰ ਲਈ। ਉਨ੍ਹਾਂ ਸਰਕਾਰ ਅਤੇ ਵਿਭਾਗ ਤੋਂ ਮੰਗ ਕੀਤੀ ਕਿ ਉਨ੍ਹਾਂ ਦੀਆਂ ਰਹਿੰਦੀਆਂ ਤਨਖਾਹਾਂ ਜਲਦ ਜਾਰੀ ਕੀਤੀਆਂ ਜਾਣ। ਇਸ ਸਮੇਂ ਮੋਹਨ ਲਾਲ ਪ੍ਰਧਾਨ ਲੰਬੀ ਰੇਂਜ, ਚਮਕੌਰ ਸਿੰਘ ਛੱਤਿਆਣਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਮੀਨਾ ਰਾਣੀ, ਵੀਰਪਾਲ ਕੌਰ, ਸ਼ਾਂਤੀ ਦੇਵੀ, ਕ੍ਰਿਸ਼ਨ ਕੁਮਾਰ ਕੋਟਭਾਈ, ਇਕਬਾਲ ਸਿੰਘ ਲਾਲਬਾਈ, ਰੋਸ਼ਨ ਸਿੰਘ ਖੁੱਡੀਆਂ ਵੀ ਹਾਜ਼ਰ ਸਨ।

Bharat Thapa

This news is Content Editor Bharat Thapa