ਜੰਗਲਾਤ ਕਾਮਿਆਂ ਨੂੰ 4 ਮਹੀਨਿਆਂ ਤੋਂ ਨਹੀਂ ਮਿਲੀ ਤਨਖ਼ਾਹ, ਰੈਲੀਆਂ ਦਾ ਐਲਾਨ

01/15/2020 12:39:24 PM

ਪਟਿਆਲਾ (ਜੋਸਨ): ਜੰਗਲਾਤ ਵਿਭਾਗ ਪੰਜਾਬ ਦੇ ਦਿਹਾੜੀਦਾਰ ਕਾਮਿਆਂ ਨੂੰ 4 ਮਹੀਨਿਆਂ ਤੋਂ ਤਨਖ਼ਾਹ ਨਹੀਂ ਮਿਲੀ। ਕੁਝ ਕਾਮੇ ਤਾਂ ਅਜਿਹੇ ਵੀ ਹਨ ਜਿਨ੍ਹਾਂ ਨੂੰ 6 ਮਹੀਨਿਆਂ ਤੋਂ ਤਨਖ਼ਾਹ ਨਹੀਂ ਮਿਲੀ। ਅਧਿਕਾਰੀਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਰਕਾਰ ਵੱਲੋਂ ਫ਼ੰਡ ਨਹੀਂ ਜਾਰੀ ਕੀਤੇ ਗਏ। ਕੇਂਦਰ ਸਰਕਾਰ ਦੀਆਂ ਸਕੀਮਾਂ ਤਹਿਤ ਸਰਕਾਰ ਕੋਲ ਪੈਸੇ ਆ ਚੁੱਕੇ ਹਨ। ਪਤਾ ਲੱਗਾ ਹੈ ਕਿ ਅਜੇ ਤੱਕ ਸਰਕਾਰ ਨੇ ਐਨੂਅਲ ਪਲਾਨ ਆਫ਼ ਅਪ੍ਰੇਸ਼ਨ (ਏ. ਪੀ. ਓ.) ਵੀ ਪਾਸ ਨਹੀਂ ਕੀਤਾ। 150 ਕਰੋੜ ਦਾ ਏ. ਪੀ. ਓ. ਸਰਕਾਰ ਕੋਲ ਭੇਜਿਆ ਜਾ ਚੁੱਕਾ ਹੈ। ਕਰਮਚਾਰੀਆਂ ਨੇ ਰੈਲੀਆਂ ਕਰਨ ਦਾ ਐਲਾਨ ਕਰ ਦਿੱਤਾ ਹੈ।

ਸਰਕਾਰੀ ਸੂਤਰਾਂ ਅਨੁਸਾਰ ਜੰਗਲਾਤ ਵਿਭਾਗ ਵਿਚ ਜੋ ਵੀ ਦਿਹਾੜੀਦਾਰ ਕਾਮਿਆਂ ਵੱਲੋਂ ਕੰਮ ਕਰਵਾਏ ਜਾਂਦੇ ਹਨ, ਉਹ ਕੇਂਦਰ ਸਰਕਾਰ ਦੀਆਂ ਸਕੀਮਾਂ ਤਹਿਤ ਹੀ ਕਰਵਾਏ ਜਾਂਦੇ ਹਨ। ਕੇਂਦਰ ਸਰਕਾਰ ਪੰਜਾਬ ਸਰਕਾਰ ਨੂੰ ਪੈਸੇ ਭੇਜਦੀ ਹੈ। ਇਕ ਸਰਕਾਰੀ ਅਧਿਕਾਰੀ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਕੇਂਦਰ ਸਰਕਾਰ ਨੇ 1000 ਕਰੋੜ ਰੁਪਏ ਪੰਜਾਬ ਸਰਕਾਰ ਨੂੰ ਭੇਜ ਦਿੱਤੇ ਹਨ। ਪਨਕੈਂਪਾ ਸਕੀਮ ਤਹਿਤ ਵਿਭਾਗ ਦਿਹਾੜੀਦਾਰ ਕਾਮੇ ਕੰਮ ਕਰਦੇ ਹਨ। ਏ. ਪੀ. ਓ. ਵੀ ਬਣਾ ਕੇ ਸਰਕਾਰ ਕੋਲ ਭੇਜਿਆ ਜਾ ਚੁੱਕਾ ਹੈ। ਸਰਕਾਰ ਨੇ ਅਜੇ ਤੱਕ ਪਾਸ ਨਹੀਂ ਕੀਤਾ।

ਜੰਗਲਾਤ ਯੂਨੀਅਨ ਦੇ ਆਗੂ ਜਗਮੋਹਨ ਸਿੰਘ ਨੌਲੱਖਾ ਨੇ ਦੱਸਿਆ ਕਿ ਦਿਹਾੜੀਦਾਰ ਕਾਮਿਆਂ ਨੂੰ 4 ਮਹੀਨਿਆਂ ਤੋਂ ਤਨਖ਼ਾਹ ਨਹੀਂ ਮਿਲੀ, ਜਿਸ ਕਰ ਕੇ ਉਹ 16 ਜਨਵਰੀ ਨੂੰ ਪਟਿਆਲਾ ਦੇ ਸਰਕਲ ਅਤੇ ਡਵੀਜ਼ਨ ਦਫ਼ਤਰ ਦੇ ਬਾਹਰ ਰੈਲੀਆਂ ਕਰਨਗੇ। ਇਸ ਸਬੰਧੀ ਜਾਣਕਾਰੀ ਉਨ੍ਹਾਂ ਨੇ ਅਧਿਕਾਰੀਆਂ ਨੂੰ ਦੇ ਦਿੱਤੀ ਹੈ। ਇਸੇ ਤਰ੍ਹਾਂ ਦੂਜੀ ਜਥੇਬੰਦੀ ਜੰਗਲਾਤ ਵਰਕਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਸੌਜਾ ਨੇ ਦੱਸਿਆ ਕਿ ਸਾਡੇ ਵਿਚ ਕੁਝ ਅਜਿਹੇ ਦਿਹਾੜੀਦਾਰ ਵੀ ਹਨ, ਜਿਨ੍ਹਾਂ ਨੂੰ 6 ਮਹੀਨਿਆਂ ਤੋਂ ਤਨਖ਼ਾਹ ਨਹੀਂ ਮਿਲੀ। ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਫ਼ੰਡ ਭੇਜ ਦਿੰਦੀ ਹੈ ਪਰ ਸਰਕਾਰ ਫ਼ੰਡ ਜਾਰੀ ਨਹੀਂ ਕਰਦੀ। ਸਾਲਾਨਾ ਪ੍ਰਗਤੀ ਰਿਪੋਰਟਾਂ ਵੀ ਜਾਰੀ ਹੁੰਦੀਆਂ ਹਨ। ਉਨ੍ਹਾਂ ਰਿਪੋਰਟਾਂ 'ਤੇ ਵੀ ਕੋਈ ਫ਼ੈਸਲਾ ਨਹੀਂ ਹੁੰਦਾ। ਦਿਹਾੜੀਦਾਰ ਕਾਮਿਆਂ ਨੂੰ ਤਨਖ਼ਾਹ ਨਹੀਂ ਮਿਲਦੀ। ਪੰਜਾਬ ਵਿਚ 5000 ਦਿਹਾੜੀਦਾਰ ਕਾਮੇ ਕੰਮ ਕਰਦੇ ਹਨ, ਜੋ 4 ਮਹੀਨਿਆਂ ਤੋਂ ਬਿਨਾਂ ਤਨਖ਼ਾਹ ਤੋਂ ਕੰਮ ਕਰ ਰਹੇ ਹਨ। ਇਸ ਸਬੰਧੀ ਸਾਊਥ ਸਰਕਲ ਦੇ ਸਰਕਲ ਵਣਪਾਲ ਵਿਸ਼ਾਲ ਚੌਹਾਨ ਨੇ ਕਿਹਾ ਕਿ ਸਰਕਾਰ ਦਿਹਾੜੀਦਾਰ ਕਾਮਿਆਂ ਦੀਆਂ ਤਨਖ਼ਾਹਾਂ ਦੇਣ ਲਈ ਕੰਮ ਕਰ ਰਹੀ ਹੈ। ਆਸ ਹੈ ਕੁਝ ਦਿਨਾਂ ਵਿਚ ਤਨਖ਼ਾਹਾਂ ਆ ਜਾਣਗੀਆਂ।

Shyna

This news is Content Editor Shyna