ਵਿਦੇਸ਼ੀ ਫਰੂਟਸ ਦੇ ਕਾਲੇ ਕਾਰੋਬਾਰ ’ਚ ਆਪਸੀ ਸੈਟਿੰਗ ਨਾਲ ਕਈ ਸੁਪਰਵਾਈਜ਼ਰ ਤੇ ਆੜ੍ਹਤੀ ਰਾਤੋ-ਰਾਤ ਬਣੇ ਕਰੋੜਪਤੀ

09/28/2020 11:47:56 AM

ਲੁਧਿਆਣਾ (ਖੁਰਾਣਾ) - ਸਬਜ਼ੀ ਮੰਡੀ ਕੰਪਲੈਕਸ ’ਚ ਵਿਦੇਸ਼ੀ ਫਰੂਟਸ ਦੇ ਕਾਲੇ ਕਾਰੋਬਾਰ ਵਿਚ ਆਪਸੀ ਸੈਟਿੰਗ ਦੀ ਖੇਡ ਨੇ ਮਾਰਕੀਟਿੰਗ ਕਮੇਟੀ ਦੇ ਕਈ ਸੁਪਰਵਾਈਜ਼ਰਾਂ ਅਤੇ ਚੁਨਿੰਦਾ ਆੜ੍ਹਤੀਆਂ ਨੂੰ ਰਾਤੋ-ਰਾਤ ਕਰੋੜਪਤੀ ਬਣਾਉਣ ’ਚ ਗਜ਼ਬ ਦੀ ਭੂਮਿਕਾ ਨਿਭਾਈ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਗੋਰਖਧੰਦੇ ’ਚ ਸਰਕਾਰ ਦਾ ਲਗਭਗ 90 ਫੀਸਦੀ ਤੱਕ ਰੈਵੇਨਿਊ ਵਿਭਾਗੀ ਕਰਮਚਾਰੀਆਂ ਅਤੇ ਆੜ੍ਹਤੀਆਂ ਦੀ ਆਪਸੀ ਮਿਲੀਭੁਗਤ ਕਾਰਨ ਕਥਿਤ ਚੋਰੀ ਹੋ ਰਿਹਾ ਹੈ। ਕਈ ਵਾਰ ਤਾਂ ਵਿਦੇਸ਼ੀ ਫਰੂਟ ਸਮੇਤ ਹੋਰ ਫਲਾਂ ਦੀਆਂ ਭਰੀਆਂ ਗੱਡੀਆਂ ਬਿਨਾਂ ਸਰਕਾਰੀ ਰਿਕਾਰਡ ’ਚ ਦਰਜ ਕੀਤੇ ਮੰਡੀ ਦੇ ਮੁੱਖ ਐਂਟਰੀ ਗੇਟ ਤੋਂ ਪਾਸ ਹੋ ਕੇ ਆੜ੍ਹਤੀਆਂ ਦੀਆਂ ਦੁਕਾਨਾਂ ਤੱਕ ਪਹੁੰਚ ਜਾਣ ਦੀ ਚਰਚਾ ਹੈ। 
ਜਿਸ ਕਾਰਨ ਜਿੱਥੇ ਸਬੰਧਤ ਕਾਰੋਬਾਰੀਆਂ ਨੂੰ ਸਿੱਧੇ ਤੌਰ ’ਤੇ ਲੱਖਾਂ ਰੁਪਏ ਦਾ ਫਾਇਦਾ ਹੁੰਦਾ ਹੈ, ਉਥੇ ਗੇਟ ’ਤੇ ਤਾਇਨਾਤ ਕਰਮਚਾਰੀਆਂ ਦੀ ਵੀ ਇਸ ਗੋਰਖਧੰਦੇ ’ਚ ਰਾਜ਼ਦਾਰ ਬਣਨ ’ਤੇ ਮਾਰਕੀਟ ਕਮੇਟੀ ਦੇ ਸੁਪਰਵਾਈਜ਼ਰਾਂ ਅਤੇ ਅਧਿਕਾਰੀਆਂ ਦੇ ਇਸ਼ਾਰੇ ’ਤੇ ਜ਼ੇਬ ਗਰਮ ਹੋ ਜਾਂਦੀ ਹੈ, ਜਦਕਿ ਇਸ ਸਾਰੇ ਐਪੀਸੋਡ ਵਿਚ ਸਰਕਾਰੀ ਖਜ਼ਾਨੇ ਵਿਚ ਫੁੱਟੀ ਕੌਡੀ ਵੀ ਜਮ੍ਹਾ ਨਹੀਂ ਹੁੰਦੀ ਜੋ ਕਿ ਆਰਥਿਕ ਮੰਦਹਾਲੀ ਦਾ ਸਾਹਮਣਾ ਕਰ ਰਹੀ ਕੈਪਟਨ ਸਰਕਾਰ ਲਈ ਦੋਹਰੀ ਮਾਰ ਦੇ ਸਾਮਾਨ ਹੈ।

ਕਈ ਕਰਮਚਾਰੀਆਂ ਨੇ ਆੜ੍ਹਤੀਆਂ ਦੇ ਨਾਲ ਬੰਨ੍ਹ ਰੱਖੇ ਹਨ ਮਹੀਨੇ
ਅਸਲ ’ਚ ਵਿਦੇਸ਼ੀ ਧਰਤੀ ਦਾ ਸਫਰ ਤੈਅ ਕਰ ਕੇ ਭਾਰਤੀ ਬਾਜ਼ਾਰਾਂ (ਪੰਜਾਬ ਸਮੇਤ ਗੁਆਂਢੀ ਰਾਜਾਂ) ਦੀਆਂ ਮੰਡੀਆਂ ਵਿਚ ਪੁੱਜਣ ਵਾਲੇ ਵਿਦੇਸ਼ੀ ਫਰੂਟਸ ਡਰੈਗਨ ਫਰੂਟ, ਕੀਵੀ, ਰਾਮ ਭੂਟਾਨ, ਲੀਚੀ, ਆਵਗਾੜੋ, ਸੀਡਲੈੱਸ ਸੰਤਰਾ, ਸੇਬ ਅਤੇ ਅੰਬ ਆਦਿ ਹਰੇਕ ਫਰੂਟ ਦੀਆਂ ਕੀਮਤਾਂ 500 ਤੋਂ ਲੈ ਕੇ 1000 ਰੁਪਏ ਪ੍ਰਤੀ ਕਿਲੋ ਤੱਕ ਰਹਿੰਦੀਆਂ ਹਨ। ਜੋ ਕਿ ਆਮ ਆਦਮੀ ਦੀ ਖਰੀਦ ਦੇ ਵੱਸ ਦੀ ਗੱਲ ਨਹੀਂ ਹੈ। ਇਨ੍ਹਾਂ ’ਤੇ ਟੈਕਸ ਬਚਾਉਣ ਲਈ ਫਰੂਟਸ ਦੇ ਕਾਰੋਬਾਰੀ ਮਾਰਕੀਟ ਕਮੇਟੀ ਦੇ ਕਰਮਚਾਰੀਆਂ ਨਾਲ ਮਿਲੀਭੁਗਤ ਕਰ ਕੇ ਚੋਰ ਦਰਵਾਜ਼ੇ ਤੋਂ ਘੱਟ ਕੀਮਤਾਂ ਦਿਖਾ ਕੇ ਜਾਂ ਫਿਰ ਬਿਨਾਂ ਰਿਕਾਰਡ ਵਿਚ ਦਿਖਾਏ ਹੀ ਵਿਕਰੀ ਕਰਨ ਵਿਚ ਲੱਗੇ ਹੋਏ ਹਨ। ਮੰਨਿਆ ਜਾ ਰਿਹਾ ਹੈ ਕਿ ਉਪਰੋਕਤ ਕਾਲੇ ਕਾਰੋਬਾਰ ਦਾ ਹਿੱਸਾ ਬਣੇ ਰਹਿਣ ਲਈ ਕਈ ਸੁਪਰਵਾਈਜ਼ਰਾਂ ਨੇ ਆੜ੍ਹਤੀਆਂ ਦੇ ਨਾਲ ਮਹੀਨੇ ਤੱਕ ਬੰਨ੍ਹ ਰੱਖੇ ਹਨ।

ਵਿਜੀਲੈਂਸ ਦੇ ਹੱਥੇ ਚੜ੍ਹ ਚੁੱਕੇ ਹਨ ਕਈ ਭ੍ਰਿਸ਼ਟ ਕਰਮਚਾਰੀ
ਕਾਬਿਲੇਗੌਰ ਹੈ ਕਿ ਰਿਸ਼ਵਤਖੋਰੀ ਦੀ ਦਲਦਲ ਵਿਚ ਗਰਦਨ ਤੱਕ ਧਸੇ ਮਾਰਕੀਟ ਕਮੇਟੀ ਦੇ ਕਈ ਭ੍ਰਿਸ਼ਟ ਕਰਮਚਾਰੀ ਵਿਜੀਲੈਂਸ ਵਿਭਾਗ ਦੇ ਹੱਥੀਂ ਚੜ੍ਹ ਚੁੱਕੇ ਹਨ। ਕੁਝ ਇਸ ਤਰ੍ਹਾਂ ਦੇ ਕਥਿਤ ਦੋਸ਼ਾਂ ਦੀ ਗਾਜ ਬੀਤੇ ਦਿਨੀਂ ਸਕੱਤਰ ਅਮਨਦੀਪ ਸੰਧੂ ਅਤੇ ਸੁਪਰਵਾਈਜ਼ਰ ਹਰੀ ਲਾਲ ਆਦਿ ’ਤੇ ਡਿੱਗ ਚੁੱਕੀ ਹੈ। ਫਿਲਹਾਲ ਮੌਜੂਦਾ ਸਮੇਂ ਵਿਚ ਮਾਰਕੀਟ ਕਮੇਟੀ ਲੁਧਿਆਣਾ ਆਦਿ ਦਫਤਰ ਵਿਚ ਡਿਊਟੀ ਕਰ ਰਹੇ ਹਨ ਪਰ ਉਪਰੋਕਤ ਮਾਮਲੇ ਵਿਚ ਹੁਣ ਵੀ ਕਈ ਕਰਮਚਾਰੀਆਂ ਨੇ ਕੋਈ ਸਬਕ ਨਹੀਂ ਲਿਆ ਅਤੇ ਅੱਜ ਵੀ ਉਹ ਸਰਕਾਰੀ ਰੈਵੇਨਿਊ ਨੂੰ ਚੂਨਾ ਲਗਾ ਕੇ ਆਪਣੀਆਂ ਜ਼ੇਬਾਂ ਗਰਮ ਕਰਨ ਦੇ ਲਈ ਸਰਗਰਮ ਹਨ।

ਸਬਜ਼ੀਆਂ ਅਤੇ ਫਲਾਂ ਦੀ ਕੁੱਲ ਖਰੀਦ ’ਤੇ 4 ਫੀਸਦੀ ਲੱਗਦੈ ਟੈਕਸ
ਹੁਣ ਜੇਕਰ ਗੱਲ ਕੀਤੀ ਜਾਵੇ ਤਾਂ ਆੜ੍ਹਤੀਆਂ ਨੂੰ ਸਬਜ਼ੀਆਂ ਅਤੇ ਫਲਾਂ ਦੀ ਕੁੱਲ ਖਰੀਦ ’ਤੇ ਸਰਕਾਰੀ ਰੈਵੇਨਿਊ ਵਿਚ 4 ਫੀਸਦੀ ਟੈਕਸ ਅਦਾ ਕਰਨ ਦੀ ਵਿਵਸਥਾ ਹੈ। ਜਿਸ ਵਿਚ 2 ਫੀਸਦੀ ਸਰਕਾਰ ਪੇਂਡੂ ਇਲਾਕਿਆਂ ਦੇ ਵਿਕਾਸ ਕਾਰਜਾਂ ’ਤੇ ਖਰਚ ਕਰਦੀ ਹੈ ਅਤੇ ਬਾਕੀ 2 ਫੀਸਦੀ ਪੰਜਾਬ ਮੰਡੀ ਬੋਰਡ ਦੇ ਖਾਤੇ ’ਚ ਜਾਂਦਾ ਹੈ। ਮਹਿੰਗੀਆਂ ਕੀਮਤਾਂ ਵਾਲੇ ਵਿਦੇਸ਼ੀ ਫਰੂਟਸ ’ਤੇ 4 ਫੀਸਦੀ ਟੈਕਸ ਦੇ ਹਿਸਾਬ ਨਾਲ ਲੱਖਾਂ ਰੁਪਏ ਅਦਾ ਕਰਨ ਦੀ ਜਗ੍ਹਾ ਆੜ੍ਹਤੀ ਵਿਭਾਗੀ ਕਰਮਚਾਰੀਆਂ ਦੇ ਨਾਲ ਹੱਥ ਮਿਲਾ ਕੇ ਜਾਂ ਤਾਂ ਮਾਲ ਦਾ ਵਜ਼ਨ ’ਚ ਘੱਟ ਦਿਖਾ ਦਿਦੇ ਹਨ ਹਨ ਜਾਂ ਫਿਰ 500 ਰੁਪਏ ਕਿਲੋ ਵਾਲੇ ਫਰੂਟ ਨੂੰ 25-30 ਰੁਪਏ ਕਿਲੋ ਦੇ ਹਿਸਾਬ ਨਾਲ ਦਿਖਾ ਕੇ ਰੈਵੇਨਿਊ ਦੀ ਚੋਰੀ ਕਰ ਲੈਂਦੇ ਹਨ। ਇਹ ਆਰਥਿਕ ਤੌਰ ’ਤੇ ਲੜਖੜਾ ਰਹੀ ਕੈਪਟਨ ਸਰਕਾਰ ਦੇ ਹੱਥੋਂ ਮੁੱਠੀ ’ਚੋਂ ਰੇਤ ਦੀ ਤਰ੍ਹਾਂ ਰੈਵੇਨਿਊ ਦੇ ਫਿਸਲਣ ਦੇ ਬਰਾਬਰ ਹੈ।

ਕੀ ਕਹਿੰਦੇ ਹਨ ਵਿਭਾਗੀ ਸਕੱਤਰ
ਉਪਰੋਕਤ ਮਾਮਲੇ ਸਬੰਧੀ ਗੱਲ ਕਰਦਿਆਂ ਸਕੱਤਰ ਮਾਰਕੀਟ ਵਿਨੋਦ ਕੁਮਾਰ ਸ਼ਰਮਾ ਨੇ ਦੱਸਿਆ ਕਿ ਬੀਤੇ ਦਿਨੀਂ ਉਨ੍ਹਾਂ ਨੇ ਜਦ ਫਰੂਟ ਮੰਡੀ ਦਾ ਦੌਰਾ ਕੀਤਾ ਤਾਂ ਉਥੇ ਕਈ ਆੜ੍ਹਤੀਆਂ ਨੇ ਆਪਣੀਆਂ ਕਿਤਾਬਾਂ ਵਿਚ ਮਾਲ ਦੀ ਕੀਮਤ ਦਾ ਬਿਓਰਾ ਦਰਜ ਨਹੀਂ ਕਰ ਰੱਖਿਆ ਸੀ। ਜਿਸ ਨੂੰ ਲੈ ਕੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਕਿਤੇ ਨਾ ਕਿਤੇ ਗੜਬੜ ਹੈ। ਸ਼ਰਮਾ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਫਲਾਂ ਅਤੇ ਸਬਜ਼ੀਆਂ ਵਿਸ਼ੇਸ਼ ਕਰ ਕੇ ਵਿਦੇਸ਼ੀ ਫਰੂਟਸ ਦੀਆਂ ਕੀਮਤਾਂ ਬਹੁਤ ਜ਼ਿਆਦਾ ਹੋਣ ਕਾਰਨ ਇਹ ਗੱਲ ਅਕਸਰ ਚਰਚਾ ਵਿਚ ਰਹਿੰਦੀ ਹੈ ਕਿ ਆੜ੍ਹਤੀ ਮਾਲ ਦੀਆਂ ਕੀਮਤਾਂ ਘੱਟ ਦੱਸ ਕੇ ਵਿਭਾਗ ਨੂੰ ਗੁੰਮਰਾਹ ਕਰਨ ਤੇ ਰੈਵੇਨਿਊ ਦੀ ਚੋਰੀ ਕਰਨ ਦੀ ਫਿਰਾਕ ਵਿਚ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਫਰੂਟ ਕਾਰੋਬਾਰੀ ਅਸੀਸ਼ ਮਾਲਕ ਦੇ ਕੇਸ ਦਰਜ ਵਿਚ ਸਾਰੇ ਪਹਿਲੂਆਂ ਨੂੰ ਬਰੀਕੀ ਨਾਲ ਖੰਗਾਲਿਆ ਜਾ ਰਿਹਾ ਹੈ।

ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਸੁਣਨ ਵਿਚ ਆ ਰਹੀਆਂ ਹਨ ਕਿ ਮਾਰਕੀਟ ਕਮੇਟੀ ਦੇ ਕਈ ਕਰਮਚਾਰੀ ਆੜ੍ਹਤੀਆਂ ਦੇ ਹੱਥਾਂ ਦੀਆਂ ਕਠਪੁਤਲੀਆਂ ਬਣ ਕੇ ਖੇਡਦੇ ਹੋਏ ਸਰਕਾਰ ਦੇ ਰੈਵੇਨਿਊ ਨੂੰ ਵੱਡਾ ਨੁਕਸਾਨ ਪਹੁੰਚਾਉਣ ਦੀ ਸਾਜ਼ਿਸ਼ ਦਾ ਹਿੱਸਾ ਬਣ ਰਹੇ ਹਨ। ਮਾਮਲੇ ਦੀ ਜਾਂਚ ਤੋਂ ਬਾਅਦ ਮੁਲਜ਼ਮ ਪਾਏ ਜਾਣ ਵਾਲੇ ਕਰਮਚਾਰੀਆਂ ਅਤੇ ਆੜ੍ਹਤੀਆਂ ਖਿਲਾਫ ਵਿਭਾਗੀ ਕਾਰਵਾਈ ਦੇ ਨਾਲ ਹੀ ਮਾਮਲੇ ਦਰਜ ਕਰਵਾਉਣ ਲਈ ਵੀ ਪੁਲਸ ਨੂੰ ਸਿਫਾਰਿਸ਼ ਕੀਤੀ ਜਾਵੇਗੀ।

ਵਿਦੇਸ਼ੀ ਫਰੂਟ ਦੀਆਂ ਕਿਸਮਾਂ ਅਤੇ ਕੀਮਤਾਂ
ਕਿਸਮ - ਕੀਮਤ ਹੋਲਸੇਲ
ਡ੍ਰੈਗਰਨ ਫਰੂਟ (ਆਸਟ੍ਰੇਲੀਆ) - 95 ਰੁਪਏ ਪ੍ਰਤੀ ਪੀਸ
ਆਵਗਾੜੋ (ਅਫਰੀਕਾ) - 800 ਰੁਪਏ ਪ੍ਰਤੀ ਕਿਲੋ
ਸੇਬ (ਯੂ. ਐੱਸ. ਏ.) - 300 ਰੁਪਏ ਪ੍ਰਤੀ ਕਿਲੋ
ਅੰਬ (ਯੂ. ਐੱਸ. ਏ.) - 400 ਰੁਪਏ ਪ੍ਰਤੀ ਕਿਲੋ
ਰਾਮ ਭੂਟਾਨ ਲੀਚੀ (ਥਾਈਲੈਂਡ) - 300 ਰੁਪਏ ਕਿਲੋ
ਸੀਡਲੈੱਸ ਸੰਤਰਾ (ਥਾਈਲੈਂਡ) - 300-350 ਰੁਪਏ ਕਿਲੋ
ਅੰਗੂਰ (ਯੂ. ਐੱਸ. ਏ. ਚਾਈਨਾ) - 350-250 ਰੁਪਏ ਕਿਲੋ
ਗੋਸ਼ਾ (ਯੂ. ਐੱਸ. ਏ.) - 250-300 ਰੁਪਏ ਕਿਲੋ


rajwinder kaur

Content Editor

Related News