ਆਈਲੈਟਸ ਵਾਲੀਆਂ ਕੁੜੀਆਂ ਨਾਲ ਕਰਵਾਇਆ ਵਿਆਹ, ਨਾ ਗਏ ਵਿਦੇਸ਼, ਨਾ ਮਿਲੀਆਂ ਘਰ ਵਾਲੀਆਂ

02/17/2020 3:26:36 PM

ਪਟਿਆਲਾ/ਬਾਰਨ (ਇੰਦਰ): ਪੰਜਾਬ ਅੰਦਰ ਅੱਜ ਨੌਜਵਾਨਾਂ ਨੂੰ ਵਿਦੇਸ਼ਾਂ ਵਿਚ ਜਾਣ ਦੀ ਹੋੜ ਜਿਹੀ ਲੱਗੀ ਹੋਈ ਹੈ। ਚਾਹੇ ਕਿਸੇ ਵੀ ਤਰੀਕੇ ਨਾਲ ਕਿਉਂ ਨਾ ਜਾਇਆ ਜਾਵੇ। ਨੌਜਵਾਨਾਂ ਵਿਚ ਵਿਦੇਸ਼ਾਂ 'ਚ ਜਾਣ ਦੀ ਇੱਛਾ ਦਿਨੋ-ਦਿਨ ਵਧਦੀ ਜਾ ਰਹੀ ਹੈ। ਵਿਦੇਸ਼ ਜਾਣ ਦੀ ਚਾਹਤ ਨੂੰ ਪੂਰਾ ਕਰਨ ਲਈ ਉਹ ਹਰ ਤਰ੍ਹਾਂ ਦਾ ਹੱਥਕੰਡਾ ਅਪਣਾਉਣ ਲਈ ਤਿਆਰ ਹੋ ਚੁੱਕੇ ਹਨ। ਕੁਝ ਲੋਕਾਂ ਦੀ ਤਾਂ ਸੋਚ ਹੀ ਅਜਿਹੀ ਬਣ ਗਈ ਹੈ ਕਿ ਭਾਵੇਂ ਕੁਝ ਵੀ ਕਰਨਾ ਪਵੇ, ਵਿਦੇਸ਼ ਜ਼ਰੂਰ ਜਾਣਾ ਹੈ। ਅਨੇਕਾਂ ਲੋਕ ਬਾਹਰ ਜਾਣ ਦੀ ਇੱਛਾ ਵਿਚ ਆਪਣੀ ਜ਼ਮੀਨ ਅਤੇ ਹੋਰ ਸਾਮਾਨ ਵੀ ਜਾਂ ਤਾਂ ਵੇਚ ਦਿੰਦੇ ਹਨ ਜਾਂ ਗਿਰਵੀ ਰੱਖ ਦਿੰਦੇ ਹਨ। ਅਕਸਰ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਕਿ ਵਿਦੇਸ਼ ਗਿਆ ਮੁੰਡਾ ਕੁੜੀ ਨੂੰ ਧੋਖਾ ਦੇ ਗਿਆ ਹੈ ਪਰ ਮੁੱਖ ਮੰਤਰੀ ਦੇ ਸ਼ਹਿਰ ਅਜਿਹੇ 4 ਮਾਮਲੇ ਸਾਹਮਣੇ ਆਏ ਹਨ, ਜਿੱਥੇ ਮੁੰਡਿਆਂ ਨੇ ਨਹੀਂ ਸਗੋਂ ਕੁੜੀਆਂ ਨੇ ਵਿਦੇਸ਼ ਲੈ ਕੇ ਜਾਣ ਦਾ ਲਾਰਾ ਲਾਇਆ। ਲੱਖਾਂ ਦੀ ਠੱਗੀ ਕੀਤੀ ਜਿਸ ਕਾਰਣ ਪੀੜਤ ਨੌਜਵਾਨ ਇਨਸਾਫ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ। ਮੁੰਡੇ ਡਿਪ੍ਰੈਸ਼ਨ ਵਿਚ ਹਨ। ਇਕ ਪੈਸਾ ਗਿਆ, ਦੂਜਾ ਬਦਨਾਮੀ ਦਾ ਡਰ।

ਪਟਿਆਲਾ ਦਿਹਾਤੀ ਅਧੀਨ ਪੈਂਦੇ ਪਿੰਡ ਬਾਰਨ, ਰਣਜੀਤ ਨਗਰ, ਓਮੈਕਸ ਸਿਟੀ ਅਤੇ ਹਸਨਪੁਰ ਨੇੜੇ ਰਹਿੰਦੇ 4 ਪਰਿਵਾਰਾਂ ਨਾਲ ਇਕੋ ਜਿਹੀ ਘਟਨਾ ਵਾਪਰੀ, ਜਿੱਥੇ ਪਰਿਵਾਰ ਵਾਲਿਆਂ ਨੇ ਆਪਣੇ ਲੜਕਿਆਂ ਨੂੰ ਵਿਦੇਸ਼ ਭੇਜਣ ਲਈ ਆਈਲੈਟਸ ਕੀਤੀਆਂ ਲੜਕੀਆਂ ਨਾਲ ਵਿਆਹ ਕੀਤਾ। ਵਿਆਹ ਤੋਂ ਥੋੜ੍ਹੇ ਸਮੇਂ ਬਾਅਦ ਉਹ ਕੁੜੀਆਂ ਵਿਦੇਸ਼ ਚਲੀਆਂ ਗਈਆਂ। ਕੁੜੀਆਂ ਨੂੰ ਵਿਦੇਸ਼ ਭੇਜਣ ਦਾ ਸਾਰਾ ਖਰਚਾ ਮੁੰਡੇ ਵਾਲਿਆਂ ਵੱਲੋਂ ਕੀਤਾ ਗਿਆ। ਅੱਜ ਲੜਕੀਆਂ ਨੂੰ ਵਿਦੇਸ਼ ਗਏ ਕਿਸੇ ਨੂੰ 2 ਅਤੇ ਕਿਸੇ ਨੂੰ 3 ਸਾਲ ਦਾ ਸਮਾਂ ਹੋ ਚੁੱਕਾ ਹੈ। ਨਾ ਹੀ ਲੜਕੀਆਂ ਵੱਲੋਂ ਕੋਈ ਫੋਨ ਕੀਤਾ ਗਿਆ ਅਤੇ ਨਾ ਹੀ ਮੁੰਡਿਆਂ ਨੂੰ ਬੁਲਾਉਣ ਸਬੰਧੀ ਕੋਈ ਕਾਗਜ਼ਾਤ ਭੇਜੇ ਗਏ। ਇਕ ਲੜਕੇ ਵਾਲਿਆਂ ਵੱਲੋਂ ਆਪਣੇ ਪਰਿਵਾਰ ਦੀ ਬਦਨਾਮੀ ਦੇ ਡਰੋਂ ਨਾ ਨਾ ਦੱਸਣ ਦੀ ਸ਼ਰਤ 'ਤੇ ਦੱਸਿਆ ਗਿਆ ਕਿ ਸਾਨੂੰ ਆਈਲੈਟਸ ਲੜਕੀ ਨੂੰ ਬਾਹਰ ਭੇਜਣ ਵਿਚ 15 ਤੋਂ 16 ਲੱਖ ਰੁਪਏ ਆੜ੍ਹਤੀਏ ਤੋਂ ਵਿਆਜੂ ਫੜ ਕੇ ਦੇਣੇ ਪਏ ਤਾਂ ਜੋ ਸਾਡਾ ਲੜਕਾ ਕਿਵੇਂ ਨਾ ਕਿਵੇਂ ਵਿਦੇਸ਼ ਜਾ ਸਕੇ। ਅੱਜ 2 ਸਾਲ ਦਾ ਸਮਾਂ ਲੰਘ ਚੁੱਕਾ ਹੈ, ਲੜਕੀ ਦਾ ਕੁੱਝ ਪਤਾ ਨਹੀਂ। ਲੜਕੀ ਪਰਿਵਾਰ ਵਾਲੇ ਵੀ ਸਾਡੇ 'ਤੇ ਇਲਜ਼ਾਮ ਲਾਈ ਜਾ ਰਹੇ ਹਨ। ਇਕ ਤਾਂ ਪੈਸਾ ਗਿਆ, ਦੂਜਾ ਸਾਡਾ ਲੜਕਾ ਡਿਪ੍ਰੈਸ਼ਨ ਵਿਚ ਚਲਾ ਗਿਆ। ਆਂਢੀ-ਗੁਆਂਢੀ ਅਤੇ ਰਿਸ਼ਤੇਦਾਰ ਮਜ਼ਾਕ ਉਡਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਉਹ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਉਣਗੇ ਤਾਂ ਜੋ ਇਨਸਾਫ ਮਿਲ ਸਕੇ।

Shyna

This news is Content Editor Shyna